Vaisakhi 2023: ਪੰਜਾਬ ਵਿੱਚ ਵਿਰਾਸਤੀ ਤਿਉਹਾਰ ਵਿਸਾਖੀ ਨੂੰ ਲੈ ਕੇ ਪੰਜਾਬ ਭਰ ਵਿੱਚ ਰੌਣਕਾਂ ਹਨ। ਪੰਜਾਬ ਤੇ ਹੋਰ ਰਾਜਾਂ ਵਿੱਚ ਵਿਸਾਖੀ ਦੇ ਵੱਖ-ਵੱਖ ਮਹੱਤਵ ਹਨ।
Trending Photos
Vaisakhi 2023: ਵਿਸਾਖੀ ਦਾ ਤਿਉਹਾਰ ਪੰਜਾਬ ਲਈ ਸਿਰਫ਼ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਮਾਲੀ ਤੌਰ ਉਤੇ ਵੀ ਕਾਫ਼ੀ ਅਹਿਮੀਅਤ ਹੈ। ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਨ੍ਹਾਂ ਦਾ ਮਨੁੱਖੀ ਜੀਵਨ ਨਾਲ ਅਨਿੱਖੜਵਾਂ ਸਬੰਧ ਹੈ। ਪੰਜਾਬੀ ਸੱਭਿਆਚਾਰ, ਇਤਿਹਾਸ ਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ 'ਚੋਂ ਵਿਸਾਖੀ ਦੇ ਤਿਉਹਾਰ ਦੀ ਅਹਿਮ ਥਾਂ ਹੈ। ਇਹ ਹਾੜੀ ਦੀ ਫ਼ਸਲ ਨਾਲ ਜੁੜਿਆ ਵਾਢੀ ਦਾ ਤਿਉਹਾਰ ਹੈ।
ਖੇਤਾਂ 'ਚ ਪੱਕ ਚੁੱਕੀ ਸੋਨੇ ਰੰਗੀ ਕਣਕ ਦੀ ਫ਼ਸਲ ਨੂੰ ਦੇਖ ਕੇ ਕਿਸਾਨ ਆਪਣੇ ਸੁਪਨਿਆਂ ਨੂੰ ਹਕੀਕਤ 'ਚ ਤਬਦੀਲ ਹੁੰਦਿਆਂ ਮਹਿਸੂਸ ਕਰਦਾ ਹੈ। ਮੌਸਮ ਨਾਲ ਸਬੰਧਤ ਹੋਣ ਕਰਕੇ ਚਿਰਾਂ ਤੋਂ ਇਹ ਪੰਜਾਬੀਆਂ ਦਾ ਸਰਵ-ਸਾਂਝਾ ਤਿਉਹਾਰ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਸਰਦੀਆਂ ਦੀ ਫ਼ਸਲ ਕੱਟ ਲੈਣ ਮਗਰੋਂ ਨਵੇਂ ਸਾਲ ਦੀਆਂ ਖ਼ੁਸ਼ੀਆਂ ਮਨਾਉਂਦੇ ਹਨ। ਵਿਸਾਖੀ ਦਾ ਤਿਉਹਾਰ ਵੀ ਵਿਸਾਖ ਮਹੀਨੇ ਵਿੱਚ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਵਿਸਾਖੀ ਦੇ ਮੱਦੇਨਜ਼ਰ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਪੰਜਾਬੀ ਭਾਈਚਾਰੇ ਦੇ ਲੋਕ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਹਨ। ਵੈਸੇ ਤਾਂ ਵਿਸਾਖੀ ਦੇਸ਼ ਭਰ ਵਿੱਚ ਮਨਾਈ ਜਾਂਦੀ ਹੈ ਪਰ ਪੰਜਾਬ, ਦਿੱਲੀ ਤੇ ਹਰਿਆਣਾ ਵਿੱਚ ਇਹ ਤਿਉਹਾਰ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਵਿਸਾਖੀ ਵਾਲੇ ਦਿਨ ਹੀ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਮਹਾਨ ਸਭਾ ਦੌਰਾਨ ਆਪਣੀ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਧਰਮ ਦੀ ਰੱਖਿਆ ਲਈ ਪ੍ਰਾਣਾਂ ਦਾ ਬਲਿਦਾਨ ਦੇਣ ਲਈ ਆਖਿਆ ਸੀ ਤਾਂ ਸਾਰੀ ਸਭਾ ਵਿੱਚ ਸੰਨਾਟਾ ਪਸਰ ਗਿਆ ਸੀ। ਇਸ ਪਿੱਛੋਂ ਪੰਜ ਗੁਰੂ ਦੇ ਪਿਆਰੇ ਸਿੱਖਾਂ ਨੇ ਖ਼ੁਦ ਨੂੰ ਗੁਰੂ ਸਾਹਿਬ ਨੂੰ ਸੌਂਪ ਦਿੱਤਾ ਸੀ। ਗੁਰੂ ਸਾਹਿਬ ਨੇ ਉਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਪੰਜ ਪਿਆਰਿਆਂ ਦੀ ਉਪਾਧੀ ਦਿੱਤੀ। ਬਾਅਦ ਵਿੱਚ ਗੁਰੂ ਸਾਹਿਬ ਨੇ ਖੁਦ ਵੀ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਸੀ। ਇਸ ਦਿਨ ਗੁਰੂ ਸਾਹਿਬ ਨੇ ਜਾਤਪਾਤ ਦਾ ਭੇਦ-ਭਾਵ ਖਤਮ ਕਰਕੇ ਖ਼ਾਲਸਾ ਪੰਥ ਸਿਰਜਿਆ ਸੀ। ਜਿਸ ਤੋਂ ਬਾਅਦ 13 ਅਪ੍ਰੈਲ ਨੂੰ ਹਰ ਸਾਲ ਖਾਲਸੇ ਦੀ ਸਾਜਨਾ ਦਿਵਸ (khalsa sajna diwas 2023) ਦੇ ਤੌਰ ਉਤੇ ਮਨਾਇਆ ਜਾਂਦਾ ਹੈ।
ਸਿੱਖ ਇਤਿਹਾਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਵਿਸਾਖੀ ਬਹੁਤ ਮਸ਼ਹੂਰ ਹੈ। ਅਨੰਦਪੁਰ ਸਾਹਿਬ 'ਚ ਵੱਡੇ ਪੱਧਰ 'ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਵਿਸਾਖੀ ਵਾਲੇ ਦਿਨ ਹੀ 13 ਅਪ੍ਰੈਲ 1919 ਨੂੰ ਹੀ ਜਲ੍ਹਿਆਂ (Jallianwala Bagh massacre) ਵਾਲੇ ਬਾਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਨਿਹੱਥੇ ਭਾਰਤੀ ਲੋਕਾਂ ਉਪਰ ਜਨਰਲ ਡਾਇਰ ਨੇ ਗੋਲੀਆਂ ਮਾਰ ਕੇ ਭੁੰਨ ਦਿੱਤਾ ਸੀ। ਜਲ੍ਹਿਆਂ ਵਾਲਾ ਬਾਗ ਵਿੱਚ ਹੋਏ ਇਸ ਸਾਕੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : Jalandhar Lok Sabha bypoll election 2023: ਭਾਜਪਾ ਨੇ ਜਲੰਧਰ ਜਿਮਨੀ ਚੋਣਾਂ ਲਈ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਐਲਾਨਿਆ ਉਮੀਦਵਾਰ