ਸੂਬੇ ’ਚ ਇੱਕ ਵਾਰ ਫ਼ੇਰ ਗੈਂਗਵਾਰ ਹੋਣ ਦਾ ਖ਼ਤਰਾ ਵੱਧ ਗਿਆ ਹੈ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧ ’ਚ ਪੰਜਾਬ ਪੁਲਿਸ (Punjab Police) ਨੂੰ ਚਿੱਠੀ ਰਾਹੀਂ ਚੌਕਸ ਵੀ ਕੀਤਾ ਹੈ।
Trending Photos
ਚੰਡੀਗੜ੍ਹ: ਸੂਬੇ ’ਚ ਇੱਕ ਵਾਰ ਫ਼ੇਰ ਗੈਂਗਵਾਰ ਹੋਣ ਦਾ ਖ਼ਤਰਾ ਵੱਧ ਗਿਆ ਹੈ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧ ’ਚ ਪੰਜਾਬ ਪੁਲਿਸ (Punjab Police) ਨੂੰ ਚਿੱਠੀ ਰਾਹੀਂ ਚੌਕਸ ਵੀ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਡੀ. ਜੀ. ਪੀ. ਗੌਰਵ ਯਾਦਵ ਨੂੰ ਚਿੱਠੀ ਰਾਹੀਂ ਚੌਕੰਨਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਅਦਾਲਤ ’ਚ ਪੇਸ਼ੀ ਦੌਰਾਨ ਹਮਲਾ ਹੋ ਸਕਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ’ਤੇ ਜਾਨਲੇਵਾ ਹਮਲਾ ਕਰ ਸਕਦੇ ਹਨ।
ਵਕੀਲਾਂ ਜਾਂ ਅਦਾਲਤ ਦੇ ਸਟਾਫ਼ ਦੇ ਭੇਸ ’ਚ ਕੀਤਾ ਜਾ ਸਕਦਾ ਹੈ ਹਮਲਾ
ਕੇਂਦਰ ਦੇ ਗ੍ਰਹਿ ਮੰਤਰਾਲੇ ਵਲੋਂ ਭੇਜੀ ਗਈ ਇਨਪੁਟ ’ਤੇ ਦੱਸਿਆ ਗਿਆ ਹੈ ਕਿ ਸ਼ੂਟਰਾਂ ਦੁਆਰਾ ਵਕੀਲਾਂ ਜਾਂ ਅਦਾਲਤ ਦੇ ਸਟਾਫ਼ ਦੇ ਭੇਸ ’ਚ ਇਸ ਹਮਲੇ ਨੂੰ ਅੰਜਾਮ ਦੇਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਜੇਲ੍ਹ ’ਚ ਗੈਂਗਸਟਰ ਸਾਰਜ ਸਿੰਘ ਸੰਧੂ ’ਤੇ ਹਮਲੇ ਤੋਂ ਬਾਅਦ ਬੰਬੀਹਾ ਗਰੁੱਪ ਹੁਣ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲੈਣ ਲਈ ਲਾਰੈਂਸ (Lawrance Bishnoi) ਤੇ ਜੱਗੂ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ’ਚ ਹੈ।
ਬੰਬੀਹਾ ਗਰੁੱਪ ’ਤੇ ਫੇਸਬੁੱਕ ’ਤੇ ਪਾਈ ਬਦਲਾ ਲੈਣ ਸਬੰਧੀ ਪੋਸਟ
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਦਵਿੰਦਰ ਬੰਬੀਹਾ ਗਰੁੱਪ (Bambiha Group) ਦੁਆਰਾ ਪੋਸਟ ਪਾਉਂਦਿਆ ਲਿਖਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਨੇ ਜੋ ਕਿਹਾ, ਅਸੀਂ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਹਾਂ ਕਿ ਗੋਲਡੀ ਬਰਾੜ (Goldy Brar) ਤੇ ਲਾਰੈਂਸ ਨਸ਼ਾ ਵੇਚਣ ਅਤੇ ਫ਼ਿਰੌਤੀ ਲੈਣ ਦਾ ਕੰਮ ਕਰਦੇ ਹਨ। ਪੋਸਟ ’ਚ ਅੱਗੇ ਲਿਖਿਆ ਕਿ ਸਿੱਧੂ ਹੱਤਿਆ ਕਾਂਡ ’ਚ ਜਿਹੜੇ ਗਾਇਕਾਂ ਦਾ ਨਾਮ ਆਇਆ, ਜੋ ਹਾਲੇ ਤੱਕ ਗੁਪਤ ਰੱਖਿਆ ਗਿਆ ਹੈ। ਗੋਲਡੀ ਬਰਾੜ ਦਾ ਝੂਠ ਸਾਰਿਆਂ ਸਾਹਮਣੇ ਆ ਚੁੱਕਾ ਹੈ, ਇਨ੍ਹਾਂ ਗਾਇਕਾਂ ਵਲੋਂ ਹਾਲੇ ਤੱਕ ਕੋਈ ਵੀ ਤੱਥ ਪੇਸ਼ ਨਹੀਂ ਕੀਤਾ ਗਿਆ ਹੈ। ਇਨ੍ਹਾਂ ਨੇ ਬਹੁਤ ਵੱਡਾ ਪਾਪ ਕੀਤਾ ਹੈ, ਜਿਸ ਦੀ ਮੁਆਫ਼ੀ ਮੌਤ ਤੋਂ ਬਾਅਦ ਵੀ ਇਨ੍ਹਾਂ ਨੂੰ ਨਹੀਂ ਮਿਲਣੀ। ਅਸੀਂ ਸਪੱਸ਼ਟ ਕਰਦੇ ਹਾਂ ਕਿ ਸਿੱਧੂ ਦੇ ਕਾਤਲਾਂ ਤੋਂ ਬਦਲਾ ਜ਼ਰੂਰ ਲਵਾਂਗੇ, ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ।
ਕੇਂਦਰ ਦੇ ਅਲਰਟ ਤੋਂ ਬਾਅਦ ਪੰਜਾਬ ਪੁਲਿਸ ਹੋਈ ਚੌਕਸ
ਬੰਬੀਹਾ ਗਰੁੱਪ ਵਲੋਂ ਧਮਕੀ ਦਿੱਤੇ ਜਾਣ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ (Jaggu Bhagwanpuria) ਇਸ ਵੇਲੇ ਪੰਜਾਬ ਪੁਲਿਸ ਦੀ ਕਸਟੱਡੀ ’ਚ ਹਨ, ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਗੈਂਗਸਟਰ ਸੁੱਖਾ ਕਾਹਲਵਾਂ ਦੀ ਵੀ ਪੁਲਿਸ ਕਸਟੱਡੀ ’ਚ ਹੁੰਦਿਆ ਹੱਤਿਆ ਕੀਤੀ ਜਾ ਚੁੱਕੀ ਹੈ।