Machhiwara News: ਨੌਜਵਾਨ ਨੇ ਫਾਰਚੂਨਰ ਗੱਡੀ ਵਿਚ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਉਸਦੀ ਇਹ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭਿਆ ਵਿਚ ਟਕਰਾ ਕੇ ਖੇਤਾਂ ਵਿਚ ਜਾ ਗਿਰੀ।
Trending Photos
Machhiwara News(ਵਰੁਣ ਕੌਸ਼ਲ): ਮਾਛੀਵਾੜਾ ਨੇੜਲੇ ਪਿੰਡ ਗੌਂਸਗੜ ਦੇ ਨਿਵਾਸੀ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਨੇ ਅੱਜ ਆਪਣੀ ਫਾਰਚੂਨਰ ਗੱਡੀ ਵਿਚ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਛਿੰਦਾ ਕਰੀਬ 1 ਸਾਲ ਪਹਿਲਾਂ ਵਿਦੇਸ਼ ਅਮਰੀਕਾ ਤੋਂ ਪਰਤਿਆ ਸੀ ਅਤੇ ਹੁਣ ਪਿੰਡ ਵਿਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਤੇ ਡੇਅਰੀ ਕਿੱਤਾ ਕਰਦਾ ਸੀ। ਅੱਜ ਵੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੇਅਰੀ ਵਿਚ ਪਾ ਕੇ ਆਇਆ ਅਤੇ ਉਸ ਤੋਂ ਬਾਅਦ ਆਪਣੀ ਫਾਰਚੂਨਰ ਗੱਡੀ ਲੈ ਕੇ ਚਲਾ ਗਿਆ। ਆਪਣੇ ਪਿੰਡ ਦੇ ਹੀ ਨੇੜੇ ਸੜਕ ’ਤੇ ਉਸਨੇ ਫਾਰਚੂਨਰ ਗੱਡੀ ਵਿਚ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਉਸਦੀ ਇਹ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭਿਆ ਵਿਚ ਟਕਰਾ ਕੇ ਖੇਤਾਂ ਵਿਚ ਜਾ ਗਿਰੀ।
ਮੌਕੇ ’ਤੇ ਖੇਤਾਂ ਵਿਚ ਕੰਮ ਕਰ ਰਹੇ ਇੱਕ ਚਮਸ਼ਦੀਦ ਨੇ ਦੱਸਿਆ ਕਿ ਜਦੋਂ ਫਾਰਚੂਨਰ ਗੱਡੀ ਖੰਭੇ ਨਾਲ ਟਕਰਾ ਕੇ ਖੇਤਾਂ ਵਿਚ ਜਾ ਗਿਰੀ ਤਾਂ ਉਸ ਵਿਚੋਂ ਧੂੰਆਂ ਨਿਕਲਣ ਲੱਗ ਪਿਆ ਜਿਸ ’ਤੇ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਲਹੂ ਲੁਹਾਨ ਡਰਾਇਵਰ ਸੀਟ ’ਤੇ ਪਿਆ ਸੀ। ਚਸ਼ਮਦੀਦ ਜਗਰੂਪ ਸਿੰਘ ਅਨੁਸਾਰ ਉਸਨੇ ਸ਼ੀਸ਼ਾ ਤੋਡ਼ ਕੇ ਜਦੋਂ ਨੌਜਵਾਨ ਬਾਹਰ ਕੱਢਿਆ ਤਾਂ ਉਹ ਉਸਦੀ ਪਹਿਚਾਣ ਸੁਰਿੰਦਰ ਸਿੰਘ ਛਿੰਦਾ ਨਿਕਲਿਆ ਪਰ ਛਾਤੀ ਵਿਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਸੁਰਿੰਦਰ ਛਿੰਦਾ ਦੇ 2 ਗੋਲੀਆਂ ਲੱਗੀਆਂ ਸਨ ਜਿਸ ਵਿਚੋਂ 1 ਉਸਦੀ ਲੱਤ ਤੇ ਦੂਜੀ ਉਸਦੀ ਛਾਤੀ ਤੋਂ ਆਰਪਾਰ ਦੱਸੀ ਜਾ ਰਹੀ ਹੈ।
ਸੂਚਨਾ ਮਿਲਦੇ ਹੀ ਪੁਲਿਸ ਜ਼ਿਲਾ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੋਟਿਆਲ, ਡੀਐੱਸਪੀ (ਡੀ) ਸੁਖਪ੍ਰੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੁਖਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਸ ਵਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਮ੍ਰਿਤਕ ਦੇ ਮੋਬਾਇਲ ਫੋਨ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਰਿੰਦਰ ਛਿੰਦਾ ਦਾ ਲਾਇਸੈਂਸੀ ਅਸਲਾ ਗੰਨ ਹਾਊਸ ਵਿਚ ਜਮ੍ਹਾ ਸੀ ਜਿਸ ਨੂੰ ਉਹ ਅੱਜ ਹੀ ਲੈ ਕੇ ਆਇਆ ਸੀ। ਗੱਡੀ ਵਿਚ ਨਵੇਂ ਕਾਰਤੂਸ ਵੀ ਪਏ ਸਨ ਅਤੇ ਪੁਲਿਸ ਅਨੁਸਾਰ ਇਹ ਅੱਜ ਹੀ ਨਵੇਂ ਖਰੀਦੇ ਲੱਗਦੇ ਹਨ ਜਿਸ ਦੀ ਜਾਂਚ ਜਾਰੀ ਹੈ। ਮ੍ਰਿਤਕ ਆਤਮ ਹੱਤਿਆ ਕਰਨ ਦੀ ਨੀਅਤ ਨਾਲ ਹੀ ਗੰਨ ਹਾਊਸ ਤੋਂ ਆਪਣਾ ਲਾਇਸੈਂਸੀ ਰਿਵਾਲਵਰ ਤੇ ਕਾਰਤੂਸ ਲੈ ਕੇ ਆਇਆ ਸੀ ਅਤੇ ਉਸਨੇ ਘਟਨਾ ਨੂੰ ਅੰਜ਼ਾਮ ਦੇ ਦਿੱਤਾ।