Khanauri Border News: ਪਟਿਆਲਾ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਮਰਨ ਵਰਤ ਉਤੇ ਬੈਠੇ 121 ਕਿਸਾਨਾਂ ਦਾ ਵਰਤ ਖੁਲ੍ਹਵਾਇਆ।
Trending Photos
Khanauri Border News: ਪਟਿਆਲਾ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਮਰਨ ਵਰਤ ਉਤੇ ਬੈਠੇ 121 ਕਿਸਾਨਾਂ ਦਾ ਵਰਤ ਖੁਲ੍ਹਵਾਇਆ। ਸਭ ਤੋਂ ਪਹਿਲਾਂ ਮਰਨ ਵਰਤ ਉਤੇ ਬੈਠੇ 121 ਕਿਸਾਨ ਆਗੂਆਂ ਨੂੰ ਸਟੇਜ ਉਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਮਰਨ ਵਰਤ ਦੀ ਸਮਾਪਤੀ ਕਰਵਾਈ ਗਈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਲਾਜ ਕਰਵਾਉਣ ਲਈ ਸਹਿਮਤੀ ਦਿੱਤੀ, ਉੱਥੇ ਹੀ ਐਤਵਾਰ ਨੂੰ 111 ਕਿਸਾਨਾਂ ਨੇ ਪੰਜਵੇਂ ਤੇ ਹਰਿਆਣਾ ਦੇ 10 ਕਿਸਾਨਾਂ ਨੇ ਤੀਜੇ ਦਿਨ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਸਭ ਤੋਂ ਪਹਿਲਾਂ ਚਾਹ ਪੀਤੀ। ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ, ਬਲਦੇਵ ਸਿੰਘ ਸਿਰਸਾ ਨੇ ਇਨ੍ਹਾਂ ਕਿਸਾਨਾਂ ਨੂੰ ਜੂਸ ਪਿਆ ਕੇ ਮਰਨ ਵਰਤ ਖ਼ਤਮ ਕਰਵਾਇਆ ਤੇ ਉਨ੍ਹਾਂ ਨੂੰ ਹਰਿਆਣਾ ਸਰਹੱਦ ਤੋਂ ਮੋਰਚੇ ਵਾਲੀ ਥਾਂ ’ਤੇ ਵਾਪਸ ਲਿਆਂਦਾ ਗਿਆ।
ਕਿਸਾਨਾਂ ਨੇ ਜੈਕਾਰੇ ਤੇ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਮਰਨ ਵਰਤ ਖ਼ਤਮ ਕੀਤਾ। ਕਾਕਾ ਸਿੰਘ ਕੋਟੜਾ ਨੇ ਸਪੱਸ਼ਟ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਤੇ ਉਨ੍ਹਾਂ ਦਾ ਮੈਡੀਕਲ ਟ੍ਰੀਟਮੈਂਟ ਆਰੰਭ ਕਰ ਦਿੱਤਾ ਗਿਆ। ਐਮਐਸਪੀ ਗਾਰੰਟੀ ਐਕਟ ਤੇ ਦਰਜਨਾਂ ਹੋਰ ਮੰਗਾਂ ਦੀ ਪੂਰਤੀ ਲਈ ਪਿਛਲੇ ਸਾਲ ਫਰਵਰੀ ਤੋਂ ਚੱਲ ਰਹੇ ਅੰਦੋਲਨ 'ਚ ਜਿੱਤ ਵੱਲ ਇਹ ਪਹਿਲਾ ਕਦਮ ਹੈ। ਅੰਦੋਲਨ ਅਜੇ ਖਤਮ ਨਹੀਂ ਹੋਇਆ ਹੈ, ਸਗੋਂ ਕੇਂਦਰ ਨਾਲ ਗੱਲਬਾਤ ਦਾ ਦੌਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ ਜੋ ਪਿਛਲੇ ਸਾਲ ਫਰਵਰੀ ਤੋਂ ਰੁਕਿਆ ਹੋਇਆ ਸੀ। ਕਿਸਾਨਾਂ ਦੇ ਸੰਘਰਸ਼ ਦੇ ਦਬਾਅ ਅੱਗੇ ਝੁਕਦਿਆਂ ਕੇਂਦਰ ਸਰਕਾਰ ਨੇ ਡੈੱਡਲਾਕ ਨੂੰ ਤੋੜਦਿਆਂ ਗੱਲਬਾਤ ਦੀ ਤਜਵੀਜ਼ ਭੇਜ ਦਿੱਤੀ ਹੈ।
ਕਾਬਿਲੇਗੌਰ ਹੈ ਕਿ ਕਿਸਾਨ ਅਤੇ ਕੇਂਦਰ ਵਿਚਾਲੇ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਦੇ ਸੰਦੇਸ਼ ਕਾਰਨ ਹੁਣ 101 ਕਿਸਾਨਾਂ ਦੇ ਜਥੇ ਵੱਲੋਂ 21 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਤੱਕ ਮਾਰਚ ਕਰਨ ਦਾ ਫੈਸਲਾ ਵੀ ਰੱਦ ਕਰ ਦਿੱਤਾ ਗਿਆ ਹੈ।
ਕੇਂਦਰੀ ਟੀਮ ਨੇ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਵੱਡਾ ਕਦਮ ਨਾ ਚੁੱਕਣ ਦੀ ਵੀ ਹਾਮੀ ਭਰੀ ਹੈ। ਖਨੌਰੀ ਸਰਹੱਦ 'ਤੇ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਦੇ ਸਮੂਹ ਦਾ ਮਰਨ ਵਰਤ ਖਤਮ ਹੋਵੇਗਾ ਜਾਂ ਨਹੀਂ, ਇਸ ਬਾਰੇ ਅੱਜ ਫੈਸਲਾ ਲਿਆ ਜਾਵੇਗਾ।