Mansa News: ਮਾਨਸਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਦਿਨਾਂ ਟਿੱਬਿਆਂ ਦਾ ਮੇਲਾ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋ ਗਿਆ। ਮੇਲੇ ਦੇ ਅਖੀਰਲੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਟਿੱਬਿਆਂ ਦੇ ਮੇਲੇ ਵਿੱਚ ਸ਼ਿਰਕਤ ਕੀਤੀ ਗਈ।
Trending Photos
Mansa News: ਮਾਨਸਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਦਿਨਾਂ ਟਿੱਬਿਆਂ ਦਾ ਮੇਲਾ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋ ਗਿਆ। ਮੇਲੇ ਦੇ ਅਖੀਰਲੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਟਿੱਬਿਆਂ ਦੇ ਮੇਲੇ ਵਿੱਚ ਸ਼ਿਰਕਤ ਕੀਤੀ ਗਈ ਅਤੇ ਉਨਾਂ ਵੱਲੋਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਨਾਮ ਉਤੇ ਮਾਨਸਾ ਵਿੱਚ ਕਲਾ ਕੇਂਦਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਤੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੇ ਲਈ ਪੰਜਾਬ ਸਰਕਾਰ ਪੁਰਾਤਨ ਵਿਰਸੇ ਨੂੰ ਜੀਵਤ ਕਰਨ ਦੇ ਉਪਰਾਲੇ ਕਰ ਰਹੀ ਹੈ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਮਹਾਨ ਨਾਟਕਕਾਰ ਅਜਮੇਰ ਔਲਖ ਅਤੇ ਹੋਰ ਕਲਾਕਾਰ ਮਾਨਸਾ ਦੀ ਧਰਤੀ ਉਤੇ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਦੇ ਲੋਕ ਕੁਦਰਤ ਨਾਲ ਮੇਲ ਮਿਲਾਪ, ਚੰਗੇ ਸੁਭਾਅ, ਹੱਕ ਸੱਚ ਮਿਹਨਤ ਦੀ ਕਮਾਈ ਕਰਨ ਵਾਲੇ ਇਮਾਨਦਾਰ ਤੇ ਸੰਘਰਸ਼ੀਲ ਹਨ, ਮੇਰੀ ਖੁਸ਼ਕਿਸਮਤੀ ਹੋਵੇਗੀ ਕਿ ਮੈਂ ਮਾਨਸਾ ਦੀ ਧਰਤੀ ਲਈ ਕੁੱਝ ਕਰ ਸਕਾਂ ਤੇ ਮਾਨਸਾ ਦੇ ਲੋਕਾਂ ਦੀ ਆਵਾਜ਼ ਬਣ ਸਕਾਂ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਨਿੱਜੀ ਤੌਰ ਉਤੇ ਮੇਲੇ ਵਿੱਚ ਲੱਗੀਆਂ ਸਟਾਲਾਂ ਦਾ ਦੌਰਾ ਕੀਤਾ ਤੇ ਮੇਲੇ ਵਿੱਚ ਪਹੁੰਚੇ ਕਾਸ਼ਤਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਮਾਨਸਾ ਵਿੱਚ ਕਰਵਾਏ ਜਾ ਰਹੇ ਟਿੱਬਿਆਂ ਦੇ ਮੇਲੇ ਦੀ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਜਿਹੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਤਰਨਤਾਰਨ ਵਿਖੇ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ-2023” ਤਹਿਤ ਕੁਸ਼ਤੀ ਮੁਕਾਬਲੇ ਕਰਵਾਏ ਗਏ ਹਨ ਤੇ ਅਗਲਾ ਮੇਲਾ ਮਲੇਰਕੋਟਲਾ ਵਿੱਚ ਸੂਫੀ ਫੈਸਟੀਵਲ ਦੇ ਤੌਰ ਉਤੇ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਭਵਿੱਖ ਵਿਚ ਹਰੇਕ ਜ਼ਿਲ੍ਹੇ ਦੇ ਸੱਭਿਆਚਾਰ ਨੂੰ ਉਜਾਗਰ ਕਰਦੇ ਮੇਲੇ ਲਗਾਉਣ ਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਟੂਰਿਜ਼ਮ ਵਿਭਾਗ ਦੀ ਪੂਰੀ ਤਿਆਰੀ ਹੈ ਕਿ ਜਲਦ ਹੀ ਨਾਟਕਕਾਰ ਅਜਮੇਰ ਔਲਖ ਜੀ ਦੇ ਨਾਮ ਉਤੇ ਮਾਨਸਾ ਵਿੱਚ ਕਲਾ ਕੇਂਦਰ ਸਥਾਪਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਨਵਰੀ ਮਹੀਨੇ ਵਿੱਚ ਮੁਕਤਸਰ ਸਾਹਿਬ ਵਿੱਚ ਮਾਘੀ ਫਿਰੋਜ਼ਪੁਰ ਵਿੱਚ ਬਸੰਤ ਉਤਸਵ ਅਤੇ ਰੰਗਲਾ ਪੰਜਾਬ ਮੇਲਾ ਅੰਮ੍ਰਿਤਸਰ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਪੂਰਥਲਾ ਹੈਰੀਟੇਜ ਫੈਸਟੀਵਲ, ਬਠਿੰਡਾ ਵਿੱਚ ਵਿਸਾਖੀ ਮੇਲਾ, ਪਟਿਆਲਾ ਹੈਰੀਟੇਜ ਫੈਸਟੀਵਲ, ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਵਿੱਚ ਕਿਲ੍ਹਾ ਰਾਏਕੋਟ ਪੇਂਡੂ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਪੰਜਾਬੀ ਸਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਟਿੱਬਿਆਂ ਦੇ ਮੇਲੇ ਦੇ ਆਖ਼ਰੀ ਦਿਨ ਗਾਇਕ ਕੰਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਮੇਲੇ ਵਿੱਚ ਆਏ ਦਰਸ਼ਕਾਂ ਨੂੰ ਝੂੰਮਣ ਉਤੇ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ : Punjab News: 'ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ' ਦਾ ਆਗਾਜ਼; 1076 'ਤੇ ਫੋਨ ਕਰਨ ਨਾਲ ਘਰ ਬੈਠੇ ਮਿਲਣਗੀਆਂ 43 ਸੇਵਾਵਾਂ
ਕੁਲਦੀਪ ਧਾਲੀਵਾਲ ਦੀ ਰਿਪੋਰਟ