Trending Photos
Arvind Kejriwal Arrest: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕੀ ਟਿੱਪਣੀ ਉਤੇ ਭਾਰਤ ਨੇ ਪਲਟਵਾਰ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤਾ ਹੈ।
ਦਰਅਸਲ ਵਿੱਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੇ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕਰਨ 'ਤੇ ਅਮਰੀਕਾ ਦੀ ਟਿੱਪਣੀ ਮਗਰੋਂ ਭਾਰਤ ਨੇ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤਾ ਸੀ। ਜਿਸ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਕਿਸੇ ਹੋਰ ਦੇਸ਼ ਦੀ ਟਿੱਪਣੀ ਦਾ ਕੋਈ ਵਾਜਬ ਨਹੀਂ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਬੁੱਧਵਾਰ ਨੂੰ ਅਮਰੀਕੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਕੋਲ ਕੀਤੀ ਟਿੱਪਣੀ 'ਤੇ ਆਪਣਾ ਸਖ਼ਤ ਇਤਰਾਜ਼ ਤੇ ਵਿਰੋਧ ਦਰਜ ਕਰਵਾਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਤਾਜ਼ਾ ਬਿਆਨ ਅਣਉਚਿਤ ਹਨ। ਉਨ੍ਹਾਂ ਕਿਹਾ ਕਿ ਸਾਡੀ ਚੋਣ ਤੇ ਕਾਨੂੰਨੀ ਪ੍ਰਕਿਰਿਆ 'ਤੇ ਕੋਈ ਵੀ ਬਾਹਰੀ ਦੋਸ਼ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।
ਰਣਧੀਰ ਜੈਸਵਾਲ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆਵਾਂ ਕਾਨੂੰਨ ਦੇ ਰਾਜ ਨਾਲ ਹੀ ਚਲਦੀਆਂ ਹਨ। ਕੋਈ ਵੀ ਜੋ ਸਮਾਨ ਲੋਕਚਾਰਾਂ ਨੂੰ ਸਾਂਝਾ ਕਰਦਾ ਹੈ, ਖਾਸ ਕਰਕੇ ਸਾਥੀ ਲੋਕਤੰਤਰੀ, ਨੂੰ ਇਸ ਤੱਥ ਦੀ ਕਦਰ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀਆਂ ਆਜ਼ਾਦ ਅਤੇ ਮਜ਼ਬੂਤ ਲੋਕਤਾਂਤਰਿਕ ਸੰਸਥਾਵਾਂ 'ਤੇ ਮਾਣ ਹੈ। ਨਾਲ ਹੀ, ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਅਸੀਂ ਅਜਿਹੀਆਂ ਸੰਸਥਾਵਾਂ ਨੂੰ ਕਿਸੇ ਵੀ ਬਾਹਰੀ ਪ੍ਰਭਾਵ ਤੋਂ ਬਚਾਉਣ ਲਈ ਵਚਨਬੱਧ ਹਾਂ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਆਪਸੀ ਸਨਮਾਨ ਅਤੇ ਸਮਝਦਾਰੀ ਅੰਤਰਰਾਸ਼ਟਰੀ ਸਬੰਧਾਂ ਦੀ ਨੀਂਹ ਨੂੰ ਮਜ਼ਬੂਤ ਕਰਦੀ ਹੈ। ਅਜਿਹੀ ਸਥਿਤੀ ਵਿੱਚ ਦੂਜੇ ਦੇਸ਼ਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੂਜਿਆਂ ਦੀ ਪ੍ਰਭੂਸੱਤਾ ਅਤੇ ਅੰਦਰੂਨੀ ਮਾਮਲਿਆਂ ਦਾ ਸਨਮਾਨ ਕਰਨਗੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਮੁੱਦੇ 'ਤੇ ਸਾਡੀ ਸਥਿਤੀ ਸਪੱਸ਼ਟ ਹੈ। ਅਸੀਂ ਇਸ ਸਬੰਧੀ ਬਿਆਨ ਵੀ ਜਾਰੀ ਕਰ ਦਿੱਤੇ ਹਨ। ਚੀਨ ਆਪਣੇ ਬੇਬੁਨਿਆਦ ਦਾਅਵਿਆਂ ਨੂੰ ਜਿੰਨੀ ਵਾਰ ਚਾਹੇ ਦੁਹਰਾ ਸਕਦਾ ਹੈ। ਇਹ ਸੰਭਵ ਨਹੀਂ ਹੈ ਕਿ ਉਸ ਦੇ ਵਾਰ-ਵਾਰ ਬੋਲਣ ਨਾਲ ਅਸਲ ਸਥਿਤੀ ਬਦਲ ਜਾਵੇਗੀ। ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਸੀ, ਹੈ ਅਤੇ ਰਹੇਗਾ।