Punjab News: ਸੰਘਣੀ ਧੁੰਦ 'ਚ ਹਾਈਵੇ ਉਪਰ ਹਾਦਸਿਆਂ ਤੋਂ ਬਚਣ ਲਈ ਗੱਡੀ ਚਲਾਉਂਦੇ ਸਮੇਂ ਅਪਣਾਓ ਇਹ ਢੰਗ
Advertisement
Article Detail0/zeephh/zeephh1978547

Punjab News: ਸੰਘਣੀ ਧੁੰਦ 'ਚ ਹਾਈਵੇ ਉਪਰ ਹਾਦਸਿਆਂ ਤੋਂ ਬਚਣ ਲਈ ਗੱਡੀ ਚਲਾਉਂਦੇ ਸਮੇਂ ਅਪਣਾਓ ਇਹ ਢੰਗ

Punjab News:  ਮੱਘਰ ਮਹੀਨੇ ਦੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਜ਼ਿੰਦਗੀ ਦੀ ਰਫ਼ਤਾਰ ਹੌਲੀ ਹੋਣ ਲੱਗ ਪਈ ਹੈ।

Punjab News: ਸੰਘਣੀ ਧੁੰਦ 'ਚ ਹਾਈਵੇ ਉਪਰ ਹਾਦਸਿਆਂ ਤੋਂ ਬਚਣ ਲਈ ਗੱਡੀ ਚਲਾਉਂਦੇ ਸਮੇਂ ਅਪਣਾਓ ਇਹ ਢੰਗ

Punjab News: ਮੱਘਰ ਮਹੀਨੇ ਦੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਜ਼ਿੰਦਗੀ ਦੀ ਰਫ਼ਤਾਰ ਹੌਲੀ ਹੋਣ ਲੱਗ ਪਈ ਹੈ। ਹਾਲਾਂਕਿ ਦਿਨ ਵੇਲੇ ਅਜੇ ਠੰਢ ਦਾ ਅਸਰ ਬਹੁਤਾ ਵਿਖਾਈ ਨਹੀਂ ਦੇ ਰਿਹਾ ਹੈ ਪਰ ਰਾਤ ਵੇਲੇ ਤਾਪਮਾਨ ਵਿੱਚ ਗਿਰਾਵਟ ਹੋਣ ਕਾਰਨ ਹਲਕਾ ਪਾਲ਼ਾ ਮਹਿਸੂਸ ਹੋ ਰਿਹਾ ਹੈ।

ਸਵੇਰ ਸਮੇਂ ਸੰਘਣੀ ਧੁੰਦ ਹੋਣ ਕਾਰਨ ਆਵਾਜਾਈ ਦੀ ਰਫਤਾਰ ਕਾਫੀ ਹੌਲੀ ਹੋ ਗਈ ਹੈ। ਇਸ ਦਰਮਿਆਨ ਧੁੰਦ ਕਾਰਨ ਵਿਜੀਬਿਲਟੀ ਘੱਟ ਹੋਣ ਕਾਰਨ ਡਰਾਈਵਰਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਵੱਡੀਆਂ ਸੜਕਾਂ ਉਪਰ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਬੀਤੇ ਦਿਨੀਂ ਖੰਨਾ ਵਿੱਚ ਹਾਈਵੇ ਉਪਰ ਕਈ ਵਾਹਨ ਆਪਸ ਵਿੱਚ ਟਕਰਾ ਗਏ ਸਨ। ਦੂਜੇ ਪਾਸੇ ਲੁਧਿਆਣਾ-ਚੰਡੀਗੜ੍ਹ ਰੋਡ ਉਪਰ ਨੀਲੋਂ ਕੋਲ ਕਈ ਵਾਹਨ ਆਪਸ ਵਿੱਚ ਭਿੜ ਗਏ ਸਨ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਸੀ। ਪੰਜਾਬ ਸਰਕਾਰ ਵੱਲੋਂ ਵੀ ਸਮੇਂ-ਸਮੇਂ ਉਪਰ ਐਡਵਾਇਜ਼ਰੀ ਜਾਰੀ ਕੀਤੀ ਜਾਂਦੀ ਹੈ। 
ਆਓ ਅਸੀਂ ਇਸ ਖ਼ਬਰ ਰਾਹੀਂ ਜਾਣਦੇ ਹਾਂ ਕਿ ਸੰਘਣੀ ਧੁੰਦ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਕਿਸ ਤਰ੍ਹਾਂ ਟਾਲਿਆ ਜਾ ਸਕਦਾ ਹੈ।

ਹੈੱਡਲਾਈਟ, ਟੇਲ ਲਾਈਟ, ਫੌਗ ਲਾਈਟ, ਇੰਡੀਕੇਟਰ ਤੇ ਰਿਫਲੈਕਟਰ ਸਹਿਤ ਬ੍ਰੇਕ, ਟਾਇਰ, ਵਿੰਡ ਸਕਰੀਨ ਵਾਈਪਰ, ਬੈਟਰੀ ਤੇ ਕਾਰ ਹੀਟਿੰਗ ਸਿਸਟਮ ਨੂੰ ਵੀ ਚਾਲੂ ਹਾਲਤ ਵਿਚ ਰੱਖਣ ਲਈ ਯਕੀਨੀ ਬਣਾਓ। ਜ਼ਿਆਦਾ ਧੁੰਦ ਦੀ ਚਿਤਾਵਨੀ 'ਤੇ ਯਾਤਰਾ ਨੂੰ ਮੌਸਮ ਸਾਫ ਹੋਣ ਤੱਕ ਟਾਲਣ ਦੀ ਕੋਸ਼ਿਸ਼ ਕੀਤੀ ਜਾਵੇ। ਵਾਹਨ ਚਾਲਕ ਧੁੰਦ 'ਚ ਵਾਹਨਾਂ ਨੂੰ ਲੋਅ ਬੀਮ 'ਤੇ ਚਲਾਉਣ ਕਿਉਂਕਿ ਧੁੰਦ ਦੌਰਾਨ ਹਾਈ ਬੀਮ ਕਾਰਗਰ ਨਹੀਂ ਹੁੰਦਾ। ਧੁੰਦ ਦੌਰਾਨ ਫੌਗ ਲਾਈਟਾਂ, ਗੱਡੀਆਂ ਦੀ ਨਿਰਧਾਰਤ ਸਪੀਡ ਤੇ ਵਾਹਨਾਂ ਵਿਚ ਉਚਿਤ ਦੂਰੀ ਰੱਖੀ ਜਾਵੇ ਤੇ ਸੜਕਾਂ 'ਤੇ ਅੰਕਿਤ ਸਫੇਦ ਪੱਟੀਆਂ ਨੂੰ ਇੱਕ ਮਾਰਗ ਦਰਸ਼ਕ ਦੇ ਰੂਪ 'ਚ ਧਿਆਨ 'ਚ ਰੱਖਦੇ ਹੋਏ ਵਾਹਨ ਚਲਾਏ ਜਾਣ। ਵਾਹਨਾਂ ਦੇ ਸ਼ੀਸ਼ੇ ਉਚਿਤ ਮਾਤਰਾ ਤੱਕ ਥੱਲੇ ਰੱਖੇ ਜਾਣ ਤੇ ਸੰਕਟ ਦੀ ਸਥਿਤੀ 'ਚ ਜੇਕਰ ਵਾਹਨ ਨੂੰ ਰਸਤੇ 'ਚ ਰੋਕਣਾ ਪਵੇ ਤਾਂ ਜਿਥੋਂ ਤੱਕ ਸੰਭਵ ਹੋਵੇ ਵਾਹਨ ਨੂੰ ਸੜਕ ਤੋਂ ਹੇਠਾਂ ਉਤਾਰ ਕੇ ਖੜ੍ਹਾ ਕੀਤਾ ਜਾਵੇ। ਧੁੰਦ 'ਚ ਗੱਡੀ ਚਲਾਉਂਦੇ ਹੋਏ ਗ਼ੈਰ ਜ਼ਰੂਰੀ ਓਵਰਟੇਕਿੰਗ ਨਾ ਕੀਤੀ ਜਾਵੇ, ਮਾਰਗ ਨਾ ਬਦਲਿਆ ਜਾਵੇ ਤੇ ਭੀੜ ਵਾਲੀਆਂ ਸੜਕਾਂ 'ਤੇ ਵਾਹਨ ਨੂੰ ਰੋਕਣ ਤੋਂ ਗੁਰੇਜ਼ ਕੀਤਾ ਜਾਵੇ।

ਧੁੰਦ 'ਚ ਗੱਡੀ ਚਲਾਉਂਦੇ ਸਮੇਂ ਧਿਆਨ ਦੇਣ ਯੋਗ ਗੱਲਾਂ-

ਲੋਅ ਬੀਮ 'ਤੇ ਰੱਖੋ ਹੈਡਲਾਈਟਾਂ
ਵਾਹਨ ਦੀਆਂ ਹੈੱਡਲਾਈਟਾਂ ਨੂੰ ਉਪਰ ਦੀ ਬਜਾਏ ਲੋਅ ਬੀਮ ਉਪਰ ਹੀ ਰੱਖੋ। ਅਜਿਹੀ ਸਥਿਤੀ 'ਚ ਤੁਹਾਨੂੰ ਸਾਹਮਣੇ ਤੋਂ ਆਉਂਦੀ ਗੱਡੀ ਸਾਫ਼ ਦਿਖਾਈ ਦੇਵੇਗੀ। ਇਸ ਕਾਰਨ ਸੰਘਣੀ ਧੁੰਦ ਵਿੱਚ ਹਾਦਸੇ ਤੋਂ ਬਚਿਆ ਜਾ ਸਕਦਾ ਹੈ।

ਲਾਈਨ 'ਚ ਚਲਾਓ ਵਾਹਨ 
ਜੇਕਰ ਧੁੰਦ ਸੰਘਣੀ ਹੈ ਤਾਂ ਸੜਕ ਦੇ ਖੱਬੇ ਪਾਸੇ ਵੱਲ ਦੇਖ ਕੇ ਗੱਡੀ ਚਲਾਓ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡੀ ਗੱਡੀ ਬਿਨਾਂ ਕਿਸੇ ਭਟਕਣ ਦੇ ਇੱਕ ਸਿੱਧੀ ਲਾਈਨ ਵਿੱਚ ਚਲਦੀ ਰਹੇਗੀ। ਜ਼ਿਆਦਾ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ। ਲਾਈਨ ਵਿੱਚ ਵਾਹਨ ਚਲਾਓ ਤਾਂ ਕਿ ਸਾਹਮਣੇ ਤੋਂ ਆਉਣ ਵਾਲੀ ਗੱਡੀ ਨੂੰ ਕੋਈ ਦਿੱਕਤ ਨਾ ਆਵੇ।

ਪੀਲੀ ਲਾਈਟ ਦੀ ਕਰੋ ਪਾਲਣਾ 
ਵਾਹਨ ਚਲਾਉਣ ਵਾਲੇ ਡਰਾਈਵਰ ਦੀ ਸਹੂਲਤ ਲਈ ਸੜਕਾਂ 'ਤੇ ਪੀਲੀਆਂ ਬੱਤੀਆਂ ਲਗਾਈਆਂ ਗਈਆਂ ਹਨ। ਤੁਸੀਂ ਇਸ ਦੀ ਪਾਲਣ ਕਰੋ। ਇਸ ਦੀ ਮਦਦ ਨਾਲ ਤੁਸੀਂ ਧੁੰਦ 'ਚ ਵੀ ਆਸਾਨੀ ਨਾਲ ਗੱਡੀ ਚਲਾ ਸਕਦੇ ਹੋ।

ਦੂਰੀ ਦਾ ਰੱਖੋ ਖ਼ਾਸ ਧਿਆਨ
ਧੁੰਦ ਵਿੱਚ ਦੁਰਘਟਨਾ ਤੋਂ ਬਚਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਸਾਹਮਣੇ ਵਾਲੇ ਵਾਹਨ ਤੋਂ ਇੱਕ ਨਿਸ਼ਚਿਤ ਦੂਰੀ ਬਣਾਈ ਰੱਖੋ। ਅਸਲ ਵਿੱਚ ਧੁੰਦ ਵਿੱਚ ਸੜਕਾਂ ਗਿੱਲੀਆਂ ਹੋ ਜਾਂਦੀਆਂ ਹਨ। ਇਸ ਲਈ ਇਹ ਸੰਭਵ ਹੈ ਕਿ ਜਦੋਂ ਤੱਕ ਤੁਸੀਂ ਬ੍ਰੇਕ ਲਗਾਉਂਦੇ ਹੋ, ਤੁਹਾਡੀ ਗੱਡੀ ਕਿਸੇ ਹੋਰ ਵਾਹਨ ਨਾਲ ਟਕਰਾ ਸਕਦੀ ਹੈ। ਇਸ ਲਈ ਦੂਰੀ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਇੰਡੀਕੇਟਰ ਸਮੇਂ ਉਪਰ ਦਿਓ
ਜੇਕਰ ਤੁਸੀਂ ਵਾਹਨ ਨੂੰ ਕਿਤੇ ਮੋੜਨਾ ਹੈ ਤਾਂ ਉਸ ਲਈ ਪਹਿਲਾਂ ਤੋਂ ਇੰਡੀਕੇਟਰ ਸਹੀ ਦਿਸ਼ਾ ਵਿੱਚ ਦੇਣਾ ਸ਼ੁਰੂ ਕਰ ਦਿਓ। ਬਿਲਕੁਲ ਮੋੜ ਕੋਲ ਆ ਕੇ ਇੰਡੀਕੇਟਰ ਨਾ ਜਗਾਓ। ਪਰ ਮੁੜਨ ਤੋਂ ਪਹਿਲਾਂ ਕੁਝ ਦੂਰੀ ਉਪਰ ਇੰਡੀਕੇਟਰ ਜ਼ਰੂਰ ਦਵੋ।

ਫੌਗ ਲਾਈਟਾਂ ਦੀ ਮਦਦ ਲਓ
ਸੰਘਣੀ ਧੁੰਦ ਵਿੱਚ ਹੈੱਡਲਾਈਟਾਂ ਦੇ ਨਾਲ ਫੌਗ ਦੀਆਂ ਲਾਈਟਾਂ ਨੂੰ ਚਾਲੂ ਕਰਨਾ ਨਾ ਭੁੱਲੋ। ਇਹ ਧੁੰਦ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਕੁਝ ਲੋਕ ਧੁੰਦ ਵਿੱਚ ਫੌਗ ਲਾਈਟਾਂ ਦਾ ਹੀ ਸਹਾਰਾ ਲੈਂਦੇ ਹਨ। ਇਹ ਵੀ ਗਲਤ ਹੈ। ਫੋਗ ਲਾਈਟਾਂ ਦੂਰੋਂ ਆਉਣ ਵਾਲੇ ਲੋਕਾਂ ਨੂੰ ਦਿਖਾਈ ਨਹੀਂ ਦਿੰਦੀਆਂ। ਇਸ ਲਈ ਸਿਰਫ ਹੈੱਡਲਾਈਟਾਂ ਨੂੰ ਬੰਦ ਕਰਕੇ ਫੌਗ ਲਾਈਟਾਂ ਨਾਲ ਹੀ ਕੰਮ ਨਾ ਚਲਾਓ।

ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ

ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਸੜਕਾਂ ਉਪਰ ਹਾਦਸਿਆਂ ਕਾਰਨ ਜਾ ਰਹੇ ਕੀਮਤੀ ਜਾਨਾਂ ਦੇ ਮੱਦੇਨਜ਼ਰ ਵੱਡਾ ਉਪਰਾਲਾ ਕੀਤਾ ਗਿਆ ਹੈ। 'ਰੋਡ ਸੇਫਟੀ ਫੋਰਸ' ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਪੁਲਿਸ MapMyIndia ਦੀ MapPlus ਐਪ ਦੀ ਮਦਦ ਨਾਲ ਸੜਕ ਹਾਦਸਿਆਂ ਤੇ ਹੋਰ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਇਸ ਐਪ ਰਾਹੀਂ ਵਾਹਨ ਚਾਲਕਾਂ ਨੂੰ ਕਾਫੀ ਮਦਦ ਮਿਲੇਗੀ। ਵਾਹਨ ਚਾਲਕਾਂ ਨੂੰ ਇਸ ਐਪ ਜ਼ਰੀਏ ਰੀਅਲ-ਟਾਈਮ ਟ੍ਰੈਫਿਕ ਅਪਡੇਟਸ ਤੇ ਸੁਰੱਖਿਆ ਚਿਤਾਵਨੀ ਸਬੰਧੀ ਨੋਟੀਫਿਕੇਸ਼ਨ ਮਿਲੇਗਾ। ਐੱਸਐੱਸਐੱਫ ਸੜਕ ਸੁਰੱਖਿਆ ਤੇ ਅਪਰਾਧੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਿੱਛਾ ਕਰਨ ਲਈ ਪੁਲਿਸ ਟੀਮ ਗਠਿਤ ਕੀਤੀ ਗਈ ਹੈ।

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਕਿਹਾ ਸੀ ਕਿ MapMyIndia ਨਾਲ ਮਿਲ ਕੇ ਰਾਜ ਭਰ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਨਾਗਰਿਕਾਂ, ਯਾਤਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਬਿਨਾਂ ਕਿਸੇ ਕੀਮਤ ਦੇ ਯਕੀਨੀ ਬਣਾਉਣ ਨੂੰ ਤਰਜੀਹ ਦੇਣ ਦੇ ਸਾਡੇ ਯਤਨਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਆਪਣੇ ਨਾਗਰਿਕਾਂ ਲਈ ਸੁਰੱਖਿਅਤ ਸੜਕਾਂ ਬਣਾਉਣ ਲਈ ਅਸਲ-ਸਮੇਂ ਦੀ ਜਾਣਕਾਰੀ ਤੇ ਜਨਤਕ ਭਾਗੀਦਾਰੀ ਪ੍ਰਦਾਨ ਕਰਨ ਲਈ ਉਤਸ਼ਾਹਿਤ ਹਾਂ।"

ਇਹ ਵੀ ਪੜ੍ਹੋ : Khanna Accident News: ਧੁੰਦ ਕਰਕੇ ਬੱਸ ਸਮੇਤ 25 ਤੋਂ 30 ਵਾਹਨ ਆਪਸ 'ਚ ਟਕਰਾਏ, 40 ਬੱਚੇ ਵਾਲ- ਵਾਲ ਬਚੇ

Trending news