ਉੱਤਰਾਖੰਡ ਦੀਆਂ ਪਹਾੜੀਆਂ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 5 ਮਹੀਨਿਆਂ ਬਾਅਦ ਬਰਫਬਾਰੀ ਕਾਰਨ ਬੰਦ ਕਰ ਦਿੱਤੇ ਗਏ ਹਨ। ਇਸ ਵਾਰ ਤਕਰੀਬਨ ਢਾਈ ਲੱਖ ਦੇ ਕਰੀਬ ਸ਼ਰਧਾਲੂਆਂ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ। ਹੁਣ ਇਹ ਯਾਤਰਾ ਅਗਲੇ ਸਾਲ ਮਈ ਮਹੀਨੇ ਵਿੱਚ ਸ਼ੁਰੂ ਕੀਤੀ ਜਾਵੇਗੀ।
Trending Photos
ਚੰਡੀਗੜ੍ਹ- ਉੱਤਰਾਖੰਡ ਵਿੱਚ ਸਥਿਤ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਪ-ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਗਏ ਹਨ। ਭਾਰੀ ਬਰਫਬਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਚਿੱਟੀ ਚਾਦਰ ਵਾਂਗ ਢੱਕਿਆ ਗਿਆ ਹੈ। ਬਰਫਬਾਰੀ ਕਾਰਨ ਯਾਤਰਾ ਪ੍ਰਭਾਵਿਤ ਹੋਣ ਤੇ ਸੰਗਤਾਂ ਨੂੰ ਮੁਸ਼ਕਿਲਾਂ ਆਉਣ ਕਾਰਨ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਯਾਤਰਾ ਨੂੰ ਬੰਦ ਕਰ ਦਿੱਤਾ ਗਿਆ ਹੈ। ਯਾਤਰਾ ਦੇ ਆਖਰੀ ਦਿਨ ਵੀ ਤਕਰੀਬਨ 1500 ਸੰਗਤਾਂ ਇਸ ਅਸਥਾਨ 'ਤੇ ਨਤਮਸਤਕ ਹੋਈਆ। ਕਿਵਾੜ ਬੰਦ ਕਰਨ ਤੋਂ ਪਹਿਲਾ ਆਖਰੀ ਦਿਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਹੋਇਆ ਤੇ ਉਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੰਗਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਥੱਲੇ ਗੋਬਿੰਦ ਘਾਟ ਲਿਆਂਦੇ ਗਏ। ਹੁਣ ਅਗਲੇ ਸਾਲ ਮਈ ਮਹੀਨੇ ਵਿੱਚ ਦੁਬਾਰਾ ਸ਼ੁਰੂ ਕੀਤੀ ਜਾਵੇਗੀ।
ਦੱਸਦੇਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹਰ ਸਾਲ ਮਈ ਮਹੀਨੇ ਵਿੱਚ ਸ਼ੁਰੂ ਕੀਤੀ ਜਾਂਦੀ ਹੈ ਤੇ ਬਰਫਬਾਰੀ ਕਾਰਨ ਅਕਤੂਬਰ ਮਹੀਨੇ ਦੇ ਵਿੱਚ ਬੰਦ ਕਰ ਦਿੱਤੀ ਜਾਂਦੀ ਹੈ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਪੁਹੰਚਦੇ ਹਨ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਸੰਗਤਾਂ ਦੀ ਸਹੂਲਤ ਲਈ ਹਰ ਸਾਲ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ ਗੁਰਦੁਆਰਾ ਸਾਹਿਬਾਨ ਵਿੱਚ ਸਰਾਵਾਂ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਯਾਤਰਾ ਲਈ ਉੱਤਰਾਖੰਡ ਸਰਕਾਰ ਵੱਲੋਂ ਵੀ ਟਰੱਸਟ ਦਾ ਪੂਰਾ ਸਾਥ ਦਿੱਤਾ ਜਾਂਦਾ ਹੈ। ਭਾਰਤੀ ਫੌਜ ਵੱਲੋਂ ਵੀ ਇਸ ਯਾਤਰਾ ਦੌਰਾਨ ਵੱਡੀਆਂ ਡਿਊਟੀਆਂ ਨਿਭਾਈਆਂ ਜਾਂਦੀਆਂ ਹਨ।
ਇਸ ਸਾਲ ਵੀ ਇਹ ਯਾਤਰਾ 22 ਮਈ ਨੂੰ ਸ਼ੁਰੂ ਕੀਤੀ ਗਈ ਸੀ ਜਿਸ ਦੌਰਨ ਤਕਰੀਬਨ 5 ਮਹੀਨੇ ਚੱਲੀ ਇਸ ਯਾਤਰਾ ਦੌਰਾਨ ਢਾਈ ਲੱਖ ਦੇ ਕਰੀਬ ਸੰਗਤਾਂ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ।
ਸ੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸ
ਇਸ ਅਸਥਾਨ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਦੁਆਰਾ ਲਿਖੇ ਗਏ ਦਸਮ ਗ੍ਰੰਥ ਵਿੱਚ ਆਉਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ-
ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥ ੧ ॥
ਸਪਤ ਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡ ਰਾਜ ਜਹ ਜੋਗ ਕਮਾਵਾ ॥
ਇਸ ਅਨੁਸਾਰ 7 ਪਹਾੜੀਆਂ ਵਿੱਚ ਸਥਿਤ ਇਸ ਅਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿਚ ਭਗਤੀ ਕੀਤੀ ਸੀ। ਸਿੱਖਾਂ ਵਿੱਚ ਇਸ ਅਸਥਾਨ ਦੀ ਬਹੁਤ ਮਹਾਨਤਾ ਹੈ।
WATCH LIVE TV