Fazilka News: ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ। ਵਧਦੀ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।
Trending Photos
Fazilka News: ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ। ਵਧਦੀ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਗਰਮੀ ਤੋਂ ਰਾਹਤ ਪਾਉਣ ਲਈ ਸਕੂਲੀ ਬੱਚੇ ਤੇ ਨੌਜਵਾਨ ਨਹਿਰ 'ਚ ਨਹਾਉਣ ਲਈ ਆ ਰਹੇ ਹਨ, ਜੋ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਨਹਿਰ 'ਚ ਛਾਲ ਮਾਰ ਰਹੇ ਹਨ।
ਨਹਿਰ ਪੱਕੀ ਕੀਤੀ ਹੋਈ ਹੈ ਤੇ ਪਾਣੀ ਦੀ ਰਫਤਾਰ ਇੰਨੀ ਜ਼ਿਆਦਾ ਹੈ ਕਿ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। ਮਾਮਲਾ ਡੀਸੀ ਦੇ ਧਿਆਨ ਵਿੱਚ ਆਇਆ ਤਾਂ ਡੀਸੀ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਵੀਰਵਾਰ ਨੂੰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿੰਡ ਨਿਹਾਲਖੇੜਾ ਨੇੜੇ ਪੱਕੀ ਨਹਿਰ 'ਤੇ ਸਕੂਲੀ ਬੱਚੇ ਅਤੇ ਨੌਜਵਾਨ ਨਹਾਉਂਦੇ ਨਜ਼ਰ ਆਏ। ਗਰਮੀ ਜ਼ਿਆਦਾ ਹੋਣ ਕਾਰਨ ਬੱਚੇ ਘਰਾਂ 'ਚ ਰਹਿ ਕੇ ਵੀ ਚੈਨ ਦਾ ਸਾਹ ਨਹੀਂ ਲੈ ਪਾ ਰਹੇ ਹਨ। ਇਸ ਲਈ ਨਹਾਉਣ ਨਾਲ ਰਾਹਤ ਪਾਉਂਦੇ ਹਨ ਅਤੇ ਇਸ ਲਈ ਨਹਿਰਾਂ ਦਾ ਰੁਖ ਕਰ ਲੈਂਦੇ ਹਨ।
ਨਹਿਰ ਵਿੱਚ ਨਹਾਉਣ ਆਏ ਨੌਜਵਾਨ ਅਮਨ ਗੋਦਾਰਾ ਨੇ ਦੱਸਿਆ ਕਿ ਉਹ ਅਬੋਹਰ ਤੋਂ ਪਿੰਡ ਨਿਹਾਲਖੇੜਾ ਨੇੜੇ ਬਣੀ ਇਸ ਕੰਕਰੀਟ ਨਹਿਰ ’ਤੇ ਨਹਾਉਣ ਲਈ ਆਇਆ ਹੈ, ਇੱਕ ਦੋ ਨਹੀਂ, ਉਹ ਕਰੀਬ 6-7 ਦੋਸਤਾਂ ਨਾਲ ਇਸ ਨਹਿਰ ’ਤੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤੇਜ਼ ਧੁੱਪ ਅਤੇ ਹੁੰਮਸ ਤੋਂ ਬਹੁਤ ਰਾਹਤ ਮਿਲਦੀ ਹੈ, ਭਾਵੇਂ ਥੋੜ੍ਹੇ ਸਮੇਂ ਲਈ ਹੀ ਪਰ ਨਹਿਰ ਵਿਚ ਨਹਾਉਣ ਨਾਲ ਗਰਮੀ ਤੋਂ ਨਿਜਾਤ ਮਿਲਦੀ ਹੈ।
ਦੂਜੇ ਪਾਸੇ ਪਿੰਡ ਘੱਲੂ ਤੋਂ ਆਪਣੇ ਦੋਸਤਾਂ ਸਮੇਤ ਨਹਿਰ 'ਤੇ ਨਹਾਉਣ ਆਏ ਨੌਜਵਾਨ ਪਵਨ ਨੇ ਦੱਸਿਆ ਕਿ ਇਸ ਮੌਸਮ 'ਚ ਪਹਿਲੀ ਵਾਰ ਉਹ ਆਪਣੇ ਦੋਸਤਾਂ ਨਾਲ ਨਹਿਰ 'ਚ ਨਹਾਉਣ ਆਇਆ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਰਾਹਤ ਮਿਲੀ ਹੈ। ਇਸੇ ਪਿੰਡ ਡੰਗਰਖੇੜਾ ਦੇ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਉਹ ਗਰਮੀ ਵਿੱਚ ਰਾਹਤ ਲੈਣ ਲਈ ਨਹਿਰ ਵਿੱਚ ਨਹਾਉਣ ਲਈ ਨਿਕਲਿਆ ਹੈ।
ਉਸ ਦਾ ਕਹਿਣਾ ਹੈ ਕਿ ਵੱਡੀ ਨਹਿਰ ਦੇ ਨਾਲ-ਨਾਲ ਇੱਕ ਛੋਟੀ ਨਹਿਰ ਵੀ ਹੈ ਜਿਸ ਵਿੱਚ ਡੁੱਬਣ ਦਾ ਕੋਈ ਖਤਰਾ ਨਹੀਂ ਹੈ। ਇਸ ਲਈ ਉਹ ਉਥੇ ਨਹਾਉਂਦਾ ਪਰ ਕੁਝ ਲੋਕ ਹਨ ਜੋ ਵੱਡੀ ਨਹਿਰ ਵਿੱਚ ਨਹਾਉਂਦੇ ਹਨ। ਜਦੋਂ ਇਹ ਮਾਮਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਨਹਿਰ ਦੇ ਨੇੜੇ ਢੁੱਕਵਾਂ ਬੋਰਡ ਲਗਾਇਆ ਜਾਵੇਗਾ ਤਾਂ ਜੋ ਸਕੂਲੀ ਬੱਚੇ ਅਤੇ ਨੌਜਵਾਨ ਇੱਥੇ ਨਹਿਰ 'ਚ ਨਾ ਨਹਾਉਣ।