Rajpura News: ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਾਲਾ ਕਲਾਂ ਵਿੱਚ ਨਵਾਂ ਬਣ ਰਿਹਾ ਪੁਲ ਅਗਲੇ ਦੋ ਦਿਨਾਂ ਅੰਦਰ ਚਾਲੂ ਕਰ ਦਿੱਤਾ ਜਾਵੇਗਾ, ਇਸ ਪੁਲ ਦੇ ਚੱਲਣ ਨਾਲ ਟਰੈਫ਼ਿਕ ਦੀ ਸਮੱਸਿਆ ਹੱਲ ਹੋ ਜਾਵੇਗੀ।
Trending Photos
Rajpura News: ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੇਰੇ ਅਚਨਚੇਤ ਰਾਜਪੁਰਾ ਸਬ ਡਵੀਜ਼ਨ ਦੇ ਪਿੰਡ ਸਰਾਲਾ ਕਲਾਂ ਅਤੇ ਨਾਲ ਲੱਗਦੇ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ ਤੇ ਭਾਰੀ ਟਰੈਫ਼ਿਕ ਕਾਰਨ ਟੁੱਟੀਆਂ ਸੜਕਾਂ ਦਾ ਪੈਦਲ ਚੱਲਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ 19 ਕਰੋੜ ਰੁਪਏ ਦੀ ਲਾਗਤ ਨਾਲ ਘਨੌਰ ਖੇਤਰ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪੀ.ਡਬਲਿਊ.ਡੀ, ਪੰਜਾਬ ਮੰਡੀ ਬੋਰਡ, ਪੰਚਾਇਤੀ ਰਾਜ ਤੇ ਬੀ.ਐਮ.ਐਲ ਦੇ ਅਧਿਕਾਰੀਆਂ ਨੂੰ ਆਪਣੇ ਅਧੀਨ ਪੈਂਦੀਆਂ ਸੜਕਾਂ ਤੇ ਪੁਲਾਂ ਦੀ ਮੁਰੰਮਤ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਪਿੰਡ ਸਰਾਲਾ ਕਲਾ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਤੱਕ ਪਹੁੰਚ ਬਣਾਉਣ ਲਈ ਚਲਾਏ 'ਆਪ ਦੀ ਸਰਕਾਰ ਆਪ ਦੇ ਦੁਆਰ' ਪ੍ਰੋਗਰਾਮ ਤਹਿਤ ਅੱਜ ਉਹ ਪਿੰਡ ਸਰਾਲਾ ਕਲਾਂ ਦੇ ਵਸਨੀਕਾਂ ਕੋਲ ਪੁੱਜੇ ਹਨ ਤੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ 'ਤੇ ਨਿਰਦੇਸ਼ ਦਿੱਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਪੰਚਾਇਤ ਵਿਭਾਗ ਨੂੰ ਸਰਾਲਾ ਕਲਾਂ ਦੇ ਟੋਭੇ ਨੂੰ ਡੂੰਘਾ ਕਰਨ, ਪੀ.ਡਬਲਿਊ.ਡੀ ਨੂੰ ਪਿੰਡ ਸਰਾਲਾ ਖੁਰਦ ਤੋਂ ਸਰਾਲਾ ਕਲਾਂ ਨੂੰ ਆਉਂਦੀ ਸੜਕ ਦੀ ਮੁਰੰਮਤ ਅਤੇ ਬਰਮਾ ਦੀ ਸਫ਼ਾਈ ਹਫ਼ਤੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਬੀ.ਐਮ.ਐਲ ਦੇ ਅਧਿਕਾਰੀਆਂ ਨੂੰ ਸਰਾਲਾ ਹੈਡ ਦੇ ਪੁਲ ਦੇ ਪਾਸੇ ਤੁਰੰਤ ਮਜ਼ਬੂਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਰਾਲਾ ਕਲਾਂ ਵਿੱਚ ਨਵਾਂ ਬਣ ਰਿਹਾ ਪੁਲ ਅਗਲੇ ਦੋ ਦਿਨਾਂ ਅੰਦਰ ਚਾਲੂ ਕਰ ਦਿੱਤਾ ਜਾਵੇਗਾ, ਇਸ ਪੁਲ ਦੇ ਚੱਲਣ ਨਾਲ ਟਰੈਫ਼ਿਕ ਦੀ ਸਮੱਸਿਆ ਹੱਲ ਹੋ ਜਾਵੇਗੀ।
ਸਿਹਤ ਮੰਤਰੀ ਨੇ ਦੱਸਿਆ ਕਿ 19 ਕਰੋੜ ਰੁਪਏ ਦੀ ਲਾਗਤ ਨਾਲ ਘਨੌਰ ਖੇਤਰ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਜਿਸ ਤਹਿਤ ਊਂਟਸਰ ਤੋਂ ਲੋਹਸਿੰਬਲੀ ਵਾਲੀ 5.44 ਕਿਲੋਮੀਟਰ ਸੜਕ 'ਤੇ 6 ਕਰੋੜ 28 ਲੱਖ ਰੁਪਏ, ਅੰਬਾਲਾ ਤੋਂ ਪਟਿਆਲਾ ਆਉਣ ਵਾਲੀ ਕਪੂਰੀ-ਲੋਹਸਿੰਬਲੀ ਵਾਲੀ 17.50 ਕਿਲੋਮੀਟਰ ਲੰਬੀ ਸੜਕ 'ਤੇ ਕਰੀਬ 12 ਕਰੋੜ ਰੁਪਏ, ਸਰਾਲਾ ਕਲਾਂ ਤੋਂ ਹਰਿਆਣਾ ਬਾਰਡਰ ਨਾਲ ਲੱਗਦੀ ਲਿੰਕ ਸੜਕ ਦੇ 1.13 ਕਿਲੋਮੀਟਰ ਨੂੰ ਬਣਾਉਣ 'ਤੇ 1.15 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਨੂੰ ਮਿਥੇ ਸਮੇਂ 'ਚ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਸਰਾਲਾ ਕਲਾਂ ਦੇ ਟੋਭੇ ਨੂੰ ਡੂੰਘਾ ਕਰਨ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਸਰਵਪੱਖੀ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਪੀ.ਡਬਲਿਊ.ਡੀ ਵਿਭਾਗ ਨੂੰ ਫਿੱਕੀਆਂ ਪੈ ਚੁੱਕੀਆਂ ਸੜਕਾਂ ਦੀਆਂ ਚਿੱਟੀਆਂ ਪੱਟੀਆਂ ਨੂੰ ਤੁਰੰਤ ਦੁਬਾਰਾ ਲਗਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਧੁੰਦ ਦੇ ਮੌਸਮ ਵਿੱਚ ਚਿੱਟੀ ਪੱਟੀ ਨਾ ਹੋਣ ਕਾਰਨ ਸੜਕੀ ਹਾਦਸੇ ਹੋਣ ਦਾ ਖਤਰਾਂ ਰਹਿੰਦਾ ਹੈ, ਇਸ ਲਈ ਜਿਹੜੀਆਂ ਸੜਕਾਂ 'ਤੇ ਚਿੱਟੀਆਂ ਪੱਟੀਆਂ ਨਹੀਂ ਹਨ, ਉਥੇ ਤੁਰੰਤ ਲਗਵਾਈਆਂ ਜਾਣ।
ਇਸ ਮੌਕੇ ਐਸ.ਪੀ. ਰਾਜੇਸ਼ ਛਿੱਬਰ, ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ, ਐਸ.ਡੀ.ਐਮ. ਦੁਧਨਸਾਧਾਂ ਕ੍ਰਿਪਾਲਬੀਰ ਸਿੰਘ, ਐਕਸੀਅਨ ਨਵੀਨ ਮਿੱਤਲ, ਡੀ.ਡੀ.ਪੀ.ਓ ਸ਼ਵਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।