Bathinda Lok Sabha Seat: ਪੰਜਾਬ ਦਾ ਜ਼ਿਲ੍ਹਾ ਬਠਿੰਡਾ ਸਿਆਸਤ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ। ਬੀਤੇ ਸਮੇਂ ਨੂੰ ਦੇਖਦੇ ਹੋਏ ਜੇ ਬਠਿੰਡਾ ਨੂੰ ਪੰਜਾਬ ਦੀ ਸਿਆਸਤ ਦੀ ਰਾਜਧਾਨੀ ਕਹਿ ਲਈਏ ਤਾਂ ਇਹ ਕੋਈ ਅਣਕਥਨੀ ਨਹੀਂ ਹੋਵੇਗਾ।
Trending Photos
Bathinda Lok Sabha Seat: ਪੰਜਾਬ ਦਾ ਜ਼ਿਲ੍ਹਾ ਬਠਿੰਡਾ ਸਿਆਸਤ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ। ਬੀਤੇ ਸਮੇਂ ਨੂੰ ਦੇਖਦੇ ਹੋਏ ਜੇ ਬਠਿੰਡਾ ਨੂੰ ਪੰਜਾਬ ਦੀ ਸਿਆਸਤ ਦੀ ਰਾਜਧਾਨੀ ਕਹਿ ਲਈਏ ਤਾਂ ਇਹ ਕੋਈ ਅਣਕਥਨੀ ਨਹੀਂ ਹੋਵੇਗਾ। ਬਠਿੰਡਾ ਜ਼ਿਲ੍ਹਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਥਿਤ ਹੈ। ਇਥੋਂ ਦੀ ਧਰਤੀ ਖੇਤੀ ਅਤੇ ਸਿਆਸਤਦਾਨਾਂ ਲਈ ਹਮੇਸ਼ਾ ਹੀ ਕਾਫੀ ਉਪਜਾਊ ਸਾਬਤ ਹੋਈ ਹੈ। ਇਹ ਸ਼ਹਿਰ ਦਿੱਲੀ ਦੇ ਤਿੰਨ ਸੌ ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ।
ਮੁਲਤਾਨ ਇੱਥੋਂ 330 ਕਿਲੋਮੀਟਰ ਪੱਛਮ ਵੱਲ ਹੈ। ਪੁਰਾਣੇ ਸਮਿਆਂ ਵਿੱਚ ਮੁਲਤਾਨ ਤੋਂ ਦਿੱਲੀ ਜਾਣ ਵਾਲਾ ਇੱਕ ਰਾਹ ਬਠਿੰਡੇ ਵਿਚਦੀ ਹੋ ਕੇ ਜਾਂਦਾ ਸੀ ਅਤੇ ਮੋਟੇ ਤੌਰ ’ਤੇ ਇਹ ਸਥਾਨ ਇਸ ਰਾਹ ਦੇ ਲਗਭਗ ਵਿਚਾਲੇ ਪੈਂਦਾ ਸੀ। ਸੋ ਇਸ ਦੀ ਭੂਗੋਲਿਕ ਸਥਿਤੀ ਨੇ ਹੀ ਇਸ ਸਥਾਨ ਲਈ ਇਕ ਮਹੱਤਵਪੂਰਨ ਰੋਲ ਨਿਰਧਾਰਿਤ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਫੌਜਾਂ ਨੂੰ ਲਲਕਾਰਿਆ ਸੀ ਅਤੇ ਬਠਿੰਡੇ ਦੇ ਜੰਗਲਾਂ ਵਿੱਚ ਉਨ੍ਹਾਂ ਨਾਲ ਜੰਗ ਲੜੀ ਸੀ।
ਇੱਥੇ ਇੱਕ ਵਿਸ਼ੇਸ਼ ਕਿਲਾ ‘ਕਿਲਾ ਮੁਬਾਰਕ’ ਹੈ। ਇਸ ਤੋਂ ਇਲਾਵਾ ਇੱਥੋਂ ਦੀ ਬਠਿੰਡਾ ਝੀਲ, ਲੱਖੀ ਜੰਗਲ, ਰੋਜ਼ ਗਾਰਡਨ ਕਾਫੀ ਮਸ਼ਹੂਰ ਹਨ। ਬਠਿੰਡਾ ਅਨਾਜ ਮੰਡੀ ਭਾਰਤ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿੱਚੋਂ ਇੱਕ ਹੈ। ਇਸ ਖੇਤਰ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ। ਪਹਿਲੀਆਂ ਲੋਕ ਸਭਾ ਚੋਣਾਂ 1952 ਵਿੱਚ ਇੱਥੇ ਹੋਈਆਂ ਸਨ, ਜਿਸ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਰਦਾਰ ਹੁਕਮ ਸਿੰਘ ਜੇਤੂ ਰਹੇ ਸਨ।
ਪਿਛਲੇ ਇੱਕ ਦਹਾਕੇ ਵਿੱਚ ਬਠਿੰਡਾ ਲੋਕ ਸਭਾ ਸੀਟ ਉੱਤੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਨਜ਼ਰ ਆਇਆ ਹੈ। ਮੌਜੂਦ ਸਮੇਂ ਵਿੱਚ ਵੀ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਸੀਟ ਉਪਰ ਕਾਬਜ਼ ਹੈ। ਇਹ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਜਨਰਲ ਸੀਟ ਹੈ। ਬਠਿੰਡਾ ਲੋਕ ਸਭਾ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ- ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਆਉਂਦੀਆਂ ਹਨ। ਇਨ੍ਹਾਂ 9 ਸੀਟਾਂ ਵਿੱਚੋਂ ਤਿੰਨ ਸੀਟਾਂ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵੀਆਂ ਹਨ। ਭੁੱਚੋ ਮੰਡੀ, ਬਠਿੰਡਾ ਦਿਹਾਤੀ ਅਤੇ ਬੁਢਲਾਡਾ ਵਿਧਾਨ ਸਭਾ ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ।
ਜੇਕਰ ਬਠਿੰਡਾ ਸੀਟ 'ਤੇ ਨਜ਼ਰ ਮਾਰੀਏ ਤਾਂ ਇਹ ਸੀਟ 1952 ਤੋਂ 1962 ਤੱਕ ਕਾਂਗਰਸ ਪਾਰਟੀ ਕੋਲ ਰਹੀ। ਇਨ੍ਹਾਂ ਦਸ ਸਾਲਾਂ ਵਿੱਚ ਸਰਦਾਰ ਹੁਕਮ ਸਿੰਘ ਅਤੇ ਅਜੀਤ ਸਿੰਘ ਵਰਗੇ ਤਾਕਤਵਰ ਆਗੂ ਇਸ ਸੀਟ ਤੋਂ ਸਦਨ ਵਿੱਚ ਪਹੁੰਚੇ। ਇਸ ਤੋਂ ਬਾਅਦ ਇਸ ਸੀਟ 'ਤੇ ਅਕਾਲੀ ਦਲ ਦੀ ਐਂਟਰੀ ਹੋਈ। ਬਠਿੰਡਾ ਪੰਜਾਬ ਦੀਆਂ ਉਨ੍ਹਾਂ ਕੁਝ ਸੀਟਾਂ ਵਿੱਚੋਂ ਇੱਕ ਹੈ ਜਿੱਥੇ ਖੱਬੇ ਪੱਖੀ ਰਾਜਨੀਤੀ ਉਪਜਾਊ ਰਹੀ ਹੈ। ਭਾਰਤੀ ਕਮਿਊਨਿਸਟ ਪਾਰਟੀ ਭਾਵ ਸੀਪੀਆਈ 1971 ਦੀਆਂ ਆਮ ਚੋਣਾਂ ਵਿੱਚ ਹੀ ਨਹੀਂ ਸਗੋਂ 1999 ਵਿੱਚ ਵੀ ਬਠਿੰਡਾ ਸੀਟ ਜਿੱਤਣ ਵਿੱਚ ਸਫਲ ਰਹੀ ਸੀ।
1984 ਤੋਂ ਲੈ ਕੇ ਹੁਣ ਤੱਕ ਦੋ ਮੌਕਿਆਂ ਨੂੰ ਛੱਡ ਕੇ ਇਸ ਸੀਟ ਤੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੀ ਆਮ ਚੋਣਾਂ ਜਿੱਤ ਕੇ ਸਦਨ ਤੱਕ ਪਹੁੰਚਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਆਗੂ ਅਤੇ ਬਾਦਲ ਪਰਿਵਾਰ ਨਾਲ ਸਬੰਧਤ ਹਰਸਿਮਰਤ ਕੌਰ ਬਾਦਲ 2009 ਤੋਂ ਲਗਾਤਾਰ ਇਸ ਸੀਟ ਤੋਂ ਚੋਣ ਲੜਦੇ ਆ ਰਹੇ ਹਨ। ਉਨ੍ਹਾਂ ਤੋਂ ਪਹਿਲਾਂ 2004 ਵਿੱਚ ਪਰਮਜੀਤ ਕੌਰ ਗੁਲਸ਼ਨ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਸਨ। ਇਸ ਲਈ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਲਈ ਬਠਿੰਡਾ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ।
2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਮੀਦਵਾਰ ਸਨ। ਹਰਸਿਮਰਤ ਕੌਰ ਬਾਦਲ ਨੂੰ ਕਰੀਬ 4 ਲੱਖ 91 ਹਜ਼ਾਰ ਵੋਟਾਂ ਮਿਲੀਆਂ ਜਦਕਿ ਅਮਰਿੰਦਰ ਸਿੰਘ ਰਾਜਾ ਵੜਿੰਗ 4 ਲੱਖ 69 ਦੇ ਕਰੀਬ ਵੋਟਾਂ ਇਕੱਠੀਆਂ ਕਰਨ ਵਿੱਚ ਸਫਲ ਰਹੇ। ਇਸ ਤਰ੍ਹਾਂ ਹਰਸਿਮਰਤ ਕੌਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਰੀਬ 22 ਹਜ਼ਾਰ ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਤੀਜੇ ਸਥਾਨ 'ਤੇ ਰਹੀ ਜਦਕਿ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਚੌਥੇ ਸਥਾਨ 'ਤੇ ਰਹੇ।
ਪਾਰਲੀਮਾਨੀ ਚੋਣਾਂ ਦੇ ਭਖ਼ੇ ਦੌਰ ’ਚ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਨਜ਼ਰਾਂ ਵੀਆਈਪੀ ਹਲਕੇ ਬਠਿੰਡਾ ’ਤੇ ਟਿਕੀਆਂ ਹੋਈਆਂ ਹਨ। ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਐਲਾਨ ਕੇ ਪਹਿਲਕਦਮੀ ਕਰ ਲਈ ਹੈ। ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਕਿਆਸਅਰਾਈਆਂ ਦਾ ਦੌਰ ਗਰਮ ਹੈ। ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਜਿਸ ਢੰਗ ਨਾਲ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਉਹ ਬਠਿੰਡਾ ਤੋਂ ਚੋਣ ਲੜਨ ਦੇ ਚਾਹਵਾਨ ਹਨ। ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਚੋਣ ਮੈਦਾਨ ਵਿੱਚ ਨਿੱਤਰਨ ਦੀਆਂ ਕਿਆਸਅਰਾਈਆਂ ਦਾ ਦੌਰ ਸਰਗਰਮ ਹੈ।
ਹਰਸਿਮਰਤ ਕੌਰ ਬਾਦਲ ਨੇ 2009 ਦੀਆਂ ਭਾਰਤੀ ਆਮ ਚੋਣਾਂ ਨਾਲ ਆਪਣਾ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਚੋਣਾਂ ਵਿੱਚ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਸੀ ਜਿਸ ਵਿੱਚ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਰਹਿੰਦਰ ਸਿੰਘ ਨੂੰ 120960 ਵੋਟਾਂ ਨਾਲ ਹਰਾਇਆ ਸੀ ਤੇ ਬਠਿੰਡਾ ਵਿਧਾਨ ਸਭਾ ਹਲਕੇ ਤੋਂ 15ਵੀਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਆਪਣੇ ਪਹਿਲੇ ਭਾਸ਼ਣ ਵਿੱਚ ਹਰਸਿਮਰਤ ਕੌਰ ਬਾਦਲ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਚਿੰਤਾ ਪ੍ਰਗਟਾਈ। ਇਸ ਤੋਂ ਬਾਅਦ, ਹਰਸਿਮਰਤ ਕੌਰ ਬਾਦਲ ਨੇ 2014 ਦੀਆਂ ਭਾਰਤੀ ਆਮ ਚੋਣਾਂ ਵਿੱਚ ਮੁੜ ਬਠਿੰਡਾ ਸੀਟ ਜਿੱਤੀ ਤੇ ਮੋਦੀ ਸਰਕਾਰ ਦੇ ਅਧੀਨ ਕੇਂਦਰੀ ਖੁਰਾਕ ਮੰਤਰੀ ਦੇ ਅਹੁਦੇ 'ਤੇ ਨਿਯੁਕਤ ਕੀਤੀ ਗਈ ਸੀ।
ਆਮ ਆਦਮੀ ਪਾਰਟੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਖੁੱਡੀਆਂ ਨੇ ਉਹ ਕੀਤਾ ਜੋ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਗੁਰਮੀਤ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲੰਬੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲੜੀਆਂ ਸਨ। ਇਸ ਸੀਟ 'ਤੇ ਉਨ੍ਹਾਂ ਨੇ ਪੰਜਾਬ ਦੇ ਮਜ਼ਬੂਤ ਨੇਤਾ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਲੰਬੀ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਗੜ੍ਹ ਮੰਨਿਆ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਦੀ ਇਹ ਆਖ਼ਰੀ ਚੋਣ ਸੀ।
ਗੁਰਮੀਤ ਸਾਬਕਾ ਸੰਸਦ ਮੈਂਬਰ ਮਰਹੂਮ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਹਨ। ਖੁਦੀ ਲੰਮੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਹਨ। ਪਹਿਲਾਂ ਉਹ ਅਕਾਲੀ ਦਲ (ਮਾਨ) ਨਾਲ ਸਨ ਅਤੇ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ। ਉਨ੍ਹਾਂ ਲੰਮਾ ਸਮਾਂ ਕਾਂਗਰਸ ਵਿੱਚ ਕੰਮ ਕੀਤਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਲੰਬੀ ਹਲਕੇ ਤੋਂ ਚੋਣ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਉਮੀਦਵਾਰ ਵੀ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਮੁੱਖ ਮੰਤਰੀ ਬਣਨ ਦੇ ਬਾਵਜੂਦ ਲੰਬੀ ਹਲਕੇ ਨੂੰ ਨਜ਼ਰਅੰਦਾਜ਼ ਕਰਨ ਕਾਰਨ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ 83-ਲੰਬੀ, 91-ਭੁੱਚੋ ਮੰਡੀ (ਐਸਸੀ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਐਸਸੀ), 94-ਤਲਵੰਡੀ ਸਾਬੋ, 95-ਮੌੜ, 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐਸਸੀ) ਚ ਕੁੱਲ 1814 ਪੋਲਿੰਗ ਸਟੇਸ਼ਨ ਹਨ ਅਤੇ ਵੋਟਰਾਂ ਦੀ ਗਿਣਤੀ 16 ਲੱਖ 39 ਹਜ਼ਾਰ 160 ਹੈ। ਇਨ੍ਹਾਂ ਵਿਚ 8 ਲੱਖ 64 ਹਜ਼ਾਰ 129 ਮਰਦ ਵੋਟਰ, 7 ਲੱਖ 74 ਹਜ਼ਾਰ 997 ਔਰਤ ਵੋਟਰ ਹਨ। ਇਸ ਤੋਂ ਇਲਾਵਾ 34 ਟਰਾਂਸਜੈਂਡਰ ਵੋਟਰ ਹਨ। 18ਵੀਂ ਲੋਕ ਸਭਾ ਮੈਬਰਾਂ ਦੀ ਚੋਣ ਲਈ 1 ਜੂਨ 2024 ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 4 ਜੂਨ 2024 ਨੂੰ ਹੋਵੇਗੀ। ਜਦਕਿ 7 ਮਈ ਤੋਂ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਸਵੇਰੇ 11 ਤੋਂ 3 ਵਜੇ ਤੱਕ ਦਫ਼ਤਰ ਡਿਪਟੀ ਕਮਿਸ਼ਨਰ (ਅਦਾਲਤੀ ਕਮਰੇ) ਚ ਦਫ਼ਤਰੀ ਕੰਮ-ਕਾਜ ਵਾਲੇ ਦਿਨਾਂ ਦੌਰਾਨ ਹੀ ਦਾਖਲ ਕੀਤੇ ਜਾ ਸਕਣਗੇ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਤੇ ਭਰੇ ਗਏ ਕਾਗਜਾਂ ਦੀ ਵਾਪਸੀ 17 ਮਈ ਤੱਕ ਹੋ ਸਕੇਗੀ।
ਬਠਿੰਡਾ ਲੋਕ ਸਭਾ ਸੀਟ ਚੋਣ ਨਤੀਜੇ 2019
ਉਮੀਦਵਾਰ ਦਾ ਨਾਮ | ਨਤੀਜੇ | ਕੁੱਲ ਵੋਟਾਂ | ਵੋਟ ਫ਼ੀਸਦੀ |
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) | ਜਿੱਤ | 492824 | 41.04 |
ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ) | ਹਾਰ | 471052 | 39.23 |
ਪ੍ਰੋ. ਬਲਜਿੰਦਰ ਕੌਰ ('ਆਪ') | ਹਾਰ | 134398 | 11.19 |
ਸੁਖਪਾਲ ਸਿੰਘ ਖਹਿਰਾ (ਪੀਈਪੀ) | ਹਾਰ | 38199 | 3.18 |
ਇਹ ਵੀ ਪੜ੍ਹੋ: Sangrur Lok Sabha Seat: ਮਾਲਵਾ ਖੇਤਰ ਦੀ ਸਭ ਤੋਂ ਹੋਟ ਸੀਟ ਸੰਗਰੂਰ, ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ