Bhawanigarh News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸੰਘਣੀ ਧੁੰਦ ਕਾਰਨ ਸਫ਼ਰ ਦੌਰਾਨ ਬਚਾਅ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਸਾਵਧਾਨੀ ਵਰਤਨੀ ਚਾਹੀਦੀ ਹੈ, ਹਰ ਕਿਸੇ ਦੀ ਜਾਨ ਬਹੁਤ ਕੀਮਤੀ ਹੈ।
Trending Photos
Bhawanigarh News: ਪੰਜਾਬ ਪੁਲਿਸ ਦਾ ਜਵਾਨ ਹਰਸ਼ਵੀਰ ਸਿੰਘ ਦੀ ਬੀਤੇ ਦਿਨੀਂ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਉਹ ਸੜਕ ਸੁਰੱਖਿਆ ਫੋਰਸ ਵਿਚ ਤਾਇਨਾਤ ਸੀ ਤੇ ਡਿਊਟੀ ਦੌਰਾਨ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ HDFC ਬੈਂਕ ਵੱਲੋਂ ਵੀ ਜੀਵਨ ਬੀਮਾ ਤਹਿਤ 1 ਕਰੋੜ ਰੁਪਏ ਅਲੱਗ ਤੋਂ ਦਿੱਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਵਾਨੀਗੜ੍ਹ ਦੇ ਬਾਲਦ ਕੈਂਚੀਆਂ ਵਿਖੇ ਬੀਤੇ ਦਿਨੀ ਬਹੁਤ ਮੰਦਭਾਗੀ ਘਟਨਾ ਵਾਪਰੀ, ਡਿਊਟੀ 'ਤੇ ਤਾਇਨਾਤ SSF ਦੇ ਮੁਲਾਜ਼ਮਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਮੁਲਾਜ਼ਮ ਹਰਸ਼ਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਜਖ਼ਮੀ ਮੁਲਾਜ਼ਮ ਮਨਦੀਪ ਸਿੰਘ ਜੋਕਿ ਜ਼ੇਰੇ ਇਲਾਜ ਹੈ। ਅਸੀਂ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹਰਸ਼ਵੀਰ ਸਿੰਘ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਪਰਿਵਾਰ ਨੂੰ ਦੇਵਾਂਗੇ ਤੇ ਨਾਲ ਹੀ HDFC ਬੈਂਕ ਵੱਲੋਂ ਵੀ ਜੀਵਨ ਬੀਮਾ ਤਹਿਤ 1 ਕਰੋੜ ਰੁਪਏ ਅਲੱਗ ਤੋਂ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸੰਘਣੀ ਧੁੰਦ ਕਾਰਨ ਸਫ਼ਰ ਦੌਰਾਨ ਬਚਾਅ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਸਾਵਧਾਨੀ ਵਰਤਨੀ ਚਾਹੀਦੀ ਹੈ, ਹਰ ਕਿਸੇ ਦੀ ਜਾਨ ਬਹੁਤ ਕੀਮਤੀ ਹੈ।
ਜ਼ਿਕਰਯੋਗ ਹੈ ਕਿ 25 ਸਾਲਾ ਕਾਂਸਟੇਬਲ ਹਰਸ਼ਵੀਰ ਸਿੰਘ ਵਾਸੀ ਦਸ਼ਮੇਸ਼ ਨਗਰ ਭਵਾਨੀਗੜ੍ਹ ਇਸ ਸਮੇਂ ਸੜਕ ਸੁਰੱਖਿਆ ਫੋਰਸ ਭਵਾਨੀਗੜ੍ਹ ਲਈ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਬੀਤੀ ਰਾਤ ਜਦੋਂ ਹਰਸ਼ਵੀਰ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਐੱਸ.ਐੱਸ.ਐੱਫ ਦੀ ਗੱਡੀ ਵਿਚ ਬੈਠਾ ਬਾਲਦ ਕੈਂਚੀਆਂ ਵਿਖੇ ਡਿਊਟੀ ਕਰ ਰਿਹਾ ਸੀ ਤਾਂ ਸਮਾਣਾ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਦੇ ਚਾਲਕ ਜੋ ਕਿ ਨਸ਼ੇ ਵਿਚ ਧੁੱਤ ਸੀ ਨੇ ਲਾਪਰਵਾਹੀ ਨਾਲ ਆਪਣੀ ਕਾਰ ਐੱਸ.ਐੱਸ.ਐੱਫ ਦੀ ਗੱਡੀ 'ਤੇ ਚੜ੍ਹਾ ਦਿੱਤੀ। ਇਸ ਹਾਦਸੇ ਦੌਰਾਨ ਡਰਾਈਵਰ ਸੀਟ 'ਤੇ ਬੈਠਾ ਹਰਸ਼ਵੀਰ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਹਰਸ਼ਵੀਰ ਸ਼ੁਰੂ ਤੋਂ ਹੀ ਵੈਂਟੀਲੇਟਰ 'ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਪਟਿਆਲਾ ਤੋਂ ਬਾਅਦ ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਸ਼ੁੱਕਰਵਾਰ ਸ਼ਨੀਵਾਰ ਦੀ ਦਰਮਿਆਨੀ ਰਾਤ ਹਰਸ਼ਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।
ਦੂਜਿਆਂ ਦੀ ਜ਼ਿੰਦਗੀਆਂ ਬਚਾਉਂਦਾ ਆਪਣੀ ਜ਼ਿੰਦਗੀ ਹਾਰ ਗਿਆ ਹਰਸ਼ਵੀਰ
ਦੱਸ ਦੇਈਏ ਕਿ ਹਰਸ਼ਵੀਰ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ ਜੋ ਹੁਣੇ-ਹੁਣੇ ਸਾਲ 2023 ਦੌਰਾਨ ਪੰਜਾਬ ਪੁਲਸ ਵਿਚ ਭਰਤੀ ਹੋਇਆ ਸੀ। ਹਰਸ਼ਵੀਰ ਦੀ ਮੌਤ ਤੋਂ ਬਾਅਦ ਪਿਤਾ ਸੁਖਬੀਰ ਸਿੰਘ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ। ਹਰਸ਼ਵੀਰ ਦੀ ਮੌਤ ਨੇ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਹਰ ਵਿਅਕਤੀ ਦੀ ਨਮ ਅੱਖ ਆਖ ਰਹੀ ਸੀ ਕਿ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਬਚਾਉਂਦਾ ਅੱਜ ਹਰਸ਼ਵੀਰ ਆਪਣੀ ਜ਼ਿੰਦਗੀ ਹਾਰ ਗਿਆ। ਦੂਜੇ ਪਾਸੇ ਸ਼ਨੀਵਾਰ ਦੁਪਹਿਰ ਹਰਸ਼ਵੀਰ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਭਵਾਨੀਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜਿੱਥੇ ਡੀ.ਐੱਸ.ਪੀ. ਰਾਹੁਲ ਕੌਸ਼ਲ ਦੀ ਅਗਵਾਈ 'ਚ ਥਾਣਾ ਭਵਾਨੀਗੜ੍ਹ ਦੇ ਇੰਚਾਰਜ ਗੁਰਨਾਮ ਸਿੰਘ ਵੱਲੋਂ ਪੁਲਸ ਟੁਕੜੀ ਸਮੇਤ ਮ੍ਰਿਤਕ ਨੂੰ ਅੰਤਿਮ ਸਲਾਮੀ ਦਿੱਤੀ।