Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਵਾਈਐਲ ਤੋਂ ਇਲਾਵਾ ਹੋਰ ਮੁੱਦਿਆਂ ਉੱਪਰ ਖੁੱਲ੍ਹੀ ਬਹਿਸ ਦੇ ਨਿਓਤੇ ਉੱਤੇ ਸਿਆਸਤ ਦਾ ਸਿਲਸਿਲਾ ਜਾਰੀ ਹੈ।
Trending Photos
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਵਾਈਐਲ ਤੋਂ ਇਲਾਵਾ ਹੋਰ ਮੁੱਦਿਆਂ ਉੱਪਰ ਖੁੱਲ੍ਹੀ ਬਹਿਸ ਦੇ ਨਿਓਤੇ ਉੱਤੇ ਸਿਆਸਤ ਦਾ ਸਿਲਸਿਲਾ ਜਾਰੀ ਹੈ। ਇਸ ਵਿਚਾਲੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ 1 ਨਵੰਬਰ ਨੂੰ ਖੁੱਲ੍ਹੀ ਬਹਿਸ ਹੋ ਸਕਦੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਬਹਿਸ ਲਈ ਚੁਣੌਤੀ ਦਿੱਤੀ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਬਹਿਸ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਹੋ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖੁੱਲੀ ਬਹਿਸ ਦੀ ਚੁਨੌਤੀ ਦਿੱਤੀ ਗਈ ਸੀ ਅਤੇ ਇਹ ਬਹਿਸ 1 ਨਵੰਬਰ ਪੰਜਾਬ ਦਿਵਸ ਵਾਲੇ ਦਿਨ ਰੱਖੀ ਗਈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਇਹ ਬਹਿਸ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਹਾਸਿਲ ਕੀਤੀ ਗਈ। ਹਾਲਾਂਕਿ ਇਸ ਸਬੰਧੀ ਫਿਲਹਾਲ ਕੋਈ ਨੋਟੀਫਿਕੇਸ਼ਨ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਫੋਨ ਕਰਕੇ ਜ਼ਰੂਰ ਤਰੀਕਾਂ ਬਾਰੇ ਪੁੱਛਿਆ ਗਿਆ ਹੈ ਅਤੇ ਇਕ ਤਰੀਕ ਨੂੰ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਖਾਲੀ ਦੱਸਿਆ ਜਾ ਰਿਹਾ ਹੈ। ਜਿਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦੇ ਸਹਾਇਕ ਡਾਇਰੈਕਟਰ ਡਾਕਟਰ ਟੀਐਸ ਰਿਆੜ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸਿਆਸੀ ਪ੍ਰੋਗਰਾਮ ਕਰਵਾਉਣ ਦੀ ਚਰਚਾ ਚੱਲ ਰਹੀ ਸੀ ਪਰ ਇਥੇ ਮਨਜ਼ੂਰੀ ਨਾ ਮਿਲਣ ਕਾਰਨ ਹੁਣ ਇਹ ਸਿਆਸੀ ਬਹਿਸ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਰਵਾਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਸੁਨੀਲ ਜਾਖੜ, ਸੁਖਬੀਰ ਸਿੰਘ ਬਾਦਲ, ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਨੂੰ ਬਹਿਸ ਲਈ ਸਿੱਧੀ ਚੁਣੌਤੀ ਦਿੱਤੀ ਸੀ ਉੱਥੇ ਹੁਣ ਉਨ੍ਹਾਂ ਇੱਕ ਹੋਰ ਟਵੀਟ ਕੀਤਾ ਅਤੇ ਵਿਰੋਧੀ ਧਿਰਾਂ ਦੇ ਉਕਤ ਲੀਡਰਾਂ ਨੂੰ ਕਿਹਾ ਕਿ "ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ??" ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਮਾਣਯੋਗ ਸੁਨੀਲ ਜਾਖੜ ਜੀ, ਸੁਖਬੀਰ ਬਾਦਲ ਜੀ, ਬਾਜਵਾ ਜੀ, ਰਾਜਾ ਵੜਿੰਗ ਜੀ... ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ??... ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ 'ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ., ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ 'ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ... ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ... ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ, ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ... ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ 'ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ... 1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ... ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ…"