Trending Photos
Zirakpur News: ਜ਼ੀਰਕਪੁਰ ਥਾਣੇ ਤੋਂ ਕੁੱਝ ਦੂਰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਸ਼ਰਾਬ ਠੇਕੇਦਾਰ ਦੇ ਕਰਿੰਦਿਆਂ 'ਤੇ 7-8 ਅਣਪਛਾਤੇ ਹਮਲਾਵਰਾਂ ਵੱਲੋਂ ਗੱਡੀ ਘੇਰ ਕੇ ਹਮਲਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਤੋਂ ਇਲਾਵਾ ਇਕ ਕਰਿੰਦੇ ਵੱਲੋਂ ਮੋਬਾਈਲ ਅਤੇ ਚੇਨੀ ਖੋਹਣ ਦੇ ਵੀ ਦੋਸ਼ ਲਗਾਏ ਗਏ ਹਨ। ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਵੱਖ-ਵੱਖ ਠੇਕਿਆਂ ਤੋਂ ਸ਼ਰਾਬ ਦੀ ਵਿਕਰੀ ਦੇ ਪੈਸੇ ਇਕੱਠੇ ਕਰਕੇ ਜ਼ੀਰਕਪੁਰ ਥਾਣੇ ਦੇ ਪਿਛਲੇ ਪਾਸੇ ਤੋਂ ਵਾਪਸ ਆਪਣੇ ਦਫਤਰ ਵੱਲ ਜਾ ਰਹੇ ਸਨ।
ਜਾਣਕਾਰੀ ਦਿੰਦੇ ਹੋਏ ਪੰਚਕੂਲਾ ਦੇ ਰਹਿਣ ਵਾਲੇ ਜਸਵੰਤ ਸਿੰਘ ਦੇ ਪੁੱਤਰ ਬਾਬੂ ਰਾਮ ਨੇ ਦੱਸਿਆ ਕਿ ਉਹ ਮੋਹਾਲੀ ਸਪੀਰਿਟਸ ਸ਼ਰਾਬ ਦੀ ਕੰਪਨੀ ਵਿੱਚ ਕੰਮ ਕਰਦੇ ਹਨ। ਜਿਸਦੇ ਠੇਕੇਦਾਰ ਕਰਨਵੀਰ ਸਿੰਘ ਢਿੱਲੋਂ ਹਨ ਤੇ ਉਹ ਸ਼ਾਮ ਨੂੰ ਠੇਕਿਆਂ ਤੋਂ ਸੇਲ ਦਾ ਕੈਸ਼ ਇਕੱਠਾ ਕਰਨ ਲਈ ਆਪਣੇ ਸਾਥੀ ਕਰਮਚਾਰੀਆਂ ਨਾਲ ਕੰਪਨੀ ਦੀ ਬਲੈਰੋ ਗੱਡੀ ਵਿੱਚ ਜ਼ੀਰਕਪੁਰ ਥਾਣੇ ਦੇ ਪਿਛਲੇ ਪਾਸੇ ਬਿਸ਼ਨਪੁਰਾ ਅਲਾਕੇ ਤੋਂ ਵਾਪਸ ਪਟਿਆਲਾ ਰੋਡ ਉਤੇ ਸਥਿਤ ਆਪਣੇ ਦਫਤਰ ਜਾ ਰਹੇ ਸਨ।
ਬਾਬੂ ਰਾਮ ਮੁਤਾਬਕ ਜ਼ੀਰਕਪੁਰ ਥਾਣੇ ਦੇ ਪਿਛਲੇ ਪਾਸੇ ਇਕ ਵਿਅਕਤੀ ਉਨ੍ਹਾਂ ਦੀ ਗੱਡੀ ਦੀ ਵੀਡੀਓ ਬਣਾ ਰਿਹਾ ਸੀ ਇਸ ਉਪਰੰਤ 7-8 ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਡੰਡਿਆਂ ਅਤੇ ਰਾਡਾਂ ਨਾਲ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਉਨ੍ਹਾਂ 'ਤੇ ਸਰੀਰਕ ਹਮਲਾ ਵੀ ਕੀਤਾ। ਜਿਸ ਨਾਲ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ ਅਤੇ ਉਸਦਾ ਮੋਬਾਈਲ ਅਤੇ ਸੋਨੇ ਦੀ ਚੇਨ ਵੀ ਖੋਹ ਲਈ ਗਈ।
ਇਸ ਘਟਨਾ ਤੋਂ ਬਾਅਦ ਕਰਮਚਾਰੀਆਂ ਸਦਮੇ ਦੀ ਸਥਿਤੀ ਵਿੱਚ ਹੈ। ਬਾਬੂ ਰਾਮ ਨੇ ਦੋਸ਼ ਲਗਾਇਆ ਕਿ ਇਹ ਹਮਲਾ ਜ਼ੀਰਕਪੁਰ ਥਾਣੇ ਦੇ ਪਿੱਛੇ ਰਹਿੰਦੇ ਉਸ ਵਿਅਕਤੀ ਵੱਲੋਂ ਹੀ ਕਰਵਾਇਆ ਗਿਆ ਹੈ ਜਿਸ ਉਤੇ ਉਨ੍ਹਾਂ ਦੀ ਸ਼ਿਕਾਇਤ ਤੇ ਕੁੱਝ ਹਫਤਿਆਂ ਪਹਿਲਾਂ ਖੇਤਰ ਵਿੱਚ ਨਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਪਰਚਾ ਦਰਜ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਘਟਨਾ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਕਰਮਚਾਰੀ ਵੱਲੋਂ ਸ਼ਿਕਾਇਤ ਦਰਜ ਕਰਵਾ ਇਸ ਘਿਨਾਉਣੇ ਕੰਮ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਸ਼ਰਾਬ ਠੇਕੇਦਾਰ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਪ੍ਰਭਾਵਿਤ ਕਰਮਚਾਰੀਆਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਮਿਲਣ ਉਪਰੰਤ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।