Sukhbir Singh Badal: ਸੁਖਬੀਰ ਬਾਦਲ ਨੇ ਸਾਲ 2015 ਵਿੱਚ ਬੇਅਦਬੀਆਂ ਵੇਲੇ ਮਰਹੂਮ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਗਈ ਮੁਆਫੀ ਸਬੰਧੀ ਚਿੱਠੀ ਵੀ ਅਟੈਚ ਕੀਤੀ ਗਈ।
Trending Photos
Sukhbir Singh Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਨੂੰ ਲਿਖ਼ਤੀ ਤੌਰ 'ਤੇ ਮੁਆਫ਼ੀਨਾਮਾ ਭੇਜਿਆ ਹੈ। ਇਸ ਮੁਆਫ਼ੀਨਾਮੇ ਨੂੰ ਜਨਤਕ ਵੀ ਕੀਤਾ ਗਿਆ ਹੈ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਸਾਰੇ ਮਸਲਿਆਂ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ।
ਸੁਖਬੀਰ ਬਾਦਲ ਵੱਲੋਂ ਲਿਖੀ ਗਈ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। ਇਸ ਜਥੇਬੰਦੀ ਦੀ ਸਥਾਪਨਾ ਵੀ 14 ਦਸੰਬਰ, 1920 ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਹਿਬਾਨ ਅਤੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ, ਸਰਬੱਤ ਦੇ ਭਲੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਰਹੇਗਾ।
ਜਿੱਥੋਂ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਆਗੂਆਂ ਵੱਲੋਂ ਦਿਤੀ ਗਈ ਸ਼ਿਕਾਇਤ ਦਾ ਸਬੰਧ ਹੈ, ਉਸਦੇ ਸਪੱਸ਼ਟੀਕਰਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੌਮ ਤੁਹਾਡੇ ਧਿਆਨ ਵਿੱਚ ਲਿਆਉਣਾਂ ਚਾਹੁੰਦਾ ਹਾਂ ਕਿ ਕੁਝ ਦੁਖਦਾਈ ਘਟਨਾਵਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਾਲ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਸਨ । ਇਹਨਾਂ ' ਹਿਰਦੇਵੇਧਕ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਸ. ਪਰਕਾਸ਼ ਸਿੰਘ ਜੀ ਬਾਦਲ ਤਤਕਾਲੀ ਜਥੇਦਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਕੋਲ 17 ਅਕਤੂਬਰ, 2015 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਿਜੀ ਤੌਰ 'ਤੇ ਹਾਜਰ ਹੋਏ ਸਨ। ਉਹਨਾਂ ਨੇ ਪਸ਼ਚਾਤਾਪ ਦੀ ਭਾਵਨਾ ਨਾਲ ਆਪਣੇ ਮਨ ਦੀ ਪੀੜ੍ਹਾ ਇੱਕ ਲਿਖਤੀ ਪੱਤਰ ਵਿੱਚ ਸਿੰਘ ਸਾਹਿਬ ਨੂੰ ਪੇਸ਼ ਕੀਤੀ ਸੀ ਮੈਂ ਉਸ ਪੱਤਰ ਦਾ ਉਤਾਰਾ ਹੂ-ਬ-ਹੂ ਹੇਠਾਂ ਦਰਜ ਕਰ ਰਿਹਾ ਹਾਂ।
ਸੁਖਬੀਰ ਬਾਦਲ ਨੇ ਸਾਲ 2015 ਵਿੱਚ ਬੇਅਦਬੀਆਂ ਵੇਲੇ ਮਰਹੂਮ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਗਈ ਮੁਆਫੀ ਸਬੰਧੀ ਚਿੱਠੀ ਵੀ ਅਟੈਚ ਕੀਤੀ ਗਈ। ਜਿਸ ਵਿੱਚ ਲਿਖਿਆ ਗਿਆ ਸੀ ਕਿ...ਪਿਛਲੇ ਦਿਨੀਂ ਜੋ ਘਟਨਾਕ੍ਰਮ ਵਾਪਰਿਆ ਹੈ ਉਹ ਬੇਹੱਦ ਦੁੱਖਦਾਈ ਅਤੇ ਪੀੜਾਂ ਭਰਿਆ ਹੈ। ਇਸ ਨਾਲ ਪੰਜਾਬੀ ਸਮਾਜ ਅਤੇ ਖਾਸ ਤੌਰ ਤੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਮਨਾਂ ਵਿੱਚ ਦਰਦ ਦਾ ਅਹਿਸਾਸ ਬੇਹੱਦ ਡੂੰਘਾ ਹੋਇਆ ਹੈ। ਅਣਕਿਆਸੀਆਂ, ਘਟਨਾਵਾਂ ਨਵੇਂ ਰਸਤੇ ਅਖਤਿਆਰ ਕਰ ਰਹੀਆਂ ਹਨ ਜੋ ਹੋਰ ਵੀ ਜੋਖਮ ਭਰੇ ਬਣ ਸਕਦੇ ਹਨ।
ਪੰਜਾਬ ਦਾ ਪ੍ਰਸ਼ਾਸ਼ਨਿਕ ਮੁੱਖੀ ਹੋਣ ਕਾਰਨ ਮੈਨੂੰ ਵਾਪਰ ਰਹੇ ਅਜਿਹੇ ਅਣਕਿਆਸੇ ਘਟਨਾਕ੍ਰਮ ਦਾ ਅਹਿਸਾਸ਼ ਹੈ। ਪਿਛਲੇ ਲੰਬੇ ਸਮੇ ਤੋਂ ਮੈਂ ਸੌਂਪੇ ਗਏ ਫਰਜਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸ਼ਿਖ਼ਤ ਨਾਲ ਕਰਨ ਦਾ ਯਤਨ ਕੀਤਾ ਹੈ। ਮੈਂ ਆਪਣਾ ਸਮੁੱਚਾ ਜੀਵਨ ਸਿਦਕ ਅਤੇ ਧਾਰਮਿਕ ਮਾਣਤਾਵਾਂ ਦੇ ਅਨੁਸਾਰੀ ਹੋ ਕੇ ਬਤੀਤ ਕੀਤਾ ਹੈ। ਸਿਦਕਦਿਲੀ ਨਾਲ ਆਪਣੇ ਫਰਜਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿਆਸ' ਤੋਂ ਬਾਹਰ ਹੁੰਦਾ ਹੈ। ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜ੍ਹੀ 'ਚੋਂ ਗੁਜਰਨਾ ਪੈਂਦਾ ਹੈ ਅਤੇ ਤੁਸੀਂ ਆਤਮਿਕ ਤੌਰ ਝੰਜੋੜੇ ਜਾਂਦੇ ਹੋ। ਤੁਹਾਡੇ ਅੰਦਰ ਪਛਚਾਤਾਪ ਦੀਆਂ ਭਾਵਨਾਵਾਂ ਪ੍ਰਬਲ ਹੋ ਜਾਂਦੀਆਂ ਹਨ। ਇਸ ਸਮੇਂ ਮੈਂ, ਅਜਿਹੀ ਅੰਤਰ-ਮਨ ਦੀਆਂ ਪੀੜਾ ਤੋਂ ਗੁਜਰ ਰਿਹਾ ਹਾਂ।
ਇਸ ਦਿਸ਼ਾ ਵਿੱਚ ਪਿਛਲੇ ਸਮੇ ਵਿੱਚ ਜੋ ਵੀ ਦੁਖਦਾਈ ਵਾਪਰਿਆ ਹੈ ਉਸ ਨੇ ਆਤਮਿਕ ਤੌਰ ਤੇ ਮੈਨੂੰ ਧੁਰ ਅੰਦਰ ਤੋਂ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੀਆਂ ਭਾਵਨਾਵਾਂ ਨੂੰ ਆਪਣੇ ਮਨ ਅੰਦਰ ਸਮੋਈ ਮੈਂ ਆਪਣੇ ਗੁਰੂ ਅੱਗੇ ਨਤਮਸਤਕ ਹੁੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਬਲ ਬਖਸ਼ਣ ਅਤੇ ਮਿਹਰ ਕਰਨ।
ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ...ਉਪਰੋਕਤ ਪੱਤਰ ਤੋਂ ਸਪੱਸ਼ਟ ਹੈ ਕਿ ਤਤਕਾਲੀ ਮੁੱਖ ਮੰਤਰੀ ਸਾਹਿਬ ਦੇ ਮਨ ਉਪਰ ਉਸ ਵੇਲੇ ਵਾਪਰ ਰਹੀਆਂ ਅਣਕਿਆਸੀਆਂ ਘਟਨਾਵਾਂ ਦਾ ਭਾਰੀ ਬੋਝ ਸੀ ਅਤੇ ਉਹਨਾਂ ਨੇ ਆਪਣੇ ਮਨ ਦੀ ਵੇਦਨਾ ਤਤਕਾਲੀ ਜਥੇਦਾਰ ਜੀ ਦੇ ਸਨਮੁੱਖ ਭਰੇ ਮਨ ਨਾਲ ਰੱਖੀ ਸੀ।
ਸ੍ਰੀ ਅਕਾਲ ਤਖਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ। ਸਮਰੱਥ ਗੁਰੂ ਜਾਣੀ-ਜਾਣ ਹੈ। ਤਰਕ ਤੇ ਦਲੀਲਾਂ ਉਥੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ। ਦਾਸ ਗੁਰੂ ਘਰ ਦਾ ਨਿਮਾਣਾ ਸੇਵਕ' ਹੈ। ਹਮੇਸ਼ਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ। ਮੈਂ ਬਿਨਾ ਕਿਸੇ ਸਵਾਲ-ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ। ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ, ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ 'ਤੇ ਹਾਜਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨ੍ਹਾਂ ਸ਼ਰਤ ਖਿਮਾ ਜਾਚਨਾਂ ਕਰਦਾ ਹੈ।
ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ। ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ, ਦਾਸ ਚੇਤ- ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ-ਚੁੱਕ ਲਈ ਖਿਮਾ ਦਾ ਜਾਚਕ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪ੍ਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਨਗੇ। ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ।
ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੁਆਫ਼ੀ ਦੇ ਮਸਲੇ ਸੰਬੰਧੀ ਇਸ਼ਤਿਹਾਰਾਂ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਸੀ। ਇਸ ਸੰਬੰਧ SGPC ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਭੇਜ ਦਿੱਤਾ ਗਿਆ ਹੈ।
ਜਿਸ ਵਿੱਚ ਲਿਖਿਆ ਗਿਆ ਹੈ ਕਿ 24 ਸਤੰਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਮਾਮਲੇ ਵਿਚ ਗੁਰਮਤਾਂ (ਨੰਬਰ ਅ:ਤ/3099) ਕੀਤਾ ਗਿਆ ਸੀ, ਜਿਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਹੁਕਮ ’ਤੇ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਵੱਖ-ਵੱਖ ਇਸ਼ਤਿਹਾਰ ਜਾਰੀ ਕਰਵਾਏ ਗਏ ਸਨ।
ਇਹ ਇਸ਼ਤਿਹਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਅਤੇ ਆਦੇਸ਼ ਦੇ ਸਤਿਕਾਰ, ਬੇਅਦਬੀਆਂ ਸੰਬੰਧੀ ਪਸਚਾਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਅਪੀਲ, ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਅਤੇ ਗੁਰੂ ਘਰਾਂ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਆਦਿ ਨਾਲ ਸੰਬੰਧਤ ਸਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਇਹ ਸੁਖਬੀਰ ਬਾਦਲ ਵੱਲੋਂ ਜੋ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ। ਉਸ ਸਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਫੈਸਲਾ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਮੀਟਿੰਗ ਦਾ ਹਾਲੇ ਕੋਈ ਸਮਾਂ ਨਹੀਂ ਰੱਖਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਰੱਖ ਕੇ ਇਸ ਮਾਮਲੇ ਤੇ ਫੈਸਲਾ ਸੁਣਾਇਆ ਜਾਵੇਗਾ।