Samrala News: ਸਮਰਾਲਾ ਤਹਿਸੀਲ ਵਿੱਚ ਪਟਵਾਰੀ ਉਤੇ ਰਿਸ਼ਵਤ ਦੇ ਦੋਸ਼ ਲਗਾਉਣ ਅਤੇ ਹਾਈਵੋਲਟੇਜ ਡਰਾਮੇ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ।
Trending Photos
Samrala News: ਬੀਤੇ ਕੁਝ ਦਿਨ ਪਹਿਲਾਂ ਪਿੰਡ ਮਾਣਕੀ ਦੇ ਨਿਵਾਸੀਆਂ ਵੱਲੋਂ ਸਮਰਾਲਾ ਤਹਿਸੀਲ ਵਿੱਚ ਪਟਵਾਰੀ ਚਮਨ ਲਾਲ ਵੱਲੋਂ ਪਿੰਡ ਮਾਣਕੀ ਦੇ ਡੇਰੇ ਦੀ ਜ਼ਮੀਨ ਦਾ ਇੰਤਕਾਲ ਕਰਨ ਲਈ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਸਬੰਧ ਦੇ ਵਿੱਚ ਪਿੰਡ ਮਾਣਕੀ ਨਿਵਾਸੀਆਂ ਨੇ ਸਮਰਾਲਾ ਤਹਿਸੀਲ ਵਿੱਚ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਸੀ ਅਤੇ ਇਹ ਖਬਰ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਸੀ।
ਇਸ ਤੋਂ ਬਾਅਦ ਪਟਵਾਰ ਯੂਨੀਅਨ ਸਮਰਾਲਾ ਵੱਲੋਂ ਪਟਵਾਰੀ ਚਮਨ ਲਾਲ ਉੱਪਰ ਲਗਾਏ ਗਏ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਬੇਬੁਨਿਆਦ ਠਹਿਰਾਇਆ ਸੀ ਤੇ ਕਲਮ ਛੋੜ ਹੜਤਾਲ ਕਰ ਦਿੱਤੀ ਸੀ ਅਤੇ ਨਾਲ ਹੀ ਪਟਵਾਰ ਯੂਨੀਅਨ ਨੇ ਐਸਡੀਐਮ ਸਮਰਾਲਾ ਨੂੰ ਬੇਬੁਨਿਆਦ ਦੋਸ਼ ਲਗਾਉਣ ਵਾਲੇ ਵਿਅਕਤੀਆਂ ਉਤੇ ਕਾਰਵਾਈ ਕਰਨ ਦੀ ਸ਼ਿਕਾਇਤ ਦਿੱਤੀ ਸੀ।
ਅੱਜ ਸਮਰਾਲਾ ਐਸਡੀਐਮ ਦਫ਼ਤਰ ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਲਗਾਉਣ ਵਾਲੇ ਵਿਅਕਤੀਆਂ ਨੇ ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ, ਸਮੂਹ ਪੱਤਰਕਾਰ ਭਾਈਚਾਰਾ ਤੇ ਪਟਵਾਰ ਯੂਨੀਅਨ ਸਾਹਮਣੇ ਮਾਫੀ ਮੰਗੀ ਅਤੇ ਕਿਹਾ ਕਿ ਉਹ ਆਪਣੇ ਸ਼ਬਦ ਵਾਪਸ ਲੈਦੇ ਹਨ ਜੋ ਵੀ ਉਨ੍ਹਾਂ ਨੇ ਕਿਹਾ ਹੈ ਉਹ ਬੇਬੁਨਿਆਦ ਸੀ ਉਹ ਮਾਫੀ ਮੰਗਦੇ ਹਨ।
ਇਸ ਸਬੰਧੀ ਮਨਜੀਤ ਸਿੰਘ ਨਿਵਾਸੀ ਮਾਣਕੀ ਅਤੇ ਰਾਜਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕੁਰੱਪਸ਼ਨ ਖਿਲਾਫ ਮੁਹਿੰਮ ਵਿੱਢੀ ਗਈ ਸੀ ਉਸ ਦਾ ਫਾਇਦਾ ਲੈਂਦੇ ਹੋਏ ਉਹ ਮਾਣਕੀ ਪਿੰਡ ਦੇ ਡੇਰੇ ਦੀ ਸੱਤ ਕਿਲੇ ਜ਼ਮੀਨ ਦਾ ਇੰਤਕਾਲ ਡਰਾ ਧਮਕਾ ਕੇ ਕਰਵਾਉਣਾ ਚਾਹੁੰਦੇ ਸਨ ਜੋ ਬਹੁਤ ਵੱਡੀ ਗਲਤੀ ਸੀ ਅਤੇ ਉਹ ਇਸ ਸੰਬੰਧ ਵਿੱਚ ਮਾਫੀ ਮੰਗਦੇ ਹਨ। ਜਸਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਕਿਹਾ ਸੀ ਕਿ 7 ਲੱਖ ਰੁਪਏ ਮੰਗ ਲਓ ਪਰ ਉਹ ਉਸਦਾ ਨਾਮ ਨਹੀਂ ਲੈਣਾ ਚਾਹੁੰਦੇ।
ਪਟਵਾਰੀ ਚਮਨ ਲਾਲ ਨੇ ਕਿਹਾ ਕਿ ਉਸ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਜੋ ਇਲਜ਼ਾਮ ਪਿੰਡ ਮਾਣਕੀ ਦੇ ਨਿਵਾਸੀਆਂ ਨੇ ਲਗਾਏ ਸੀ ਉਹ ਬੇਬੁਨਿਆਦ ਸਨ ਕਿਉਂਕਿ ਉਹ ਜ਼ਮੀਨ ਡੇਰੇ ਦੀ ਜ਼ਮੀਨ ਸੀ ਜਿਸ ਦਾ ਇੰਤਕਾਲ ਨਹੀਂ ਹੋ ਸਕਦਾ ਸੀ ਪਰ ਉਸ ਨੂੰ ਪਿੰਡ ਮਾਣਕੀ ਨਿਵਾਸੀਆਂ ਨੇ ਮੈਨੂੰ ਡਰਾ ਧਮਕਾ ਕੇ ਜ਼ਮੀਨ ਦਾ ਇੰਤਕਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਪਿੰਡ ਮਾਣਕੀ ਨਿਵਾਸੀਆਂ ਨੇ ਐਸਡੀਐਮ ਸਮਰਾਲਾ ਦਫਤਰ ਵਿੱਚ ਮੁਆਫੀ ਮੰਗ ਲਈ ਹੈ ਅਤੇ ਉਹ ਆਪਣੀ ਹੜਤਾਲ ਵਾਪਸ ਲੈਂਦੇ ਹਨ।
ਇਸ ਸਾਰੇ ਮਾਮਲੇ ਉਤੇ ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਸਮਰਾਲਾ ਤਹਿਸੀਲ ਦੇ ਪਟਵਾਰੀ ਚਮਨ ਲਾਲ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਪਿੰਡ ਮਾਣਕੀ ਦੇ ਨਿਵਾਸੀਆਂ ਨੇ ਲਗਾਇਆ ਸੀ ਉਹ ਬੇਬੁਨਿਆਦ ਸੀ ਅਤੇ ਦੋਸ਼ੀਆਂ ਵੱਲੋਂ ਪਟਵਾਰੀ ਉਪਰ ਇਲਜ਼ਾਮ ਲਗਾਉਣਾ ਇੱਕ ਸੋਚੀ ਸਮਝੀ ਸਾਜਿਸ਼ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੁਰੱਪਸ਼ਨ ਖਿਲਾਫ ਮੁਹਿੰਮ ਵਿੱਢੀ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਮੁਲਾਜ਼ਮਾਂ ਵਿੱਚ ਸਰਕਾਰ ਦਾ ਡਰ ਹੈ। ਉਸਦਾ ਦੋਸ਼ੀ ਵਿਅਕਤੀ ਨੇ ਫਾਇਦਾ ਚੁੱਕਣ ਦੀ ਸੋਚੀ ਤੇ ਸਮਰਾਲਾ ਤਹਿਸੀਲ ਵਿੱਚ ਨਾਅਰੇਬਾਜ਼ੀ ਕਰਕੇ ਪਟਵਾਰੀਆਂ ਉੱਤੇ ਝੂਠੇ ਇਲਜ਼ਾਮ ਲਗਾਏ।
ਐਸਡੀਐਮ ਸਮਰਾਲਾ ਨੇ ਕਿਹਾ ਕਿ ਜਿਸ ਜ਼ਮੀਨ ਦਾ ਇੰਤਕਾਲ ਲਈ 7 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਸੀ ਉਹ ਜ਼ਮੀਨ ਡੇਰੇ ਦੀ ਹੈ ਅਤੇ ਇਸ ਜ਼ਮੀਨ ਦਾ ਇੰਤਕਾਲ ਨਹੀਂ ਹੋ ਸਕਦਾ। ਇਸ ਜ਼ਮੀਨ ਨੂੰ ਵੇਚਣ ਖ਼ਰੀਦਣ ਵਿੱਚ ਪ੍ਰਾਪਰਟੀ ਡੀਲਰਾਂ ਦਾ ਵੀ ਹੱਥ ਹੈ। ਅੱਜ ਦੋਸ਼ੀ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਦਫ਼ਤਰ ਦੇ ਵਿੱਚ ਆ ਕੇ ਪਟਵਾਰ ਯੂਨੀਅਨ ਤੋਂ ਮੀਡੀਆ ਸਾਹਮਣੇ ਮਾਫੀ ਮੰਗੀ ਗਈ ਹੈ।