Trending Photos
Aradhana murder case: ਦਿੱਲੀ ਦੇ ਮਹਿਰੌਲੀ ’ਚ ਹੋਏ ਸ਼ਰਧਾ ਕਤਲ ਕਾਂਡ ਦਾ ਮਸਲਾ ਹਾਲੇ ਸੁਲਝਿਆ ਵੀ ਨਹੀਂ ਸੀ ਕਿ ਯੂਪੀ ’ਚ ਅਜਿਹਾ ਇੱਕ ਹੋਰ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਇਸ਼ਕ ’ਚ ਅੰਨ੍ਹੇ ਹੋਏ ਪ੍ਰੇਮੀ ਨੇ ਪ੍ਰੇਮਿਕਾ ਦਾ ਕਿਸੇ ਹੋਰ ਥਾਂ ’ਤੇ ਵਿਆਹ ਤੈਅ ਹੋ ਜਾਣ ਕਾਰਨ ਗੁੱਸੇ ’ਚ ਉਸਦਾ ਕਤਲ ਕਰ ਦਿੱਤਾ।
ਸ਼ਰਧਾ ਕਤਲ ਕਾਂਡ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਇੱਥੋਂ ਦੇ ਅਹਰੌਲਾ ਖੇਤਰ ’ਚ ਪਿਆਰ ’ਚ ਪਾਗਲ ਹੋਏ ਪ੍ਰੇਮੀ ਨੇ ਪਹਿਲਾਂ ਪ੍ਰੇਮਿਕਾ ਦਾ ਗਲ਼ਾ ਘੁੱਟਕੇ ਕਤਲ ਕਰ ਦਿੱਤਾ। ਬਾਅਦ ’ਚ ਉਸਦੀ ਲਾਸ਼ ਦੇ 6 ਟੁਕੜੇ ਕਰ ਗੰਨੇ ਦੇ ਖੇਤ ’ਚ ਸੁੱਟ ਦਿੱਤੇ।
ਪੁਲਿਸ ਸੁਪਰਡੈਂਟ ਅਨੁਰਾਗ ਆਰੀਆ ਨੇ ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੰਨੇ ਦੇ ਖੇਤ ’ਚ ਕੁੜੀ ਦੀ ਲਾਸ਼ ਕਈ ਟੁਕੜਿਆਂ ’ਚ ਪਈ ਹੋਣ ਦੀ ਇਤਲਾਹ ਮਿਲੀ ਸੀ। ਮ੍ਰਿਤਕ ਕੁੜੀ ਦੀ ਪਹਿਚਾਣ ਅਰਾਧਨਾ ਪੁੱਤਰੀ ਕੇਦਾਰ ਪ੍ਰਜਾਪਤੀ ਵਾਸੀ ਪਿੰਡ ਇਸ਼ਕਪੁਰ ਵਜੋਂ ਹੋਈ ਹੈ।
ਪੁਲਿਸ ਨੇ ਇਸ ਮਾਮਲੇ ਦੀ ਜਾਂਚ ਦੀ ਹਰ ਕੜੀ ਨੂੰ ਜੋੜਦੇ ਹੋਏ ਕਤਲ ਦੇ ਮੁੱਖ ਦੋਸ਼ੀ ਪ੍ਰਿੰਸ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪੁਛਗਿੱਛ ਦੌਰਾਨ ਦੋਸ਼ੀ ਨੇ ਦਿਲ ਦਹਿਲਾ ਦੇਣ ਵਾਲੀ ਸੱਚਾਈ ਦਾ ਖੁਲਾਸਾ ਕੀਤਾ।
ਪ੍ਰਿੰਸ ਯਾਦਵ ਦਾ ਅਰਾਧਨਾ ਨਾਲ ਪ੍ਰੇਮ-ਸਬੰਧ ਸਨ। ਪਰ ਉਸਦੇ ਖਾੜੀ ਦੇਸ਼ ਸ਼ਾਰਜਹਾ ’ਚ ਹੁੰਦਿਆ ਉਸਦੀ ਪ੍ਰੇਮਿਕਾ ਦਾ ਵਿਆਹ ਕਿਸੇ ਹੋਰ ਨਾਲ ਤੈਅ ਕਰ ਦਿੱਤਾ ਗਿਆ। ਇਸ ਗੱਲ ਤੋਂ ਨਰਾਜ਼ ਪ੍ਰਿੰਸ ਭਾਰਤ ਪਰਤ ਆਇਆ ਤੇ ਅਰਾਧਨਾ ਨੂੰ ਮਾਰਨ ਦੀ ਯੋਜਨਾ ਬਣਾਈ।
ਅਰਾਧਨਾ ਦੇ ਕਤਲ ’ਚ ਪ੍ਰਿੰਸ ਦੇ ਮਾਤਾ-ਪਿਤਾ, ਮਾਮਾ ਅਤੇ ਮਾਮੇ ਦੇ ਪੁੱਤਰ ਤੇ ਉਸਦੀ ਘਰਵਾਲੀ ਨੇ ਵੀ ਸਾਥ ਦਿੱਤਾ। ਪੂਰੀ ਵਾਰਦਾਤ ’ਚ ਪ੍ਰਿੰਸ ਦੇ ਮਾਮੇ ਦਾ ਪੁੱਤਰ ਸਰਵੇਸ਼ ਵੀ ਉਸਦੇ ਨਾਲ ਰਿਹਾ। 9 ਨਵੰਬਰ ਨੂੰ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਭੈਰਵ ਧਾਮ ਗਿਆ, ਜਿੱਥੇ ਉਹ ਉਸਨੂੰ ਇੱਕ ਰੈਸਟੋਰੈਂਟ ’ਚ ਲੈ ਗਿਆ।
ਜਦੋਂ ਉਹ ਦੋਵੇਂ ਵਾਪਸ ਆ ਰਹੇ ਸਨ ਤਾਂ ਰਸਤੇ ’ਚ ਪ੍ਰਿੰਸ ਨੇ ਸਰਵੇਸ਼ ਦੀ ਮਦਦ ਨਾਲ ਅਰਾਧਨਾ ਨੂੰ ਜ਼ਬਰਦਸਤੀ ਧੂਹ ਕੇ ਗੰਨੇ ਦੇ ਖੇਤ ’ਚ ਲੈ ਗਿਆ, ਜਿੱਥੇ ਉਸਨੇ ਗਲ਼ਾ ਘੁੱਟ ਕੇ ਅਰਾਧਨਾ ਦੀ ਹੱਤਿਆ ਕਰ ਦਿੱਤੀ। ਅਰਾਧਨਾ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਲੱਕੜ ਵੱਢਣ ਵਾਲੀ ਕੁਹਾੜੀ ਨਾਲ 6 ਟੁਕੜੇ ਕਰ ਦਿੱਤੇ। ਇਨ੍ਹਾਂ ਟੁਕੜਿਆਂ ਨੂੰ ਪਾਲੀਥੀਨ ’ਚ ਪੈਕ ਕਰਦਿਆਂ ਗੰਨੇ ਦੇ ਖੇਤ ’ਚ ਹੀ ਸੁੱਟ ਦਿੱਤਾ।