ਸ਼ਿਵ ਸੈਨਾ ਦੇ ਲੀਡਰ ਸੁਧੀਰ ਸੂਰੀ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ਿਵ ਸੈਨਾ ਵੱਲੋਂ ਭਲਕੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।
Trending Photos
Who was Sudhir Suri? ਪੰਜਾਬ ਦੇ ਅੰਮ੍ਰਿਤਸਰ 'ਚ ਸ਼ੁਕਰਵਾਰ ਨੂੰ ਸ਼ਿਵ ਸੈਨਾ ਦੇ ਲੀਡਰ ਸੁਧੀਰ ਸੂਰੀ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਗੋਲੀ ਮਾਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸ਼ਿਵ ਸੈਨਾ ਦੇ ਸੁਧੀਰ ਸੂਰੀ ਨੂੰ ਪੰਜਾਬ 'ਚ ਕਾਫ਼ੀ ਲੋਕ ਜਾਣਦੇ ਹਨ ਪਰ ਜਿਹੜੇ ਨਹੀਂ ਜਾਣਦੇ ਉਹ ਉਨ੍ਹਾਂ ਬਾਰੇ ਇੰਟਰਨੇਟ 'ਤੇ ਜਾਣਕਾਰੀ ਲੱਭ ਰਹੇ ਹਨ।
ਜਿਸ ਮੌਕੇ ਸੁਧੀਰ ਸੂਰੀ ਦਾ ਕਤਲ ਹੋਇਆ, ਉਸ ਸਮੇਂ ਉਹ ਮੂਰਤੀਆਂ ਦੀ ਹੋ ਰਹੀ ਬੇਅਦਬੀ ਖ਼ਿਲਾਫ਼ ਗੋਪਾਲ ਮੰਦਿਰ ਦੇ ਬਾਹਰ ਧਰਨਾ ਦੇ ਰਹੇ ਸਨ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰੇ ਸ਼ਹਿਰ 'ਚ ਹੜਕੰਪ ਮੱਚ ਗਿਆ ਹੈ ਤੇ ਪੰਜਾਬ ਪੁਲਿਸ ਅਮਨ ਸ਼ਾਂਤੀ ਦੀ ਅਪੀਲ ਕਰ ਰਹੀ ਹੈ। ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਹਮਲਾਵਰ ਨੂੰ ਫੜ੍ਹ ਲਿਆ ਤੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ । ਅੰਮ੍ਰਿਤਸਰ ਦੇ ਕਮਿਸ਼ਨਰ ਆਫ਼ ਪੁਲਿਸ ਅਰੁਣ ਪਾਲ ਸਿੰਘ ਦੇ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਧੀਰ ਸੂਰੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਸੁਧੀਰ ਸੂਰੀ ਸ਼ਿਵ ਸੈਨਾ ਦੇ ਪ੍ਰਸਿੱਧ ਲੀਡਰ ਸਨ ਜਿਹੜੇ ਅਕਸਰ ਵਿਵਾਦਾਂ 'ਚ ਘਿਰੇ ਰਹਿੰਦੇ ਸਨ। ਸੂਤਰਾਂ ਮੁਤਾਬਕ ਸੁਧੀਰ ਸੂਰੀ ਗੈਂਗਸਟਰ ਦੇ ਨਿਸ਼ਾਨੇ ’ਤੇ ਸਨ। ਕੁਝ ਦਿਨ ਪਹਿਲਾਂ ਇੱਕ ਗੈਂਗਸਟਰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਸ ਨੇ ਸੁਧੀਰ ਸੂਰੀ 'ਤੇ ਹਮਲਾ ਕਰਨਾ ਸੀ ਤੇ ਇਸ ਲਈ ਉਸ ਨੇ ਸੁਧੀਰ ਦੀ ਰੇਕੀ ਵੀ ਕੀਤੀ ਸੀ।
ਦੱਸ ਦਈਏ ਕਿ ਸੁਧੀਰ ਸੂਰੀ ਇਸ ਸਾਲ ਜੁਲਾਈ 'ਚ ਇੱਕ ਵਿਸ਼ੇਸ਼ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਗ੍ਰਿਫਤਾਰ ਕੀਤੇ ਗਏ ਸਨ ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਏ ਸਨ। ਸੁਧੀਰ ਵੱਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਸੀ. ਵੀਡੀਓ ਵਿੱਚ ਉਹ ਆਪਣੇ ਸਮਰਥਕਾਂ ਨਾਲ ਇੱਕ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕਰਦੇ ਹੋਏ ਨਜ਼ਰ ਆਏ ਸਨ।