Sri Anandpur Sahib News: ਟੈਂਕੀ ਉੱਪਰ ਚੜੇ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਮੀਟਿੰਗਾਂ ਵਿੱਚ ਨਵੇਂ ਤੋਂ ਨਵਾਂ ਬਹਾਨਾ ਬਣਾ ਕੇ ਸਾਨੂੰ ਟਾਲ ਦਿੱਤਾ ਜਾਂਦਾ ਹੈ ਪਰ ਜੁਆਇਨ ਨਹੀਂ ਕਰਵਾਇਆ ਜਾ ਰਿਹਾ।
Trending Photos
Sri Anandpur Sahib News (ਬਿਮਲ ਸ਼ਰਮਾ): ਈਟੀਟੀ ਕਾਡਰ ਦੀ 5994 ਭਰਤੀ ਦੇ ਕੁੱਲ ਛੇ ਬੇਰੁਜ਼ਗਾਰ ਅਧਿਆਪਕ ਵੀਰਵਾਰ ਨੂੰ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਅਤੇ ਪਿੰਡ ਮਾਂਗੇਵਾਲ 'ਚ ਸਥਿਤ ਪਾਣੀ ਵਾਲੀ ਟੈਂਕੀ 'ਤੇ ਚੜ ਗਏ ਅਤੇ ਨਾਲ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ। ਟੈਂਕੀ ’ਤੇ ਚੜ੍ਹਨ ਵਾਲਿਆਂ ’ਚ ਇੱਕ ਮਹਿਲਾ ਬੇਰੁਜ਼ਗਾਰ ਅਧਿਆਪਕਾ ਵੀ ਸ਼ਾਮਲ ਹੈ। ਟੈਂਕੀ ਉਪਰ ਚੜਨ ਵਾਲਿਆਂ ਵਿੱਚ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਆਦਰਸ਼ ਅਬੋਹਰ, ਰਮੇਸ਼ ਅਬੋਹਰ, ਮਨਪ੍ਰੀਤ ਕੰਬੋਜ, ਨੀਲਮ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।
ਟੈਂਕੀ ਉੱਪਰ ਚੜੇ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਮੀਟਿੰਗਾਂ ਵਿੱਚ ਨਵੇਂ ਤੋਂ ਨਵਾਂ ਬਹਾਨਾ ਬਣਾ ਕੇ ਸਾਨੂੰ ਟਾਲ ਦਿੱਤਾ ਜਾਂਦਾ ਹੈ ਪਰ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਆਖਿਆ ਕਿ ਈਟੀਟੀ 5994 ਭਰਤੀ ਸਬੰਧੀ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ 1 ਸਤੰਬਰ 2024 ਨੂੰ ਜਾਰੀ ਕੀਤੀ ਜਾ ਚੁੱਕੀ ਹੈ ਪਰ 4 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜੁਆਇਨ ਨਹੀ ਕਰਵਾਇਆ ਜਾ ਰਿਹਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਈਟੀਟੀ 5994 ਬੇਰੁਜਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਅਧਿਆਪਕਾਂ ਨੇ ਦੱਸਿਆ ਕਿ ਈਟੀਟੀ 5994 ਭਰਤੀ ਦੇ ਬੇਰੁਜ਼ਗਾਰ ਅਧਿਆਪਕ ਪਿਛਲੇ 10 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ ਪਰ ਸਿੱਖਿਆ ਮੰਤਰੀ ਬਹਾਨੇਬਾਜ਼ੀ ਤੋਂ ਸਿਵਾਏ ਸਾਨੂੰ ਜੁਆਇਨ ਕਰਵਾਉਣ ਵੱਲ ਕੋਈ ਦਿਲਚਸਪੀ ਨਹੀਂ ਲੈ ਰਹੇ। ਜਿਸ ਕਾਰਨ ਸਾਨੂੰ ਮਜਬੂਰਨ ਕੜਾਕੇ ਦੀ ਠੰਡ ਦੇ ਬਾਵਜੂਦ ਪਾਣੀ ਦੀ ਟੈਂਕੀ ਉੱਪਰ ਚੜਨਾ ਪਿਆ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਾਨੂੰ ਸਕੂਲਾਂ ਵਿੱਚ ਜੁਆਇਨ ਨਹੀ ਕਰਵਾਇਆ ਜਾਂਦਾ, ਉਦੋਂ ਸਾਰੇ ਬੇਰੁਜਗਾਰ ਅਧਿਆਪਕ ਟੈਂਕੀਆਂ ਉਪਰ ਡਟੇ ਰਹਿਣਗੇ। ਇਸ ਤੋਂ ਇਲਾਵਾ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਕੋਈ ਟਾਲ ਮਟੋਲ ਕੀਤੀ ਤਾਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੀਆਂ ਸਾਰੀਆਂ ਟੈਂਕੀਆਂ ਉਪਰ ਬੇਰੁਜਗਾਰ ਅਧਿਆਪਕ ਡੇਰੇ ਲਗਾਉਣਗੇ।