Amritsar News: ਹਿੰਦੂ ਨੇਤਾ ਮਰਹੂਮ ਸੁਧੀਰ ਸੂਰੀ ਦੇ ਦੋਵੇਂ ਲੜਕਿਆਂ ਨੂੰ ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ।
Trending Photos
Amritsar News (ਭਰਤ ਸ਼ਰਮਾ): ਅੰਮ੍ਰਿਤਸਰ ਦੇ ਵਿੱਚ ਜਿੱਥੇ ਇੱਕ ਪਾਸੇ ਗੈਂਗਸਟਰਾਂ ਵੱਲੋਂ ਵਪਾਰੀਆਂ ਨੂੰ ਫੋਨ ਕਰਕੇ ਫਿਰੌਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਉੱਥੇ ਹੀ ਦੂਸਰੇ ਪਾਸੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਨੋਂ ਲੜਕਿਆਂ ਵੱਲੋਂ ਇੱਕ ਵਪਾਰੀ ਤੋਂ 6 ਲੱਖ ਰੁਪਏ ਦੀ ਫਿਰੌਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਸੁਧੀਰ ਸੂਰੀ ਦੇ ਦੋਵੇਂ ਲੜਕੇ ਮਾਣਕ ਸੂਰੀ ਅਤੇ ਪਾਰਸ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜੂਨ 2024 ਨੂੰ ਕਮਲ ਕਾਂਤ ਨਾਮਕ ਵਿਅਕਤੀ ਜੋ ਕਿ ਅੰਮ੍ਰਿਤਸਰ ਦੀਪ ਕੰਪਲੈਕਸ ਵਿੱਚ ਆਨਲਾਈਨ ਮੋਬਾਈਲ ਖਰੀਦਣ ਤੇ ਵੇਚਣ ਦਾ ਕਾਰੋਬਾਰ ਕਰਦਾ ਹੈ।
ਉਸ ਕੋਲੋਂ ਸੁਧੀਰ ਸੂਰੀ ਦੇ ਬੇਟੇ ਮਾਣਕ ਸੂਰੀ ਤੇ ਪਾਰਸ ਸੂਰੀ ਵੱਲੋਂ ਪਹਿਲਾਂ ਤਾਂ ਉਸਦੇ ਮੋਬਾਈਲ ਬਾਕਸ ਵਿੱਚ ਪਾ ਕੇ ਕਿਸੇ ਦੂਸਰੀ ਜਗ੍ਹਾ ਉਤੇ ਲੈ ਕੇ ਬਾਅਦ ਵਿੱਚ ਉਥੇ ਦੁਕਾਨਦਾਰ ਨੂੰ ਬੁਲਾ ਕੇ ਉਸਦੇ ਕੋਲੋਂ 6 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ 6 ਲੱਖ ਰੁਪਏ ਲੈਣ ਤੋਂ ਬਾਅਦ ਉਹ ਨੂੰ 15 ਲੱਖ ਰੁਪਏ ਦੀ ਰਸੀਦ ਕੱਟ ਕੇ ਦੇ ਦਿੱਤੀ ਹੈ ਤੇ ਕਿਹਾ ਕਿ ਇਹ ਸ਼ਿਵ ਸੈਨਾ ਲਈ ਡੋਨੇਸ਼ਨ ਹੈ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਨੇ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਤੋਂ ਇਲਾਵਾ ਪੁਲਿਸ ਨੇ ਸੁਖਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਨਾਮਕ ਵਿਅਕਤੀਆਂ ਉਤੇ ਮਾਮਲਾ ਵੀ ਦਰਜ ਕੀਤਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਇਨ੍ਹਾਂ ਦੋਵਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲੈ ਲਈ ਜਾਵੇਗੀ।
ਫਿਲਹਾਲ ਇਸ ਮਾਮਲੇ ਉਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਦੇ ਵਿੱਚ ਮਾਣਕ ਸੂਰੀ ਅਤੇ ਪਾਰਸ ਸੂਰੀ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਅਤੇ ਹੁਣ ਇਨ੍ਹਾਂ ਦੋਵਾਂ ਦੇ ਉੱਪਰ ਮਾਮਲਾ ਦਰਜ ਹੋ ਗਿਆ ਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਇਨ੍ਹਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲਈ ਜਾ ਰਹੀ ਹੈ।