Champions Trophy team selection: ਸ਼ੁਭਮਨ ਗਿੱਲ ਨੇ ਅਗਸਤ 2024 ਵਿੱਚ ਸ਼੍ਰੀਲੰਕਾ ਖਿਲਾਫ ਖੇਡੀ ਗਈ ਆਖਰੀ ਵਨਡੇਅ ਸੀਰੀਜ਼ ਵਿੱਚ ਭਾਰਤ ਦੇ ਉਪ-ਕਪਤਾਨ ਦੀ ਭੂਮਿਕਾ ਨਿਭਾਈ ਸੀ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਚੈਂਪੀਅਨਸ ਟਰਾਫੀ ਟੀਮ ਦਾ ਐਲਾਨ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ।
Trending Photos
Champions Trophy team selection: ICC ਚੈਂਪੀਅਨਜ਼ ਟਰਾਫੀ ਲਈ ਚੁਣੀ ਗਈ ਭਾਰਤੀ ਟੀਮ ਨੂੰ ਲੈ ਕੇ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। BCCI ਨੇ 18 ਜਨਵਰੀ ਨੂੰ ਵਾਨਖੇੜੇ ਸਟੇਡੀਅਮ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਇਸ ਟੂਰਨਾਮੈਂਟ ਵਿੱਚ ਰੋਹਿਤ ਸ਼ਰਮਾ ਭਾਰਤ ਦੀ ਕਪਤਾਨੀ ਕਰਨਗੇ ਜਦਕਿ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਹੁਣ ਖਬਰ ਆ ਰਹੀ ਹੈ ਕਿ ਮੁੱਖ ਕੋਚ ਗੌਤਮ ਗੰਭੀਰ ਚੈਂਪੀਅਨਸ ਟਰਾਫੀ ‘ਚ ਹਾਰਦਿਕ ਪੰਡਯਾ ਨੂੰ ਉਪ ਕਪਤਾਨ ਬਣਾਉਣਾ ਚਾਹੁੰਦੇ ਸਨ।
ਦੈਨਿਕ ਜਾਗਰਣ ‘ਚ ਐਤਵਾਰ ਨੂੰ ਛਪੀ ਰਿਪੋਰਟ ਮੁਤਾਬਕ ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਆਈਸੀਸੀ ਟੂਰਨਾਮੈਂਟ ਲਈ ਹਾਰਦਿਕ ਪੰਡਯਾ ਨੂੰ ਉਪ ਕਪਤਾਨ ਬਣਾਉਣ ਦੇ ਪੱਖ ‘ਚ ਸਨ ਪਰ ਕਪਤਾਨ ਰੋਹਿਤ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਗਿੱਲ ਦੇ ਹੱਕ ‘ਚ ਸਨ। ਹਾਰਦਿਕ 2023 ਵਨਡੇਅ ਵਿਸ਼ਵ ਕੱਪ ਅਤੇ 2024 ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੇ ਉਪ-ਕਪਤਾਨ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਰੋਹਿਤ ਦੇ ਜੂਨ 2024 ਵਿੱਚ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਤੋਂ ਬਾਅਦ ਹਾਰਦਿਕ ਭਾਰਤੀ ਟੀ-20 ਟੀਮ ਦੀ ਕਮਾਨ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਸੀ, ਪਰ ਸੂਰਿਆਕੁਮਾਰ ਯਾਦਵ ਨੂੰ ਕਪਤਾਨ ਬਣਾਉਣ ਦਾ ਫੈਸਲਾ ਲਿਆ ਗਿਆ।
ਸ਼ੁਭਮਨ ਗਿੱਲ ਨੇ ਅਗਸਤ 2024 ਵਿੱਚ ਸ਼੍ਰੀਲੰਕਾ ਖਿਲਾਫ ਖੇਡੀ ਗਈ ਆਖਰੀ ਵਨਡੇਅ ਸੀਰੀਜ਼ ਵਿੱਚ ਭਾਰਤ ਦੇ ਉਪ-ਕਪਤਾਨ ਦੀ ਭੂਮਿਕਾ ਨਿਭਾਈ ਸੀ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਚੈਂਪੀਅਨਸ ਟਰਾਫੀ ਟੀਮ ਦਾ ਐਲਾਨ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗਿੱਲ ਉਪ-ਕਪਤਾਨ ਸਨ ਅਤੇ ਇਸੇ ਲਈ ਉਨ੍ਹਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਗੰਭੀਰ ਚਾਹੁੰਦੇ ਸਨ ਕਿ ਸੰਜੂ ਸੈਮਸਨ ਨੂੰ ਭਾਰਤ ਦੀ ਚੈਂਪੀਅਨਸ ਟਰਾਫੀ ਟੀਮ ‘ਚ ਵਿਕਟਕੀਪਰ-ਬੱਲੇਬਾਜ਼ ਦੇ ਤੌਰ ‘ਤੇ ਸ਼ਾਮਲ ਕੀਤਾ ਜਾਵੇ ਪਰ ਰੋਹਿਤ ਅਤੇ ਅਗਰਕਰ ਰਿਸ਼ਭ ਪੰਤ ਨੂੰ ਚਾਹੁੰਦੇ ਸਨ।
ਸੰਜੂ ਸੈਮਸਨ ਸਨ ਗੰਭੀਰ ਦੀ ਪਸੰਦ
2024 ਵਿੱਚ ਸੈਮਸਨ ਇੱਕ ਕੈਲੰਡਰ ਸਾਲ ਵਿੱਚ ਤਿੰਨ ਟੀ-20 ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣੇ। ਭਾਰਤ ਨੇ ਆਖਰੀ ਵਾਰ 21 ਦਸੰਬਰ 2023 ਨੂੰ ਦੱਖਣੀ ਅਫਰੀਕਾ ਦੇ ਖਿਲਾਫ ਵਨਡੇਅ ਖੇਡਿਆ ਸੀ, ਜਿਸ ਵਿੱਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਸੈਮਸਨ ਨੇ 108 ਦੌੜਾਂ ਦੀ ਪਾਰੀ ਖੇਡੀ ਸੀ। ਚੋਣਕਾਰਾਂ ਅਤੇ ਕਪਤਾਨ ਨੇ ਚੈਂਪੀਅਨਜ਼ ਟਰਾਫੀ ਟੀਮ ਵਿੱਚ ਕੇਐਲ ਰਾਹੁਲ ਦੇ ਨਾਲ ਰਿਸ਼ਭ ਪੰਤ ਨੂੰ ਵਿਕਟਕੀਪਰ ਵਜੋਂ ਚੁਣਿਆ ਹੈ।
ਚੈਂਪੀਅਨਸ ਟਰਾਫੀ 2025 ਲਈ ਭਾਰਤ ਦੀ ਟੀਮ:
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।