Trending Photos
ਚੰਡੀਗੜ੍ਹ: ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਸੋਮਵਾਰ ਨੂੰ ਲਖਨਊ ਦੀ ਏਸੀਜੇਐੱਮ (ACJM) ਅਦਾਲਤ ’ਚ ਆਤਮ-ਸਮਰਪਣ (Surrender) ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜੇਕਰ ਉਹ ਅਜਿਹਾ ਨਾ ਕਰਦੀ ਤਾਂ ਉਸਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ।
20 ਹਜ਼ਾਰ ਦੇ ਮੁਚੱਲਕੇ ’ਤੇ ਹੋਈ ਜ਼ਮਾਨਤ
ਧੋਖਾਧੜੀ ਮਾਮਲੇ ’ਚ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ (Arrest Warrent) ਜਾਰੀ ਹੋਇਆ ਸੀ। ਇਸ ਮਾਮਲੇ ’ਚ ਸਪਨਾ ਚੌਧਰੀ (Sanpna Chaudhary) ਨੇ ਅਦਾਲਤ ’ਚ ਖ਼ੁਦ ਹਾਜ਼ਰ ਹੋ ਗ੍ਰਿਫ਼ਤਾਰੀ ਵਾਰੰਟ ਨੂੰ ਰੱਦ ਕਰਨ ਦੀ ਅਪੀਲ ਕੀਤੀ। ਏਸੀਜੇਐੱਮ ਸ਼ਾਂਤਨੂੰ ਤਿਆਗੀ ਨੇ ਅਰਜ਼ੀ ਸਵੀਕਾਰ ਕਰਦਿਆਂ 20 ਹਜ਼ਾਰ ਦਾ ਨਿੱਜੀ ਮੁਚੱਲਕਾ ਭਰਨ ਦਾ ਹੁਕਮ ਸੁਣਾਇਆ।
ਅਦਾਲਤ ਵਲੋਂ ਸਪਨਾ ਚੌਧਰੀ ਨੂੰ ਹਿਰਾਸਤ ਲੈਣ ਤੋਂ ਬਾਅਦ ਵਾਰੰਟ ਰੱਦ ਕਰਦਿਆਂ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 22 ਅਗਸਤ ਨੂੰ ਸਪਨਾ ਚੌਧਰੀ ਨੂੰ ਗੈਰ-ਹਾਜ਼ਰ ਰਹਿਣ ਕਾਰਨ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋਏ ਸਨ।
ਬੁੱਕ ਕੀਤੇ ਜਾਣ ਦੇ ਬਾਵਜੂਦ ਸ਼ੋਅ ’ਚ ਨਹੀਂ ਪੁੱਜੀ ਸਪਨਾ ਚੌਧਰੀ
ਦਰਅਸਲ ਆਸ਼ਿਆਨਾ ਦੇ ਇੱਕ ਨਿੱਜੀ ਕਲੱਬ ਵਲੋਂ ਸਪਨਾ ਚੌਧਰੀ ਦੇ ਸ਼ੋਅ ਦਾ ਆਯੋਜਨ ਕਰਵਾਇਆ ਗਿਆ ਸੀ। ਸ਼ੋਅ ਦੀਆਂ ਟਿਕਟਾਂ ਆਨ-ਲਾਈਨ ਅਤੇ ਆਫ਼-ਲਾਈਨ ਵੇਚੀਆਂ ਗਈਆਂ। ਪਰ ਸਪਨਾ ਚੌਧਰੀ ਡਾਂਸ ਸ਼ੋਅ ’ਚ ਨਹੀਂ ਪੁੱਜੀ।
ਉੱਧਰ ਹਜ਼ਾਰਾਂ ਦਰਸ਼ਕ ਸ਼ੋਅ ’ਚ ਸਪਨਾ ਚੌਧਰੀ ਦੇ ਨਾ ਪੁੱਜਣ ’ਤੇ ਭੜਕ ਗਏ ਤੇ ਨਾਲ ਹੀ ਟਿਕਟਾਂ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਮੌਕੇ ’ਤੇ ਪੁਲਿਸ-ਪ੍ਰਸ਼ਾਸਨ ਦੁਆਰਾ ਲੋਕਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ ਗਿਆ। ਜਿਸ ਤੋਂ ਬਾਅਦ ਕਲੱਬ ਦੇ ਪ੍ਰਬੰਧਕਾਂ ਸਪਨਾ ’ਤੇ ਧੋਖਾਧੜੀ ਦਾ ਦੋਸ਼ ਲਗਾਉਂਦਿਆਂ ਆਸ਼ਿਆਨਾ ਥਾਣੇ ’ਚ ਮਾਮਲਾ ਦਰਜ ਕਰਵਾਇਆ।
ਸਪਨਾ ਚੌਧਰੀ ਦੇ ਸ਼ੋਅ ਦਾ ਆਯੋਜਨ ਪਹਿਲ ਇੰਸਟੀਚਿਊਟ ਦੇ ਜੂਨੈਦ ਅਹਿਮਦ, ਨਵੀਨ ਸ਼ਰਮਾ, ਅਮਿਤ ਪਾਂਡੇ, ਰਤਨਾਕਰ ਉਪਾਧਿਆਏ ਅਤੇ ਇਵਾਦ ਅਲੀ ਦੁਆਰਾ ਕਰਵਾਇਆ ਗਿਆ ਸੀ।
ਭਵਿੱਖ ’ਚ ਪੇਸ਼ ਹੋਣ ਦੀ ਸ਼ਰਤ ’ਤੇ ਅਦਾਲਤ ਨੇ ਦਿੱਤੀ ਜ਼ਮਾਨਤ
ਧੋਖਾਧੜੀ ਮਾਮਲੇ ’ਚ ਸਪਨਾ ਚੌਧਰੀ ਸਣੇ ਹੋਰ ਮੁਲਜ਼ਮਾਂ ’ਤੇ ਦੋਸ਼ ਆਇਦ ਕਰਨ ਮਗਰੋਂ ਇਸ ਮੁੱਦੇ ’ਤੇ ਸੁਣਵਾਈ ਹੋਈ, ਪਰ ਦੋਸ਼ੀ ਧਿਰ ਹਾਜ਼ਰ ਨਹੀਂ ਹੋਈ। ਹੋਰ ਤਾਂ ਹੋਰ ਬਾਕੀ ਮੁਲਜ਼ਮਾਂ ਨੇ ਗ੍ਰਿਫ਼ਤਾਰੀ ਰੋਕਣ ਲਈ ਅਪੀਲ ਕੀਤੀ ਪਰ ਸਪਨਾ ਨੇ ਅਜਿਹਾ ਵੀ ਨਹੀਂ ਕੀਤਾ। ਜਿਸ ਤੋਂ ਬਾਅਦ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ।
ਅੱਜ ਅਦਾਲਤ ’ਤੇ ਸਪਨਾ ਚੌਧਰੀ ਖ਼ਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ ਨੂੰ ਇਸ ਸ਼ਰਤ ’ਤੇ ਰੱਦ ਕੀਤਾ ਕਿ ਉਹ ਭਵਿੱਖ ’ਚ ਸੁਣਵਾਈ ਦੌਰਾਨ ਪੇਸ਼ ਹੋਵੇਗੀ ਅਤੇ ਜਾਂਚ ’ਚ ਪੂਰਾ ਸਹਿਯੋਗ ਕਰੇਗੀ।