Patiala News: ਪਟਿਆਲਾ ਦੇ ਵਿੱਚ ਰਾਜ ਕਲੋਨੀ ਤੋਂ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਪਿੱਛੇ ਤੋਂ ਬਾਈਕ 'ਤੇ ਆਏ ਨੌਜਵਾਨਾਂ ਨੇ ਰੋਕ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
Trending Photos
Patiala News: ਬੁੱਧਵਾਰ ਦੁਪਹਿਰ ਕਰੀਬ 3 ਵਜੇ ਇਕ ਨੌਜਵਾਨ ਜੋ ਕਿ ਨਿਊ ਮਹਿੰਦਰਾ ਕਲੋਨੀ ਦਾ ਵਾਸੀ ਹੈ ਅਤੇ ਉਸ ਦੀ ਮਾਸੀ ਦਾ ਲੜਕਾ ਜੋ ਕਿ ਪਿੰਡ ਬਹਾਦੁਰਗੜ੍ਹ ਦਾ ਵਾਸੀ ਹੈ। ਦੋਨੋਂ ਰਾਜ ਕਲੋਨੀ ਤੋਂ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ, ਉਹਨਾਂ ਦੋਨਾਂ ਨੂੰ ਪਿੱਛੇ ਤੋਂ ਬਾਈਕ 'ਤੇ ਆਏ ਨੌਜਵਾਨਾਂ ਨੇ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜ਼ਖਮੀ ਦੋਵੇਂ ਭਰਾਵਾਂ ਨੂੰ ਮੌਕੇ 'ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਹਨਾਂ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ। ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਵਿੱਚ ਪੂਰੀ ਘਟਨਾ ਦੀ ਵੀਡੀਓ ਕੈਦ ਹੋ ਗਈ ਹੈ। ਇਸ ਦੀ 3 ਮਿੰਟ 27 ਸੈਕਿੰਡ ਦੀ ਵੀਡੀਓ ਪਾਈ ਗਈ ਹੈ।
ਇਸ ਵੀਡੀਓ 'ਚ ਹਮਲਾਵਰ ਪਹਿਲਾਂ ਬਹਿਸ ਕਰਦੇ ਹਨ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ। ਜਖ਼ਮੀ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਮਾਸੀ ਦਾ ਲੜਕਾ ਆਪਣੇ ਇੱਕ ਦੋਸਤ ਨਾਲ ਕਾਰ ਵਿੱਚ ਵਿਆਹ ਸਮਾਗਮ ਵਿੱਚ ਜਾ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਬਾਈਕ 'ਤੇ ਆਏ 15 ਤੋਂ 20 ਨੌਜਵਾਨਾਂ ਨੇ ਕਾਰ ਨੂੰ ਘੇਰ ਕੇ ਰੋਕ ਲਿਆ।
ਇਹ ਵੀ ਪੜੋ: OMG News : ਮਾਂ ਦੀ ਕੁੱਖ 'ਚ 5 ਮਹੀਨੇ ਦਾ ਭਰੂਣ ਹੋਇਆ ਗਰਭਵਤੀ! ਡਾਕਟਰ ਵੀ ਹੋਏ ਹੈਰਾਨ
ਜਿਵੇਂ ਹੀ ਦੋਵੇਂ ਭਰਾ ਕਾਰ 'ਚੋਂ ਬਾਹਰ ਆਏ ਤਾਂ ਬਹਿਸ ਤੋਂ ਬਾਅਦ ਹਮਲਾਵਰਾਂ ਨੇ ਉਨ੍ਹਾਂ 'ਤੇ ਲੋਹੇ ਦੀਆਂ ਰਾਡਾਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਦੋਵੇਂ ਜ਼ਖਮੀ ਭਰਾਵਾਂ ਦੇ ਸਰੀਰ 'ਤੇ ਵੱਖ-ਵੱਖ ਥਾਵਾਂ 'ਤੇ ਤਲਵਾਰ ਦੇ ਨਿਸ਼ਾਨ ਹਨ ਅਤੇ ਸਿਰ 'ਤੇ ਡੂੰਘੀਆਂ ਸੱਟਾਂ ਹਨ। ਨੌਜਵਾਨ ਦੇ ਭਰਾ ਨੇ ਕਿਹਾ ਕਿ ਉਸਦੇ ਭਾਈ ਦੀ ਹਮਲਾਵਰਾਂ ਨਾਲ ਕੋਈ ਦੁਸ਼ਮਣੀ ਜਾਂ ਕੋਈ ਵੀ ਰੰਜਸ਼ ਨਹੀਂ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਵੱਲੋਂ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ।
ਜਖ਼ਮੀ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਕਾਰ ਵਿੱਚ ਉਸਦੇ ਭਰਾਵਾਂ ਦੇ ਨਾਲ ਉਸਦਾ ਇੱਕ ਦੋਸਤ ਵੀ ਸੀ। ਜਿਵੇਂ ਹੀ ਮੁਲਜ਼ਮਾਂ ਨੇ ਹਮਲਾ ਕੀਤਾ ਤਾਂ ਕਾਰ ਵਿੱਚ ਬੈਠੇ ਨੌਜਵਾਨ ਨੇ ਕਾਰ ਨੂੰ ਅੰਦਰੋਂ ਲਾਕ ਲਗਾ ਕੇ ਹਮਲਾਵਰਾਂ ਤੋਂ ਜਾਨ ਬਚਾਈ ਅਤੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ। ਜਦਕਿ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।