Jagraon News: ਸਿਵਲ ਹਸਪਤਾਲ ਜਗਰਾਓਂ ਵਿਚ ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਡਾਕਟਰ ਜ਼ਿਆਦਾਤਰ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂ ਲੁਧਿਆਣਾ ਰੈਫਰ ਕਰ ਦਿੰਦੇ ਹਨ।
Trending Photos
Jagraon News (ਰਜਨੀਸ਼ ਬਾਂਸਲ): ਸਿਵਲ ਹਸਪਤਾਲ ਜਗਰਾਓਂ ਵਿਚ ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਡਾਕਟਰ ਜ਼ਿਆਦਾਤਰ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂ ਲੁਧਿਆਣਾ ਰੈਫਰ ਕਰ ਦਿੰਦੇ ਹਨ, ਜਿਸ ਕਰਕੇ ਮਰੀਜ਼ ਪਰੇਸ਼ਾਨ ਹੁੰਦੇ ਹਨ। ਇਸਦੇ ਨਾਲ ਹੀ ਹਸਪਤਾਲ ਵਿੱਚ ਅੱਧੀ ਦਰਜਨ ਦੇ ਕਰੀਬ ਡਾਕਟਰਾਂ ਦੀ ਵੀ ਹੀ ਕਮੀ ਹੈ।
ਸਿਵਲ ਹਸਪਤਾਲ ਜਗਰਾਓਂ ਨੂੰ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਏ ਗਰੇਡ ਦਾ ਦਰਜਾ ਪ੍ਰਾਪਤ ਹੋ ਚੁੱਕਿਆ ਹੈ ਪਰ ਉਸਦੇ ਬਾਵਜੂਦ ਵੀ ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਇਲਾਜ ਦੀ ਬਜਾਏ ਪਰੇਸ਼ਾਨੀ ਮਿਲਦੀ ਹੈ, ਕਿਉਂਕਿ ਇੱਥੇ ਆਏ ਜ਼ਿਆਦਾਤਰ ਮਰੀਜ਼ਾ ਨੂੰ ਇਥੇ ਇਲਾਜ ਲਈ ਦਾਖ਼ਲ ਕਰਨ ਦੀ ਬਜਾਏ ਡਾਕਟਰਾਂ ਵੱਲੋਂ ਜਗਰਾਓਂ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂ ਰੈਫਰ ਕਰ ਦਿੱਤਾ ਜਾਂਦਾ ਹੈ। ਜਿੱਥੇ ਜਾ ਕੇ ਮਰੀਜ਼ਾ ਨੂੰ ਮਹਿੰਗੇ ਰੇਟਾਂ ਤੇ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਮਰੀਜ਼ਾਂ ਨੇ ਦੱਸਿਆ ਕਿ ਉਹ ਆਪਣਾ ਇਲਾਜ ਕਰਵਾਉਣ ਇਥੇ ਆਏ ਸਨ ਪਰ ਉਨ੍ਹਾਂ ਨੇ ਸਕੈਨ ਟੈਸਟ ਤੱਕ ਬਾਹਰੋਂ ਕਰਵਾਉਣ ਲਈ ਭੇਜ ਦਿੱਤਾ ਹੈ ਕਿਉਂਕਿ ਇਸ ਹਸਪਤਾਲ ਵਿੱਚ ਸਕੈਨ ਤੇ ਐਕਸਰੇ ਤੱਕ ਕਰਨ ਲਈ ਇੱਥੇ ਕੋਈ ਡਾਕਟਰ ਹੀ ਨਹੀਂ ਹੈ ਅਤੇ ਡਾਕਟਰਾਂ ਦੀ ਕਮੀ ਕਾਰਨ ਇਸ ਹਸਪਤਾਲ ਵਿੱਚ ਡਾਕਟਰਾਂ ਦੇ ਕਮਰੇ ਅਕਸਰ ਬੰਦ ਪਏ ਨਜ਼ਰ ਆਉਂਦੇ ਹਨ ਤੇ ਹਸਪਤਾਲ ਵੀ ਜ਼ਿਆਦਾਤਰ ਖਾਲੀ ਪਿਆ ਰਹਿੰਦਾ ਹੈ।
ਇਸ ਤਰ੍ਹਾਂ ਆਪਣੀ ਟੁੱਟੀ ਉਂਗਲੀ ਦਾ ਇਲਾਜ ਕਰਵਾਉਣ ਆਏ ਇਕ ਮਰੀਜ਼ੀ ਨੇ ਦੱਸਿਆ ਕਿ ਉਸ ਨੂੰ ਵੀ ਐਮਰਜੈਂਸੀ ਦੇ ਡਾਕਟਰਾਂ ਨੇ ਲੁਧਿਆਣਾ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾਉਣ ਲਈ ਰੈਫਰ ਕਰ ਦਿੱਤਾ, ਕਿਉਂਕਿ ਰਾਤ ਸਮੇਂ ਇਥੇ ਕੋਈ ਡਾਕਟਰ ਇਲਾਜ ਲਈ ਮੌਜੂਦ ਨਹੀਂ ਸੀ ਅਤੇ ਉਸਨੂੰ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਕਰਵਾਉਣਾ ਪਿਆ, ਜਿਸ ਲਈ ਉਸਨੂੰ ਆਪਣੇ ਮਾਲਕਾਂ ਤੋਂ 26800 ਰੁਪਏ ਉਧਾਰੇ ਫੜ ਕੇ ਦੇਣੇ ਪਏ।
ਇਸ ਬਾਰੇ ਜਦੋਂ ਹਸਪਤਾਲ ਦੇ ਐਸਐਮਓ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਅੱਧੀ ਦਰਜਨ ਦੇ ਕਰੀਬ ਡਾਕਟਰਾਂ ਦੀ ਕਮੀ ਹੋਣ ਕਰਕੇ ਕਈ ਵਾਰ ਸਮੱਸਿਆ ਆ ਜਾਂਦੀ ਹੈ ਕਿਉਂਕਿ ਜਿਹੜੇ ਡਾਕਟਰ ਆਪਣੀ ਦਿਨ ਵੇਲੇ ਡਿਊਟੀ ਕਰਕੇ ਚਲੇ ਜਾਂਦੇ ਹਨ, ਉਨ੍ਹਾਂ ਦੀ ਥਾਂ ਉਤੇ ਰਾਤ ਨੂੰ ਡਿਊਟੀ ਕਰਨ ਲਈ ਕੋਈ ਡਾਕਟਰ ਮੌਜੂਦ ਨਹੀਂ ਹੁੰਦਾ।
ਇਸ ਹਸਪਤਾਲ ਵਿਚ ਇਸ ਸਮੇਂ ਮੈਡੀਸਨ ਦਾ ਇਕ ਵੀ ਡਾਕਟਰ ਨਹੀਂ ਹੈ ਅਤੇ ਬੱਚਿਆਂ ਦੇ ਡਾਕਟਰ, ਰੇਡੀਓਲੀਗਿਸਟ ਦੇ ਡਾਕਟਰ, ਬੱਚਿਆਂ ਦਾ ਡਾਕਟਰ, ਛਾਤੀ ਤੇ ਟੀਬੀ ਦਾ ਡਾਕਟਰ, ਲੈਬੋਟਰੀ ਡਾਕਟਰ ਤੇ ਚਮੜੀ ਦੇ ਰੋਗਾਂ ਵਾਲੇ ਡਾਕਟਰ ਦੀ ਇਸ ਹਸਪਤਾਲ ਨੂੰ ਬਹੁਤ ਲੋੜ ਹੈ ਤੇ ਉਮੀਦ ਹੈ ਕਿ ਸਰਕਾਰ ਜਲਦੀ ਹੀ ਇਸ ਕਮੀ ਨੂੰ ਪੂਰਾ ਕਰੇਗੀ।
ਇਸ ਬਾਰੇ ਜਦੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਗੋਪੀ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਇਸ ਤਰ੍ਹਾਂ ਮਰੀਜ਼ ਖੱਜਲ ਖੁਆਰ ਹੋ ਰਹੇ ਹਨ। ਇਸ ਬਾਰੇ ਉਨ੍ਹਾਂ ਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਹੈ ਅਤੇ ਡਾਕਟਰ ਇਸ ਤਰ੍ਹਾਂ ਮਰੀਜ਼ਾ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਨੂੰ ਰੈਫਰ ਕਰੀ ਜਾਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਹਲਕਾ ਵਿਧਾਇਕ ਬੀਬੀ ਮਾਣੂੰਕੇ ਦੇ ਜ਼ਰੀਏ ਪੂਰਾ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਅਤੇ ਹਸਪਤਾਲ ਵੀ ਵਿਧਾਇਕ ਸਾਹਿਬ ਨਾਲ ਜਾ ਕੇ ਪੂਰੀ ਜਾਂਚ ਕਰਵਾਉਣਗੇ ਤੇ ਜੇਕਰ ਡਾਕਟਰਾਂ ਦੀ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।