Batala News: ਪੁਲਿਸ ਨੇ ਵਿਦੇਸ਼ ਬੈਠੇ ਦੋ ਗੈਂਗਸਟਰਾਂ ਖਿਲਾਫ਼ ਇੰਟਰਪੋਲ ਰੈੱਡ ਨੋਟਿਸ ਜਾਰੀ ਕੀਤਾ ਹੈ।
Trending Photos
Batala News: ਬਟਾਲਾ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰਾਂ ਹੁਸਨਦੀਪ ਸਿੰਘ ਅਤੇ ਪਵਿੱਤਰ ਸਿੰਘ ਖਿਲਾਫ਼ ਇੰਟਰਪੋਲ ਰੈੱਡ ਨੋਟਿਸ ਜਾਰੀ ਕੀਤਾ ਹੈ। ਦੋਵੇਂ ਅਪਰਾਧੀ ਕੈਲੀਫੋਰਨੀਆ ਪੁਲਿਸ ਦੀ ਗ੍ਰਿਫ਼ਤ 'ਚ ਹਨ ਅਤੇ ਹੁਣ ਉਨ੍ਹਾਂ ਨੂੰ ਭਾਰਤ ਲਿਆ ਕੇ ਬਟਾਲਾ ਪੁਲਿਸ ਦੇ ਹਵਾਲੇ ਕੀਤਾ ਜਾਣਾ ਹੈ। ਹੁਣ ਇਨ੍ਹਾਂ ਦੋਵੇਂ ਅਪਰਾਧੀਆਂ ਨੂੰ ਲੈ ਕੇ ਬਟਾਲਾ ਪੁਲਿਸ ਨੂੰ ਕਾਫੀ ਸਹਾਇਤਾ ਮਿਲੇਗੀ। ਪੁਲਿਸ ਅਨੁਸਾਰ ਪਵਿੱਤਰ-ਚੌੜਾ ਗਿਰੋਹ ਦੇ ਮੁੱਖ ਸਰਗਨਾ ਹਨ ਅਤੇ ਮਾਝਾ ਖੇਤਰ ਵਿੱਚ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹਨ।
ਐਸਐਸਪੀ ਬਟਾਲਾ ਸੋਹੇਲ ਕਾਸਮ ਮੀਰ ਨੇ ਦੱਸਿਆ ਕਿ ਪੰਜਾਬ ਦੇ ਮਾਝਾ ਖੇਤਰ ਵਿੱਚ ਸਰਗਰਮ ਪਵਿੱਤਰ ਚੌੜਾ ਗਿਰੋਹ ਦੇ ਸਰਗਨਾ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਸਮੇਂ ਦੌਰਾਨ ਗੈਂਗਸਟਰ ਪਵਿਤਰ ਸਿੰਘ ਦੀ ਅਗਵਾਈ 'ਚ ਇਹ ਗਿਰੋਹ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫਿਰੌਤੀ ਆਦਿ ਵਰਗੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ।
ਐਸਐਸਪੀ ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਅਪ੍ਰੈਲ 2023 ਵਿੱਚ ਪਵਿੱਤਰ ਅਤੇ ਉਸਦੇ ਨਜ਼ਦੀਕੀ ਸਾਥੀ ਹੁਸਨਦੀਪ ਸਿੰਘ, ਵਾਸੀ ਬਟਾਲਾ, ਨੂੰ ਉੱਤਰੀ ਕੈਲੀਫੋਰਨੀਆ ਵਿੱਚ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਈ ਏਜੰਸੀਆਂ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਕੈਲੀਫੋਰਨੀਆ, ਅਮਰੀਕਾ ਵਿੱਚੋਂ ਗ੍ਰਿਫਤਾਰ ਕੀਤਾ ਸੀ। ਇੰਟਰਪੋਲ ਵੱਲੋਂ ਜਾਰੀ ਕੀਤਾ ਗਿਆ ਰੈੱਡ ਨੋਟਿਸ ਬਹੁਤ ਸ਼ਕਤੀਸ਼ਾਲੀ ਹੈ, ਜੋ ਵਿਦੇਸ਼ਾਂ ਵਿੱਚ ਨਜ਼ਰਬੰਦ ਅਪਰਾਧੀਆਂ ਨੂੰ ਲੱਭਣ ਵਿੱਚ ਅੰਤਰਰਾਸ਼ਟਰੀ ਕਾਨੂੰਨ ਅਤੇ ਏਜੰਸੀਆਂ ਦੀ ਮਦਦ ਕਰਦਾ ਹੈ।
ਗੈਂਗਸਟਰ ਹੁਸਨਦੀਪ ਸਿੰਘ ਥਾਣਾ ਰੰਗੜ ਨੰਗਲ ਦੇ ਪਿੰਡ ਸ਼ਾਹਬਾਦ ਦਾ ਰਹਿਣ ਵਾਲਾ ਹੈ। ਜਦੋਂਕਿ ਪਵਿੱਤਰ ਪਿੰਡ ਚੌੜਾ ਦਾ ਰਹਿਣ ਵਾਲਾ ਹੈ। ਇਨ੍ਹਾਂ ਦੋਵਾਂ ਨੇ ਆਪਣਾ ਗਿਰੋਹ ਬਣਾ ਲਿਆ ਹੈ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਘਿਨੌਣੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਜਦੋਂਕਿ ਮੁਲਜ਼ਮਾਂ ਦੀ ਸ਼ਹਿ ’ਤੇ ਜਨਵਰੀ 2020 ਵਿੱਚ ਮਜੀਠਾ ਵਿਧਾਨ ਸਭਾ ਹਲਕੇ ਦੇ ਪਿੰਡ ਅਮਰਪੁਰਾ ਵਿੱਚ ਅਕਾਲੀ ਦਲ ਦੇ ਆਗੂ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਨਵੰਬਰ 2017 ਵਿੱਚ ਇਸ ਗਿਰੋਹ ਨੇ ਪੁਰਾਣੀ ਰੰਜਿਸ਼ ਕਾਰਨ ਡੇਰਾ ਰੋਡ ’ਤੇ ਬਟਾਲਾ ਵਾਸੀ ਸੁਖਵਿੰਦਰ ਸਿੰਘ ਉਰਫ਼ ਲਾਲਾ ਦਾ ਕਤਲ ਕਰਕੇ ਜ਼ਿੰਮੇਵਾਰੀ ਵੀ ਲਈ ਸੀ। ਗੈਂਗ ਦੇ ਸਰਗਨਾ ਪਵਿੱਤਰ ਸਿੰਘ ਦੇ ਖਿਲਾਫ ਅੰਮ੍ਰਿਤਸਰ ਜ਼ਿਲ੍ਹੇ 'ਚ ਛੇ ਅਤੇ ਗੁਰਦਾਸਪੁਰ ਜ਼ਿਲ੍ਹੇ 'ਚ ਦੋ ਮਾਮਲੇ ਦਰਜ ਹਨ। ਪਵਿੱਤਰ ਅਤੇ ਹੁਸਨਦੀਪ ਸਿੰਘ ਦੋਵੇਂ ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਫਰਾਰ ਹੋ ਗਏ ਸਨ। ਉਦੋਂ ਤੋਂ ਹੀ ਬਟਾਲਾ ਪੁਲਿਸ ਇਨ੍ਹਾਂ ਮੁਲਜ਼ਮਾਂ ਦੀ ਹਵਾਲਗੀ ਲਈ ਯਤਨਸ਼ੀਲ ਸੀ।