Jalandhar News: ਜਲੰਧਰ ਵਿੱਚ ਕੁਝ ਨੌਜਵਾਨਾਂ ਨੇ ਇੱਕ ਦਰਦਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੌਜਵਾਨਾਂ ਨੇ ਨਾਲ ਦੇ ਪਿੰਡ ਦੇ ਨੌਜਵਾਨ 'ਤੇ ਕਿਸੇ ਰੰਜਿਸ਼ ਦੇ ਚਲਦੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ।
Trending Photos
Jalandhar News: ਜਲੰਧਰ ਦੇ ਫਿਲੌਰ ਨੇੜੇ ਪਿੰਡ ਅਕਲਪੁਰ 'ਚ ਇਕ ਨੌਜਵਾਨ 'ਤੇ ਕੁਝ ਹੋਰ ਨੌਜਵਾਨਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਤਾਰੂ ਦੀ ਮਾਤਾ ਨੇ ਦੱਸਿਆ ਕਿ ਤਾਰੂ ਆਪਣੇ ਘਰ 'ਚ ਬੈੱਡ 'ਤੇ ਲੇਟਿਆ ਹੋਇਆ ਸੀ ਜਦੋਂ ਉਸ ਨੂੰ ਫੋਨ ਆਇਆ ਤਾਂ ਉਹ ਉੱਠ ਕੇ ਬਾਹਰ ਚਲਾ ਗਿਆ।
ਉਸ ਨੇ ਦੱਸਿਆ ਕਿ ਸਾਨੂੰ ਬਾਅਦ 'ਚ ਪਤਾ ਲੱਗਾ ਕਿ ਉਸ ਦੀ ਕਿਸੇ ਨਾਲ ਲੜਾਈ ਹੋਈ ਸੀ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਪਰ ਬਾਅਦ 'ਚ ਉਸ ਦੀ ਮੌਤ ਹੋ ਗਈ। ਤਾਰੂ ਦੀ ਮਾਂ ਨੇ ਦੱਸਿਆ ਕਿ ਮੇਰੇ ਇਕ ਲੜਕੇ ਨੂੰ ਪਹਿਲਾਂ ਮਾਰਿਆ ਗਿਆ ਅਤੇ ਹੁਣ ਦੂਜੇ ਨੂੰ ਵੀ ਨੇੜਲੇ ਪਿੰਡ ਦੇ ਨੌਜਵਾਨਾਂ ਨੇ ਮਾਰ ਦਿੱਤਾ ਹੈ। ਜਦੋਂ ਇਸ ਮਾਮਲੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਹੈ ਕਿ ਬੀਤੀ ਰਾਤ ਪਿੰਡ ਅਕਲਪੁਰ ਦੇ ਗੇਟ ਦੇ ਨਾਲ ਬਣੀ ਦੁਕਾਨ ਦੇ ਵਿੱਚ ਤਾਰੂ ਨਾਮ ਦਾ ਸ਼ਖਸ ਬੈਠਾ ਸੀ।
ਉਸ ਦੀ ਕੁਝ ਨੌਜਵਾਨਾਂ ਨੇ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਟੁੱਕ ਕਰ ਦਿੱਤੀ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਰਸਤੇ ਵਿੱਚ ਉਸਨੇ ਦਮ ਤੋੜ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਫਿਲੌਰ ਨੂੰ ਦਿੱਤੀ ਗਈ। ਐਸਆਈ ਸੁਖਦੇਵ ਸਿੰਘ ਆਪਣੀ ਪੁਲਿਸ ਦੀ ਟੀਮ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਜੇਕਰ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਆਉਣ ਵਾਲੇ ਸਮੇਂ ਵਿੱਚ ਫਿਲੌਰ ਨੈਸ਼ਨਲ ਹਾਈਵੇ 'ਤੇ ਭਾਰਤੀ ਕਿਸਾਨ ਯੂਨੀਅਨਾਂ ਨੂੰ ਨਾਲ ਲੈ ਕੇ ਪੱਕੇ ਤੌਰ ਉਤੇ ਧਰਨਾ ਲਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਜਦੋਂ ਇਸ ਮਾਮਲੇ ਵਿੱਚ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਮੁਲਜ਼ਮ ਫੜ ਕੇ ਸਲਾਖਾਂ ਪਿੱਛੇ ਦੇ ਦਿੱਤੇ ਜਾਣਗੇ।