ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਆਹਮੋ- ਸਾਹਮਣੇ ਹੋ ਗਏ ਹਨ। ਚੰਨੀ ਨੇ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਭੱਜੇ ਨਹੀਂ ਬਲਕਿ ਅਮਰੀਕਾ ਵਿਚ ਆਪਣਾ ਇਲਾਜ ਕਰਵਾ ਰਹੇ ਹਨ।
Trending Photos
ਚੰਡੀਗੜ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਦਾ ਨਾਂ ਬੀਤੇ ਦਿਨੀਂ ਵਿਧਾਨ ਸਭਾ ਇਜਲਾਸ ਦੌਰਾਨ ਕਾਫ਼ੀ ਗੂੰਜਦਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਭਰੀ ਸਭਾ ਦੇ ਵਿਚ ਚੰਨੀ 'ਤੇ ਤੰਜ ਕੱਸਿਆ ਅਤੇ ਉਹਨਾਂ ਦੇ ਗਾਇਬ ਹੋਣ ਦਾ ਸਵਾਲ ਕਾਂਗਰਸ ਪਾਰਟੀ ਤੋਂ ਪੁੱਛਿਆ। ਜਿਸਤੋਂ ਬਾਅਦ ਵਿਦੇਸ਼ ਗਏ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ ਅਤੇ ਕਿਹਾ ਕਿ ਮੈਂ ਸਿਰਫ਼ ਇਕ ਫੋਨ ਦੀ ਦੂਰੀ 'ਤੇ ਹਾਂ ਮੈਂ ਗਾਇਬ ਨਹੀਂ। ਚੰਨੀ ਇਸ ਵੇਲੇ ਅਮਰੀਕਾ ਵਿਚ ਫੋਟੋ ਫੋਬੀਆ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ ਅਤੇ ਆਪਣੀ ਪੀ. ਐਚ. ਡੀ ਦੀ ਪੜਾਈ ਦਾ ਥੀਸਿਸ ਪੂਰਾ ਕਰ ਰਹੇ ਹਨ। ਇਸਦਾ ਦਾਅਵਾ ਖੁਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ।
ਸੀ. ਐਮ. ਨੂੰ ਮੋੜਵਾਂ ਜਵਾਬ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਠੋਕਿਆ ਹੈ ਉਹ 24ਵੀ ਘੰਟੇ ਉਪਲਬਧ ਹਨ ਅਤੇ ਉਹਨਾਂ ਦਾ ਫੋਨ 24ਵੀ ਘੰਟੇ ਚਾਲੂ ਰਹਿੰਦਾ ਹੈ। ਪੰਜਾਬ ਸਰਕਾਰ ਕਦੇ ਵੀ ਉਹਨਾਂ ਨਾਲ ਸੰਪਰਕ ਕਰ ਸਕਦੀ ਹੈ। ਉਹਨਾਂ ਦੋਸ਼ ਲਗਾਇਆ ਕਿ ਅਜੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਜਵਾਬ ਮੰਗਿਆ ਗਿਆ ਹੈ। ਚੰਨੀ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਭਗਵੰਤ ਮਾਨ ਦੇ ਸੀ. ਐਮ ਬਣਨ ਤੋਂ ਬਾਅਦ ਉਹਨਾਂ ਮੁਬਾਰਕਾਂ ਦਿੱਤੀਆਂ ਅਤੇ ਕਈ ਘੰਟੇ ਉਹਨਾਂ ਨਾਲ ਬਤੀਤ ਕੀਤਾ। ਉਸ ਵੇਲੇ ਵੀ ਉਹਨਾਂ ਤੋਂ ਕੋਈ ਜਵਾਬ ਨਹੀਂ ਮੰਗਿਆ ਗਿਆ।
ਸਾਬਕਾ ਮੁੱਖ ਮੰਤਰੀ ਚੰਨੀ 'ਤੇ ਭਰੀ ਸਭਾ 'ਚ ਲਗਾਏ ਸੀ ਇਲਜ਼ਾਮ
ਬੀਤੇ ਦਿਨ ਵਿਧਾਨ ਸਭਾ ਇਜਲਾਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ 'ਤੇ ਵੱਡਾ ਇਲਜ਼ਾਮ ਲਗਾਇਆ ਸੀ ਅਤੇ ਕਿਹਾ ਸੀ ਕਿ ਕਾਰਜਕਾਲ ਦੇ ਆਖਰੀ ਦਿਨ ਚੰਨੀ ਨੇ ਕਈ ਫਾਇਲਾਂ ਸਾਈਨ ਕੀਤੀਆਂ ਅਤੇ ਫਿਰ ਗਾਇਬ ਹੋ ਗਏ। ਜਿਸਤੋਂ ਬਾਅਦ ਚੰਨੀ ਨੇ ਆਪਣਾ ਪੱਖ ਰੱਖਿਆ ਅਤੇ ਆਪ ਸਰਕਾਰ ਨੂੰ ਤਲਖ਼ ਲਹਿਜ਼ੇ ਨਾਲ ਜਵਾਬ ਦਿੱਤਾ।
ਚੰਨੀ ਨੂੰ ਹੈ ਫੋਟੋ ਫੋਬੀਆ
ਚੰਨੀ ਨੇ ਜਿਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਪਲਟਵਾਰ ਕੀਤਾ ਹੈ ਉਥੇ ਈ ਆਪਣੀ ਬਿਮਾਰੀ ਦਾ ਜ਼ਿਕਰ ਕੀਤਾ। ਜਿਸਦਾ ਇਲਾਜ ਕਰਵਾਉਣ ਲਈ ਉਹ ਅਮਰੀਕਾ ਗਏ ਹਨ। ਦਰਅਸਲ ਚੰਨੀ ਨੂੰ ਫੋਟੋ ਫੋਬੀਆ ਨਾਮੀ ਬਿਮਾਰੀ ਹੈ। ਜਿਸ ਵਿਚ ਵਿਅਕਤੀ ਨੂੰ ਰੌਸ਼ਨੀ ਤੋਂ ਸੰਵੇਦਨਾ ਹੁੰਦੀ ਹੈ। ਇਸ ਬਿਮਾਰੀ ਨਾਲ ਪੀੜਤ ਵਿਅਕਤੀ ਥੋੜੀ ਜਿਹੀ ਵੀ ਰੌਸ਼ਨੀ ਬਰਦਾਸ਼ਤ ਨਹੀਂ ਕਰ ਸਕਦਾ। ਹਲਾਂਕਿ ਚੰਨੀ ਦਾ ਅਮਰੀਕਾ ਵਿਚ ਦਵਾਈਆਂ ਦੇ ਜ਼ਰੀਏ ਇਲਾਜ ਚੱਲ ਰਿਹਾ ਹੈ ਅਤੇ ਉਹ ਹੌਲੀ- ਹੌਲੀ ਠੀਕ ਵੀ ਹੋ ਰਹੇ ਹਨ।
WATCH LIVE TV