Punjab News: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਸਹੂਲਤਾਂ ਲਈ ਵੱਡੇ ਕਦਮ ਪੁੱਟ ਰਹੀ ਹੈ। ਇਸ ਲੜੀ ਤਹਿਤ ਸੂਬਾ ਸਰਕਾਰ 10 ਦਸੰਬਰ ਨੂੰ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ।
Trending Photos
Punjab News: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਸਹੂਲਤਾਂ ਲਈ ਵੱਡੇ ਕਦਮ ਪੁੱਟ ਰਹੀ ਹੈ। ਇਸ ਲੜੀ ਤਹਿਤ ਸੂਬਾ ਸਰਕਾਰ 10 ਦਸੰਬਰ ਨੂੰ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਸ੍ਰੀ ਫਤਹਿਗੜ੍ਹ ਸਾਹਿਬ ਤੇ ਬੱਸੀ ਪਠਾਣਾਂ ਦੇ ਸਾਂਝ ਕੇਂਦਰਾਂ ਦੇ ਅਚਨਚੇਤ ਦੌਰੇ ਉਪਰ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸੁਚਾਰੂ ਤਰੀਕੇ ਤੇ ਆਸਾਨੀ ਨਾਲ ਇਹ ਸੇਵਾਵਾਂ ਮੁਹੱਈਆ ਕਰਨ ਦੇ ਮਕਸਦ ਨਾਲ ਇਹ ਕਦਮ ਪੁੱਟਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਘਰ-ਘਰ ਤੱਕ ਸੇਵਾਵਾਂ ਦੇਣ ਦੀ ਸ਼ੁਰੂਆਤ ਵਾਲੀ ਇਹ ਪਹਿਲਕਦਮੀ ਲੋਕਾਂ ਦੀ ਸਰਕਾਰੀ ਸੇਵਾਵਾਂ ਤੱਕ ਸਿੱਧੀ ਤੇ ਆਸਾਨ ਪਹੁੰਚ ਮੁਹੱਈਆ ਕਰਵਾਏਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਜਨਮ ਤੇ ਮੌਤ, ਆਮਦਨ, ਰਿਹਾਇਸ਼, ਜਾਤ ਤੇ ਪੈਨਸ਼ਨ ਦਾ ਸਰਟੀਫਿਕੇਟ, ਬਿਜਲੀ ਬਿੱਲਾਂ ਦੀ ਅਦਾਇਗੀ ਅਤੇ ਹੋਰ ਸੇਵਾਵਾਂ ਸੂਬੇ ਭਰ 'ਚ ਘਰ-ਘਰ ਤੱਕ ਮੁਹੱਈਆ ਹੋਣਗੀਆਂ।
ਸੀਐਮ ਨੇ ਕਿਹਾ ਕਿ 1076 ਨੰਬਰ ਹੈਲਪਲਾਈਨ ਉਪਰ ਫੋਨ ਕਰਕੇ ਆਪਣੀ ਸਹੂਲਤ ਮੁਤਾਬਕ ਸਮਾਂ ਦੇ ਕੇ ਇਹ ਸੇਵਾਵਾਂ ਲਈਆਂ ਜਾ ਸਕਣਗੀਆਂ। ਬਿਨੈਕਾਰ ਨੂੰ ਸਬੰਧਤ ਸੇਵਾ ਲੈਣ ਲਈ ਲੋੜੀਂਦੇ ਦਸਤਾਵੇਜ਼, ਫੀਸ ਅਤੇ ਹੋਰ ਸ਼ਰਤਾਂ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ, ਜਿਸ ਲਈ ਬਿਨੈਕਾਰ ਨੂੰ ਸੰਦੇਸ਼ ਪ੍ਰਾਪਤ ਹੋਵੇਗਾ, ਜਿਸ ਰਾਹੀਂ ਲੋੜੀਂਦੇ ਦਸਤਾਵੇਜ਼ਾਂ ਤੇ ਤਾਰੀਕ ਤੇ ਸਮੇਂ ਬਾਰੇ ਪਤਾ ਲੱਗੇਗਾ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿੱਥੇ ਸਮੇਂ ਅਨੁਸਾਰ ਵਿਸ਼ੇਸ਼ ਸਿਖਲਾਈ ਪ੍ਰਾਪਤ ਮੁਲਾਜ਼ਮ ਟੈਬਲੈੱਟ ਲੈ ਕੇ ਸਬੰਧਤ ਬਿਨੈਕਾਰ ਦੇ ਘਰ ਜਾਂ ਦਫ਼ਤਰ ਜਾਣਗੇ ਤੇ ਸਾਰੀ ਲੋੜੀਂਦੀ ਕਾਗਜ਼ੀ ਪ੍ਰਕਿਰਿਆ ਪੂਰੀ ਕਰਨਗੇ ਤੇ ਫੀਸ ਜਮ੍ਹਾਂ ਕਰਨਗੇ। ਇਸ ਤੋਂ ਇਲਾਵਾ ਬਿਨੈਕਾਰ ਨੂੰ ਪਹੁੰਚ ਰਸੀਦ ਦਿੱਤੀ ਜਾਵੇਗੀ, ਜਿਸ ਰਾਹੀਂ ਉਹ ਆਪਣੀ ਅਰਜ਼ੀ ਉਤੇ ਚੱਲ ਰਹੀ ਪ੍ਰਕਿਰਿਆ ਬਾਰੇ ਜਾਣ ਸਕੇਗਾ।
ਸੀਐਮ ਨੇ ਕਿਹਾ ਕਿ ਇਸ ਸਕੀਮ ਨਾਲ ਨਾ ਸਿਰਫ਼ ਲੋਕਾਂ ਲਈ ਸਹੂਲਤ ਵਧੇਗੀ, ਸਗੋਂ ਇਸ ਨਾਲ ਪੈਸੇ ਲੈ ਕੇ ਕੰਮ ਕਰਵਾਉਣ ਵਾਲੇ ਵਿਚੋਲਿਆਂ ਦੀ ਭੂਮਿਕਾ ਖ਼ਤਮ ਹੋਵੇਗੀ ਤੇ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਤੇ ਕਾਰਜਕੁਸ਼ਲਤਾ ਆਵੇਗੀ। ਉਨ੍ਹਾਂ ਕਿਹਾ ਕਿ ਘਰੇ ਬੈਠਿਆਂ ਇਹ ਸਹੂਲਤ ਸੇਵਾ ਕੇਂਦਰਾਂ ਜਾਂ ਸਮਰਪਿਤ 1076 ਹੈਲਪਲਾਈਨ ਨੰਬਰ ਰਾਹੀਂ 10 ਦਸੰਬਰ 2023 ਤੋਂ ਬਾਅਦ ਲਈ ਜਾ ਸਕੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲੀਅਤ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਦੇ ਰੋਜ਼ਾਨਾ ਦੇ ਪ੍ਰਸ਼ਾਸਕੀ ਕੰਮ ਆਸਾਨੀ ਨਾਲ ਨੇਪਰੇ ਚੜ੍ਹ ਸਕਣ।
ਸੀਐਮ ਨੇ ਅੱਗੇ ਕਿਹਾ ਕਿ ਸ਼ਹੀਦ ਜੋੜ ਮੇਲ ਦੌਰਾਨ ਅਕੀਦਤ ਭੇਟ ਕਰਨ ਲਈ ਫਤਹਿਗੜ੍ਹ ਸਾਹਿਬ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਧਰਤੀ ਨਾ ਸਿਰਫ਼ ਸਿੱਖਾਂ, ਸਗੋਂ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਹੈ ਤੇ ਸਾਡੇ ਵਿੱਚੋਂ ਹਰ ਕੋਈ ਹਰੇਕ ਸਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਦੀ ਸ਼ਹਾਦਤ ਅੱਗੇ ਸਿਰ ਝੁਕਾਉਣ ਲਈ ਇੱਥੇ ਪੁੱਜਦਾ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦੀ ਜੋੜ ਮੇਲ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ਉਤੇ ਇਸ ਕੰਮ ਦੀ ਨਿਗਰਾਨੀ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਕਾਰਜ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਉਤੇ ਮਾਤਾ ਗੁਜਰੀ ਜੀ ਸਮੇਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਦੀ ਸ਼ਹਾਦਤ ਨੇ ਯੁੱਗਾਂ ਤੋਂ ਪੰਜਾਬੀਆਂ ਨੂੰ ਅਨਿਆਂ, ਜਬਰ ਅਤੇ ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਨਿੱਕੀ ਉਮਰ ਵਿੱਚ ਜੋ ਮਹਾਨ ਕੁਰਬਾਨੀ ਦਿੱਤੀ ਗਈ ਹੈ, ਉਸ ਦੀ ਦੁਨੀਆ ਭਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ।
ਸੀਐਮ ਨੇ ਦੱਸਿਆ ਕਿ ਦਸੰਬਰ ਦਾ ਮਹੀਨਾ, ਜਿਸ ਦਰਮਿਆਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ, ਸਮੁੱਚੀ ਮਨੁੱਖਤਾ ਲਈ ਸੋਗ ਦਾ ਮਹੀਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ 20 ਤੋਂ 30 ਦਸੰਬਰ ਤੱਕ ਕੋਈ ਵੀ ਖੁਸ਼ੀ ਦਾ ਸਮਾਗਮ ਨਹੀਂ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਵੱਲੋਂ ਦਸਮੇਸ਼ ਪਿਤਾ ਦੇ ਪਰਿਵਾਰ ਦੀ ਮਹਾਨ ਕੁਰਬਾਨੀ ਨੂੰ ਨਿਮਾਣੀ ਜਿਹੀ ਸ਼ਰਧਾਜਲੀ ਹੋਵੇਗੀ।
ਇਹ ਵੀ ਪੜ੍ਹੋ : Ludhiana News: ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਮੁਕੰਮਲ, 2980 ਮੈਂਬਰ ਆਪਣੀ ਵੋਟ ਦੇਣਗੇ