Moonak News: ਕੌਂਸਲ ਦਫਤਰ 'ਚ ਡੰਡੇ ਉੱਤੇ ਟੰਗੇ ਰਹਿ ਗਏ ਹਾਰ, ਨਹੀਂ ਹੋਈ ਪ੍ਰਧਾਨ ਦੀ ਚੋਣ
Advertisement
Article Detail0/zeephh/zeephh2606409

Moonak News: ਕੌਂਸਲ ਦਫਤਰ 'ਚ ਡੰਡੇ ਉੱਤੇ ਟੰਗੇ ਰਹਿ ਗਏ ਹਾਰ, ਨਹੀਂ ਹੋਈ ਪ੍ਰਧਾਨ ਦੀ ਚੋਣ

Moonak News: ਬੈਠਕ ਵਿਚ ਹਲਕਾ ਵਿਧਾਇਕ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਨਾਲ-ਨਾਲ ਨਵੇਂ ਚੁਣੇ ਮਿਊਸਪਲ ਕੌਂਸਲਰ ਮੌਜੂਦ ਸਨ। ਭਾਵੇਂ ਕਿ ਪ੍ਰਸ਼ਾਸਨ ਵੱਲੋਂ ਪ੍ਰਧਾਨਗੀ ਦੀ ਚੋਣ ਦੇ ਮਾਮਲੇ ਤੇ ਕੌਂਸਲਰਾਂ ਵਿੱਚ ਕੋਈ ਸਹਿਮਤੀ ਨਾ ਬਣਨ ਦੀ ਗੱਲ ਕਹਿ ਕੇ ਬੈਠਕ ਮੁਲਤਵੀ ਕਰਨਾ ਦੱਸਿਆ ਗਿਆ।

Moonak News: ਕੌਂਸਲ ਦਫਤਰ 'ਚ ਡੰਡੇ ਉੱਤੇ ਟੰਗੇ ਰਹਿ ਗਏ ਹਾਰ, ਨਹੀਂ ਹੋਈ ਪ੍ਰਧਾਨ ਦੀ ਚੋਣ

Moonak News(ਅਨਿਲ ਜੈਨ): ਪਿਛਲੇ ਦਿਨੀ ਨਗਰ ਪੰਚਾਇਤ ਮੂਨਕ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਅੱਜ ਜੇਤੂ ਕੌਂਸਲਰਾਂ ਨੂੰ ਸਹੁੰ ਚੁਕਵਾਉਣ ਅਤੇ ਨਗਰ ਪੰਚਾਇਤ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਕਰਨ ਸਬੰਧੀ ਚੋਣ ਕਨਵੀਨਰ ਕਮ ਉਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਦੀ ਅਗਵਾਈ ਹੇਠ ਰੱਖੀ ਗਈ ਬੈਠਕ ਸਮੂਹ ਕੌਂਸਲਰਾਂ ਨੂੰ ਸਹੁੰ ਚੁਕਵਾਉਣ ਉਪਰੰਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕੀਤੇ ਬਿਨਾਂ ਮੁਲਤਵੀ ਕਰ ਦਿੱਤੀ ਗਈ।

ਬੈਠਕ ਵਿਚ ਹਲਕਾ ਵਿਧਾਇਕ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਨਾਲ-ਨਾਲ ਨਵੇਂ ਚੁਣੇ ਮਿਊਸਪਲ ਕੌਂਸਲਰ ਮੌਜੂਦ ਸਨ। ਬੇਸ਼ੱਕ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਪੁਲਿਸ ਵੱਲੋਂ ਡੀਐਸਪੀ ਮੂਨਕ ਪਰਮਿੰਦਰ ਸਿੰਘ ਗਰੇਵਾਲ ਅਤੇ ਥਾਣਾ ਇੰਚਾਰਜ ਦੀ ਅਗਵਾਈ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਦਿਆਂ ਸੈਂਕੜੇ ਦੀ ਤਾਦਾਦ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਪ੍ਰਧਾਨਗੀ ਦੇ ਇੱਛੁਕ ਕੌਂਸਲਰਾਂ ਦੇ ਸਮਰਥਕ ਨਗਰ ਕੌਂਸਲ ਅੱਗੇ ਪਹੁੰਚੇ ਹੋਏ ਸਨ। ਭਾਵੇਂ ਕਿ ਪ੍ਰਸ਼ਾਸਨ ਵੱਲੋਂ ਪ੍ਰਧਾਨਗੀ ਦੀ ਚੋਣ ਦੇ ਮਾਮਲੇ ਤੇ ਕੌਂਸਲਰਾਂ ਵਿੱਚ ਕੋਈ ਸਹਿਮਤੀ ਨਾ ਬਣਨ ਦੀ ਗੱਲ ਕਹਿ ਕੇ ਬੈਠਕ ਮੁਲਤਵੀ ਕਰਨਾ ਦੱਸਿਆ ਗਿਆ।

2 ਵਜੇ ਸ਼ੁਰੂ ਹੋਈ ਬੈਠਕ ਵਿਚ ਕਰੀਬ ਡੇਢ ਕੁ ਘੰਟਾ ਹਾਜ਼ਰ ਰਹਿਣ ਤੋਂ ਬਾਅਦ 3.30 ਵਜੇ ਕੈਬਨਿਟ ਮੰਤਰੀ ਗੋਇਲ, ਚੋਣ ਕਨਵੀਨਰ ਐਸਡੀਐਮ ਸੂਬਾ ਸਿੰਘ‌, ਕਾਰਜ ਸਾਧਕ ਅਫਸਰ ਮੂਨਕ, 13 ਚੋਂ ਇੱਕ ਪਾਸੇ ਦੱਸੇ ਜਾ ਰਹੇ 6 ਕੌਂਸਲਰ ਦਫਤਰ ਚੋਂ ਚਲੇ ਗਏ ਪਰ ਪ੍ਰਧਾਨਗੀ ਦੀ ਮੁੱਖ ਦਾਅਵੇਦਾਰ ਪ੍ਰਭਜੋਤ ਕੌਰ ਸੇਖੋਂ ਤੋਂ ਇਲਾਵਾ ਉਨ੍ਹਾਂ ਦੇ ਛੇ ਹਮਾਇਤੀ ਕੌਂਸਲਰ ਸ਼ਾਮ 5 ਵਜੇ ਤੱਕ ਦਫਤਰ ਵਿੱਚ ਬੈਠਕੇ ਅਧਿਕਾਰੀਆਂ ਨੂੰ ਉਡੀਕਦੇ ਰਹੇ।

ਕੈਬਨਿਟ ਮੰਤਰੀ ਗੋਇਲ, ਐਸਡੀਐਮ ਅਤੇ ਹੋਰ ਅਧਿਕਾਰੀਆਂ ਦੇ ਜਾਣ ਤੋਂ ਬਾਅਦ 13 ਵਿੱਚੋਂ 7 ਕੌਂਸਲਰਾਂ ਨੇ ਅਧਿਕਾਰੀਆਂ ਉੱਪਰ ਜਾਣ ਬੁੱਝ ਕੇ ਚੋਣ ਨਾ ਕਰਵਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨਾਂ ਕੋਲ ਬਹੁਮਤ ਹੈ, ਪਰ ਜਾਣ ਬੁੱਝ ਕੇ ਚੋਣ ਨਹੀਂ ਕਰਵਾਈ ਗਈ। ਉਨਾਂ ਕਿਹਾ ਕਿ ਕੈਬਨਿਟ ਮੰਤਰੀ ਗੋਇਲ ਲਈ ਸਾਰੇ ਕੌਂਸਲਰ ਇੱਕ ਬਰਾਬਰ ਹਨ ਪਰ ਅਧਿਕਾਰੀਆਂ ਨੂੰ ਚੋਣ ਕਰਵਾਉਣੀ ਚਾਹੀਦੀ ਸੀ, ਉਨ੍ਹਾਂ ਕਿਹਾ ਕਿ ਉਹ ਸੱਤ ਦੇ ਸੱਤ ਕੌਂਸਲਰ ਇੱਕ ਪਲੇਟਫਾਰਮ ਤੇ ਇਕੱਠੇ ਹਨ।

ਚੋਣ ਕਨਵੀਨਰ ਕਮ ਉਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਨੇ ਕਿਹਾ ਕਿ ਜੇਤੂ ਕੌਂਸਲਰਾਂ ਨੂੰ ਅੱਜ ਸਹੁੰ ਚੁਕਵਾਈ ਗਈ, ਪਰ ਉਸ ਤੋਂ ਬਾਅਦ ਕਿਸੇ ਵੀ ਕੌਂਸਲਰ ਨੇ ਪ੍ਰਧਾਨਗੀ ਲਈ ਕਿਸੇ ਦਾ ਨਾਮ ਪ੍ਰਪੋਜ ਨਹੀਂ ਕੀਤਾ। ਜਿਸਦੇ ਚਲਦੇ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਨਗਰ ਪੰਚਾਇਤ ਮੂਣਕ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਲਈ ਜਲਦ ਹੀ ਦੁਬਾਰਾ ਤਾਰੀਖ ਤੈਅ ਕਰ ਦਿੱਤੀ ਜਾਵੇਗੀ।

ਨਗਰ ਕੌਂਸਲ ਕੌਂਸਲ ਮੂਨਕ ਵਿੱਚ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਪ੍ਰਧਾਨਗੀ ਦੀ ਚੋਣ ਲਈ ਰੱਖੀ ਮੀਟਿੰਗ ਵਿੱਚ ਬਤੌਰ ਚੋਣ ਕਨਵੀਨਰ ਹਾਜ਼ਰ ਐਸਡੀਐਮ ਸੂਬਾ ਸਿੰਘ ਵੱਲੋਂ ਕੌਂਸਲਰਾਂ ਚ ਪ੍ਰਧਾਨਗੀ ਦੀ ਚੋਣ ਲਈ ਸਹਿਮਤੀ ਨਾ ਹੋਣ ਦੇ ਕੀਤੇ ਦਾਅਵਿਆਂ ਦੀ ਫੂਕ ਕੱਢਦਿਆਂ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਵਾਰਡ 3 ਤੋਂ ਕੌਸਲਰ ਪ੍ਰਭਜੋਤ ਕੌਰ, 4 ਤੋਂ ਮੁਖਤਿਆਰ ਸਿੰਘ ਕੰਬੋਜ ,5 ਤੋਂ ਪਾਸੋ ਦੇਵੀ, 6 ਤੋਂ ਰਜੇਸ਼ ਕੁਮਾਰ ,7 ਤੋਂ ਸੁਮਨ ਰਾਣੀ, 8 ਤੋ ਜਸਪਾਲ ਸਿੰਘ ,9 ਤੋਂ ਮਨਪ੍ਰੀਤ ਕੌਰ ਦੀ ਹਾਜ਼ਰੀ ਵਿਚ ਕੌਂਸਲਰ ਮੁਖਤਿਆਰ ਸਿੰਘ ਕੰਬੋਜ ਨੇ ਕਿਹਾ ਕਿ ਚੋਣ ਕਨਵੀਨਰ ਵੱਲੋਂ 13 ਮੈਂਬਰਾਂ ਨੂੰ ਸਹੁੰ ਚੁਕਾਏ ਜਾਣ ਬਾਅਦ ਅਸੀਂ 7 ਕੌਂਸਲਰਾਂ ਨੇ ਇੱਕਜੁੱਟਤਾ ਨਾਲ ਵਾਰਡ ਨੰਬਰ 3 ਤੋਂ ਕੌਂਸਲਰ ਪ੍ਰਭਜੋਤ ਕੌਰ ਪਤਨੀ ਭੋਲਾ ਸਿੰਘ ਸੇਖੋਂ ਦਾ ਪ੍ਰਧਾਨਗੀ ਲਈ ਨਾਮ ਪ੍ਰਪੋਜ ਕੀਤਾ ਸੀ ਪਰ ਮੌਕੇ ਤੇ ਮੌਜੂਦ ਚੋਣ ਕਨਵੀਨਰ ਤੇ ਹੋਰ ਅਧਿਕਾਰੀਆਂ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਸਰੇ ਪਾਸੇ 6 ਕੌਂਸਲਰਾਂ ਵੱਲੋਂ ਆਪਣੇ ਵਿੱਚੋਂ ਪ੍ਰਧਾਨ ,ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਲਈ ਨਾਮ ਪ੍ਰਪੋਜ ਕੀਤੇ ਗਏ ਜਿਸ ਤੇ ਸਾਡੇ ਵੱਲੋਂ ਕੋਈ ਸਹਿਮਤੀ ਨਹੀਂ ਦਿੱਤੀ ਗਈ ਕਿਉਂਕਿ ਸਾਡੇ ਕੋਲ 13 ਚੋਂ 7 ਕੌਂਸਲਰਾਂ ਦਾ ਬਹੁਮਤ ਹੋਣ ਦੇ ਬਾਵਜੂਦ ਚੋਣ ਕਨਵੀਨਰ ਵੱਲੋਂ ਚੋਣ ਨੇਪਰੇ ਨਾ ਚਾੜਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ, ਜਿਸ ਤੋਂ ਹਰ ਕੋਈ ਜਾਣੂ ਹੈ।

ਨਗਰ ਕੌਂਸਲ ਮੂਨਕ ਦੇ 13 ਚੋਂ ਸੈਣੀ ਬਿਰਾਦਰੀ ਨਾਲ ਸਬੰਧਤ 4 ਕੌਂਸਲਰਾਂ ਚੋਂ ਵਾਰਡ 9 ਦੀ ਕੌਂਸਲਰ ਮਨਪ੍ਰੀਤ ਕੌਰ ਤੇ ਉਸਦੇ ਪਤੀ ਨੰਬਰਦਾਰ ਬਲਕਾਰ ਸਿੰਘ ਜੋ ਕਿ ਪ੍ਰਧਾਨਗੀ ਦੀ ਦਾਅਵੇਦਾਰ ਪ੍ਰਭਜੋਤ ਕੌਰ ਦੀ ਡਟਵੀਂ ਹਮਇਤ ਵਿਚ ਖੜੇ ਹਨ ਨੇ ਕਿਹਾ ਅਸੀਂ 7 ਕੌਂਸਲਰ ਪ੍ਰਭਜੋਤ ਕੌਰ ਨੂੰ ਪ੍ਰਧਾਨ ਚੁਣਨਾ ਚਾਹੁੰਦੇ ਹਾਂ ਪਰ ਪ੍ਰਸ਼ਾਸਨ ਚੋਣ ਨੂੰ ਨੇਪਰੇ ਨਹੀਂ ਚਾੜ ਰਿਹਾ, ਉਨਾਂ ਕਿਹਾ ਕਿ ਪ੍ਰਭਜੋਤ ਕੌਰ ਜੱਟ ਸਿੱਖ ਬਰਾਦਰੀ ਨਾਲ ਸਬੰਧਿਤ ਹੈ ਤੇ ਅਸੀਂ ਸੈਣੀ ਬਰਾਦਰੀ ਨਾਲ। ਉਨਾਂ ਕਿਹਾ ਕਿ ਜੇਕਰ ਪ੍ਰਭਜੋਤ ਕੌਰ ਨੂੰ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਅਸੀਂ ਉਸ ਲਈ ਸਹਿਮਤ ਹਾਂ ਤੇ ਜੇਕਰ ਸੈਣੀ ਬਰਾਦਰੀ ਚੋਂ ਪ੍ਰਧਾਨ ਚੁਣਨ ਦੀ ਗੱਲ ਆਉਂਦੀ ਹੈ ਤਾਂ ਮਨਪ੍ਰੀਤ ਕੌਰ ਨਾਲ ਵੀ ਸਾਡੇ ਧੜੇ ਦੇ ਸੱਤ ਕੌਂਸਲਰ ਸਹਿਮਤ ਹਨ। ਉਨਾਂ ਕਿਹਾ ਕਿ ਬਿਨਾਂ ਬਹੁਮਤ ਵਾਲਿਆਂ ਚੋਂ ਕਿਸੇ ਦਾ ਪ੍ਰਧਾਨਗੀ ਲਈ ਨਾ ਪ੍ਰਪੋਜ ਕਰ ਦੇਣਾ ਤੇ 13 ਚੋਂ 7 ਕੌਂਸਲਰਾਂ ਦੀ ਹਮਾਇਤ ਵਾਲੇ ਨੂੰ ਪ੍ਰਧਾਨ ਨਾ ਚੁਣਨਾ ਸ਼ਰੇਆਮ ਧੱਕਾ ਹੈ, ਅਸੀਂ ਇੱਕ ਪਾਸੇ 7 ਹਾਂ ਤੇ ਉਹ 6 ਕੌਂਸਲਰ। ਉਨਾਂ ਕਿਹਾ ਕਿ ਸਾਡੀ ਸਹਿਮਤੀ ਨੂੰ ਪ੍ਰਸ਼ਾਸਨ ਕਿਉਂ ਨਹੀਂ ਮੰਨ ਰਿਹਾ ਇਹ ਸਮਝ ਤੋਂ ਬਾਹਰ ਹੈ।

ਨਗਰ ਕੌਂਸਲ ਪ੍ਰਧਾਨਗੀ ਦੀ ਮੁੱਖ ਦਾਅਵੇਦਾਰ ਪ੍ਰਭਜੋਤ ਕੌਰ ਨੇ ਕਿਹਾ ਕਿ ਅਸੀਂ ਸੱਤ ਕੌਂਸਲਰ ਇੱਕ ਪਾਸੇ ਹਾਂ, ਵੱਡੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਹੈ, ਮੀਟਿੰਗ ਵਿੱਚ ਅਧਿਕਾਰੀਆਂ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਬਲਕਿ ਅੰਦਰ ਹੀ ਪ੍ਰਾਈਵੇਟ ਮੀਟਿੰਗ ਕਰਦੇ ਰਹੇ , ਉਨਾਂ ਕਿਹਾ ਕਿ ਅਸੀਂ ਇਹ ਵੀ ਕਿਹਾ ਕਿ ਨਗਰ ਕੌਂਸਲ ਮੂਨਕ ਦੀ ਪ੍ਰਧਾਨਗੀ ਲਈ ਅਜੇ ਤੱਕ ਕਦੇ ਵੀ ਸਿੱਖ ਬਿਰਾਦਰੀ ਨੂੰ ਮੌਕਾ ਨਹੀਂ ਮਿਲਿਆ ਮੇਰੇ ਕੋਲ ਬਹੁਮਤ ਹੈ , ਮੈਨੂੰ ਮੌਕਾ ਦਿੱਤਾ ਜਾਵੇ, ਉਨਾਂ ਕਿਹਾ ਕਿ ਮੇਰੇ ਨਾਲ ਬਹੁਮਤ ਹੋਣ ਦੇ ਬਾਵਜੂਦ 6 ਕੌਂਸਲਰਾਂ ਦੇ ਦੂਜੇ ਧੜੇ ਵੱਲੋਂ ਕਿਹਾ ਗਿਆ ਕਿ ਸੈਣੀ ਬਿਰਾਦਰੀ ਦੇ ਕੌਂਸਲਰ ਨੂੰ ਪ੍ਰਧਾਨ ਬਣਾਇਆ ਜਾਵੇ ਤਾਂ ਸਾਡਾ ਜਵਾਬ ਸੀ ਕਿ ਸਾਡੇ ਵਿੱਚ ਵੀ ਵਾਰਡ ਨੰਬਰ 9 ਦੀ ਕੌਂਸਲਰ ਮਨਪ੍ਰੀਤ ਕੌਰ ਸੈਣੀ ਬਰਾਦਰੀ ਨਾਲ ਸਬੰਧਿਤ ਹੈ ਜੇ ਤੁਹਾਡਾ ਧੜਾ ਸਹਿਮਤ ਹੁੰਦਾ ਹੈ ਤਾਂ ਮੈਂ ਮਨਪ੍ਰੀਤ ਕੌਰ ਦੀ ਪ੍ਰਧਾਨਗੀ ਲਈ ਸਹਿਮਤ ਹੋ ਜਾਵਾਂਗੀ । ਉਨਾਂ ਕਿਹਾ ਕਿ ਅਸੀਂ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਇਸ ਬਿਨਾਂ ਵਜਹਾ ਪਏ ਰੇੜਕੇ ਦਾ ਫੈਸਲਾ ਕਰ ਦਿਓ ਤਾਂ ਉਹਨਾਂ ਕਿਹਾ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ ਤੁਸੀਂ ਖੁਦ ਹੀ ਸਹਿਮਤੀ ਕਰ ਲਓ ।

ਮੈਂ ਜਿੱਥੇ ਮਰਜ਼ੀ ਹੋਵਾਂ, ਤੁਸੀਂ ਕੀ ਲੈਣਾ- ਈ ਓ

ਇਸ ਮਾਮਲੇ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਨਾਲ ਦਫਤਰ ਵਿਖੇ ਗੱਲਬਾਤ ਕਰਨੀ ਚਾਹੀ ਤਾਂ ਉਹ 3.30 ਵਜੇ ਤੋਂ ਬਾਅਦ ਦਫਤਰ ਵਿੱਚ ਮੌਜੂਦ ਨਹੀਂ ਸਨ, ਪਰ ਉਨ੍ਹਾਂ ਵਾਰ ਵਾਰ ਕਰਨ ਦੇ ਬਾਵਜੂਦ ਪੱਤਰਕਾਰਾਂ ਦਾ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ, ਜਦੋਂ ਕੌਂਸਲ ਮੁਲਾਜ਼ਮ ਦੇ ਫੋਨ ਤੇ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਸਰਕਾਰ ਦੇ ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਦਾਅਵਿਆਂ ਤੇ ਵਾਅਦਿਆਂ ਦੀਆਂ ਧੱਜੀਆਂ ਉਡਾਉਂਦਿਆਂ ਕਿਹਾ ਕਿ ਜੋ ਤੁਸੀਂ ਗੱਲ ਕਰਨੀ ਹੈ ਤਾਂ ਚੋਣ ਕਨਵੀਨਰ ਕੋਲ ਜਾਓ, ਚੋਣ ਕਨਵੀਨਰ ਹੀ ਜਵਾਬਦੇਹ ਹਨ। ਜਦੋਂ ਉਨਾਂ ਨੂੰ ਪੁੱਛਿਆ ਕਿ ਕੌਂਸਲ ਦੇ ਅਫਸਰ ਹੋਂ 3.30 ਦੇ ਕਰੀਬ ਤੁਸੀਂ ਚਲੇ ਗਏ ਸੱਤ ਕੌਂਸਲਰ ਦਫ਼ਤਰ ਬੈਠੇ ਹਨ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਹੋਰ ਵੀ ਚਾਰਜ ਹਨ, ਇਹ ਪੁੱਛਣ ਕਿ ਹੁਣ ਤੁਸੀਂ ਕਿੱਥੇ ਹੋ ਤਾਂ ਉਨਾਂ ਕਿਹਾ ਕਿ ਤੁਸੀਂ ਮੇਰੇ ਤੋਂ ਕੀ ਲੈਣਾ, ਮੈਂ ਜਿੱਥੇ ਮਰਜ਼ੀ ਹੋਵਾਂ ਤੁਹਾਨੂੰ ਸਮਝ ਨਹੀਂ ਆ ਰਿਹਾ , ਕਾਰਜ ਸਾਧਕ ਅਫਸਰ ਦੇ ਫੋਨ ਤੇ ਗੱਲਬਾਤ ਦੇ ਲਹਿਜੇ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਸਰਕਾਰ ਜਾਂ ਮੀਡੀਆ ਦੀ ਕੋਈ ਪ੍ਰਵਾਹ ਨਹੀਂ, ਨਾ ਹੀ ਉਨ੍ਹਾਂ ਨੂੰ ਸਰਕਾਰ ਜਾਂ ਉੱਚ ਅਧਿਕਾਰੀਆਂ ਦਾ ਕੋਈ ਡਰ ਹੈ। ਹੁਣ ਦੇਖਣਾ ਇਹ ਹੈ ਕਿ ਲੋਕਾਂ ਨਾਲ ਗਲਤ ਭਾਸ਼ਾ ਵਿੱਚ ਗੱਲ ਕਰਨ ਵਾਲੇ ਅਜਿਹੇ ਅਧਿਕਾਰੀਆਂ ਵਿਰੁੱਧ ਸਰਕਾਰ ਜਾਂ ਉੱਚ ਅਧਿਕਾਰੀ ਕੋਈ ਕਾਰਵਾਈ ਕਰਦੇ ਹਨ ਜਾਂ ਫਿਰ ਅਜਿਹੇ ਅਧਿਕਾਰੀਆਂ ਦੀ ਬਦੌਲਤ ਸਰਕਾਰ ਦਾ ਅਕਸ ਲੋਕਾਂ ਵਿੱਚ ਖਰਾਬ ਹੁੰਦਾ ਰਹੇਗਾ।

ਕੌਂਸਲ ਦਫਤਰ 'ਚ ਡੰਡੇ ਉੱਤੇ ਟੰਗੇ ਰਹਿ ਗਏ ਹਾਰ

ਬੀਤੇ ਦਿਨੀ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਅੱਜ ਪ੍ਰਧਾਨਗੀ ਦੇ ਦਾਅਵੇਦਾਰਾਂ, ਸ਼ਹਿਰ ਵਾਸੀਆਂ ਤੇ ਕਿਤੇ ਨਾ ਕਿਤੇ ਅਧਿਕਾਰੀਆਂ ਤੇ ਕੌਂਸਲ ਮੁਲਾਜ਼ਮਾਂ ਨੂੰ ਵੀ ਕੌਂਸਲ ਨੂੰ ਨਵਾਂ ਪ੍ਰਧਾਨ ਮਿਲਣ ਦੀ ਪੂਰਨ ਉਮੀਦ ਸੀ ਜਿਸ ਦੇ ਚੱਲਦਿਆਂ ਹੀ ਪ੍ਰਧਾਨ ਦੀ ਚੋਣ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਦਫਤਰ ਵਿੱਚ ਨਵੇਂ ਬਣੇ ਪ੍ਰਧਾਨ ਦੇ ਗਲ ਵਿੱਚ ਪਾਉਣ ਲਈ ਲਿਆਂਦੇ 15 ਦੇ ਕਰੀਬ ਹਾਰ ਮੌਕੇ ਤੇ ਉਲਝਣ ਤੋਂ ਬਚਾਉਣ ਲਈ ਬਕਾਇਦਾ ਡੰਡੇ ਵਿੱਚ ਪਾ ਕੇ ਰੱਖੇ ਸੀ ਤੇ ਬਕਾਇਦਾ ਇੱਕ ਮੁਲਾਜ਼ਮ ਕੋਲ ਬਿਠਾਇਆ ਹੋਇਆ ਸੀ ਤਾਂ ਜੋ ਮਿੰਟਾਂ ਸਕਿੰਟਾਂ ਵਿੱਚ ਇੱਕ ਬੋਲ ਤੇ ਹਾਰ ਲੈ ਕੇ ਪਹੁੰਚ ਜਾਵੇ। ਡੇਢ ਘੰਟੇ ਦੇ ਕਰੀਬ ਚੱਲੀ ਮੀਟਿੰਗ ਚ ਕੌਂਸਲਰਾਂ ਦੇ ਸਹੁੰ ਚੁੱਕਣ ਬਾਅਦ ਪ੍ਰਧਾਨਗੀ ਦੀ ਚੋਣ ਸਿਰੇ ਨਾ ਚੜਨ ਤੇ ਗਲਾਂ ਦਾ ਸ਼ਿੰਗਾਰ ਬਣਨ ਵਾਲੇ ਹਾਰ ਡੰਡੇ ਤੇ ਹੀ ਟੰਗੇ ਰਹਿ ਗਏ ਤੇ ਇਨਾਂ ਹਾਰਾਂ ਦੇ ਨੇੜੇ ਬੈਠਾ ਕੌਂਸਲ ਮੁਲਾਜ਼ਮ ਵੀ ਕਿਤੇ ਨਾ ਕਿਤੇ ਉਦਾਸ ਦਿਖਾਈ ਦਿੱਤਾ।

Trending news