Nabha Player: ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ 2022 ਬਰਮਿੰਘਮ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਜਦੋਂ ਹਰਜਿੰਦਰ ਮੈਂਡਲ ਜਿੱਤਕੇ ਦੇਸ਼ ਪਰਤੀ ਸੀ ਤਾਂ ਸਰਕਾਰ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦ ਕੀਤਾ ਸੀ।
Trending Photos
Nabha Player: ਖੇਡਾਂ ‘ਚ ਦੇਸ਼ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਅਕਸਰ ਹੀ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਬੇਸ਼ਕ ਸਰਕਾਰਾਂ ਵੱਲੋਂ ਖਿਡਾਰੀਆਂ ਦੀ ਜਿੱਤ ਤੋਂ ਬਾਅਦ ਬੜੇ ਨੌਕਰੀ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਹਕੀਕਤ 'ਚ ਉਹ ਪੂਰੇ ਘੱਟ ਹੀ ਹੁੰਦੇ ਹਨ। ਨਾਭਾ ਦੀ ਵੇਟ ਲਿਫਟਰ ਹਰਜਿੰਦਰ ਕੌਰ ਦੇਸ਼ ਅਤੇ ਪੰਜਾਬ ਲਈ ਕਈ ਮੈਡਲ ਜਿੱਤ ਚੁੱਕੀ ਹੈ। ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ 2022 ਬਰਮਿੰਘਮ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਜਦੋਂ ਹਰਜਿੰਦਰ ਮੈਡਲ ਜਿੱਤਕੇ ਦੇਸ਼ ਪਰਤੀ ਸੀ ਤਾਂ ਸਰਕਾਰ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪਰ ਹਾਲੇ ਤੱਕ ਉਸਨੂੰ ਨੌਕਰੀ ਨਹੀਂ ਮਿਲੀ। ਜਿਸ ਤੋਂ ਖਿਡਾਰਣ ਸਰਕਾਰ ਦੇ ਇਸ ਰਵੱਈਏ ਤੋਂ ਨਿਰਾਸ਼ ਚੱਲ ਰਹੀ ਹੈ।
ਖੇਡ ਮੰਤਰੀ ਨੇ ਨੌਕਰੀ ਦਾ ਕੀਤਾ ਵਾਅਦਾ
ਹਰਜਿੰਦਰ ਨੇ ਦੱਸਿਆ ਕਿ ਜਦੋਂ ਉਹ ਮੈਡਲ ਜਿੱਤਣ ਤੋਂ ਬਾਅਦ ਪੰਜਾਬ ਪਰਤੀ ਸੀ ਤਾਂ ਮੰਤਰੀ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਪਿੰਡ ਆ ਕੇ ਸਨਮਾਨ ਕਰਦੇ ਹੋਏ ਵਾਅਦਾ ਕੀਤਾ ਸੀ ਕਿ ਉਸ ਨੂੰ ਪੰਜਾਬ ਸਰਕਾਰ ਨੌਕਰੀ ਦੇਵੇਗੀ। ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਹਾਲੇ ਤੱਕ ਉਸ ਨੂੰ ਨੌਕਰੀ ਨਹੀਂ ਦਿੱਤੀ। ਹਰਜਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ, ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਅਤੇ ਨੈਸ਼ਨਲ ਗੇਮ ਵਿੱਚ ਕਈ ਵਾਰ ਮੈਡਲ ਜਿੱਤੇ ਹਨ। ਪਰ ਪੰਜਾਬ ਸਰਕਾਰ ਨੇ ਉਸ ਦੀ ਮਿਹਨਤ ਤੇ ਬਣਦਾ ਮਾਣ ਸਨਮਾਨ ਨਹੀਂ ਦਿੱਤਾ। ਵੇਟ ਲਿਫਟਰ ਹਰਜਿੰਦਰ ਕੌਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਤੋਂ ਨਿਰਾਸ਼ ਹੋ ਕੇ ਪੰਜਾਬ ਦੇ ਖਿਡਾਰੀ ਹੋਰ ਸੂਬਿਆਂ ਤੋਂ ਖੇਡਣ ਲਈ ਮਜ਼ਬੂਰ ਹੋ ਰਹੇ ਹਨ।
ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ
ਹਰਜਿੰਦਰ ਕੌਰ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਕੋਲ ਜ਼ਮੀਨ ਨਹੀਂ ਹੈ ਅਤੇ ਉਨ੍ਹਾਂ ਦੇ ਪਿਤਾ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਹਰਜਿੰਦਰ ਕੌਰ ਨੌਕਰੀ ਦੀ ਮੰਗ ਇਸ ਲਈ ਕਰ ਰਹੀ ਹੈ, ਕਿਉਂਕਿ ਉਹ ਆਪਣੇ ਪਰਿਵਾਰ ਦਾ ਖਰਚ ਚਲਾਉਣ ਦੇ ਲਈ ਮਦਦ ਕਰਨੀਂ ਚਾਹੁੰਦੀ ਹੈ। ਮੈਡਲ ਜਿੱਤਣ ਤੋਂ ਬਾਅਦ ਉਸ ਨੂੰ ਉਮੀਦ ਸੀ ਕਿ ਹੁਣ ਨੌਕਰੀ ਮਿਲ ਜਾਵੇਗੀ ਅਤੇ ਪਰਿਵਾਰ ਦਾ ਜੀਵਨ ਸੁਖਾਲਾ ਬਤੀਤ ਹੋ ਜਾਵੇਗਾ। ਪਰ ਹਾਲੇ ਤੱਕ ਨੌਕਰੀ ਨਹੀਂ ਮਿਲੀ।
ਧੀ ਲਈ ਪਰਿਵਾਰ ਦੀ ਮੰਗ
ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਨੇ ਵੀ ਪੰਜਾਬ ਸਰਕਾਰ ਦੇ ਖਿਲਾਫ ਨਿਰਾਸ਼ਾ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਨੌਜਵਾਨ ਖਿਡਾਰੀਆਂ ਨੂੰ ਨੌਕਰੀਆਂ ਦੇ ਕੇ ਨਸ਼ਿਆਂ ਤੋਂ ਦੂਰ ਰੱਖ ਸਕਦੀ ਹੈ। ਪੰਜਾਬ ਸਰਕਾਰ ਹਰ ਰੋਜ਼ ਦਾਅਵੇ ਕਰਦੀ ਹੈ ਕਿ ਉਸ ਵੱਲੋਂ ਹਜ਼ਾਰਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਸਰਕਾਰ ਨੇ ਹਾਲੇ ਤੱਕ ਦੇਸ਼ ਲਈ ਮੈਡਲ ਜਿੱਤਣ ਵਾਲੀ ਧੀ ਨੂੰ ਨੌਕਰੀ ਦੇਣ ਦੇ ਵਾਅਦੇ ਦੇ ਬਾਵਜੂਦ ਹਾਲੇ ਤੱਕ ਨੌਕਰੀ ਨਹੀਂ ਦਿੱਤੀ।