ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਵਿਚਾਲੇ ਸ਼ਬਦੀ ਜੰਗ ਸਿਖ਼ਰਾਂ ’ਤੇ ਹੈ, ਹੁਣ ਯੂਥ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਵੀ ਇਸ ਲੜਾਈ ’ਚ ਵੜਿੰਗ ਦੀ ਹਮਾਇਤ ਕੀਤੀ ਹੈ।
Trending Photos
ਚੰਡੀਗੜ੍ਹ: ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਵਿਚਾਲੇ ਸ਼ਬਦੀ ਜੰਗ ਸਿਖ਼ਰਾਂ ’ਤੇ ਹੈ, ਹੁਣ ਕਾਂਗਰਸ ਪ੍ਰਧਾਨ ਵੜਿੰਗ ਦੇ ਸਮਰਥਨ ’ਚ ਯੂਥ ਪ੍ਰਧਾਨ ਬਰਿੰਦਰ ਢਿਲੋਂ ਵੀ ਨਿੱਤਰ ਆਏ ਹਨ।
ਬਰਿੰਦਰ ਢਿੱਲੋਂ ਨੇ ਵਿਧਾਇਕ ਸੰਦੀਪ ਜਾਖੜ ਨੂੰ ਸਵਾਲ ਕੀਤਾ ਕਿ ਕੀ ਉਹ ਪਿਛਲੇ 5 ਮਹੀਨਿਆਂ ਦੌਰਾਨ ਪਾਰਟੀ ਦੇ ਕਿਸੇ ਪ੍ਰੋਗਰਾਮ ’ਚ ਸ਼ਾਮਲ ਹੋਏ ਹਨ? ਕੀ ਉਹ ਰਾਹੁਲ ਗਾਂਧੀ ਨੂੰ ਆਪਣਾ ਆਗੂ ਮੰਨਦੇ ਹਨ? ਕੀ ਉਹ ਭਾਜਪਾ ਦੀ ਅਲੋਚਨਾ ਕਰਦੇ ਹਨ?
ਲੀਡਰਸ਼ਿਪ ਦੇ ਹੁਕਮਾਂ ਅਨੁਸਾਰ ਚੱਲੋ ਜਾਂ ਦੁਬਾਰਾ ਚੋਣ ਲੜੋ: ਢਿੱਲੋਂ
ਢਿੱਲੋਂ ਨੇ ਸਪੱਸ਼ਟ ਸ਼ਬਦਾਂ ’ਚ ਸੰਦੀਪ ਜਾਖੜ ਨੂੰ ਕਿਹਾ ਕਿ ਜੇਕਰ ਤੁਸੀਂ ਵਿਧਾਇਕ ਬਣੇ ਰਹਿਣਾ ਚਾਹੁੰਦੇ ਹੋ ਤਾਂ ਪਾਰਟੀ ਲੀਡਰਸ਼ਿਪ ਦਾ ਹੁਕਮਾਂ ਅਨੁਸਾਰ ਚੱਲੋ ਜਾਂ ਫ਼ੇਰ ਦੁਬਾਰਾ ਵਿਧਾਇਕੀ ਲਈ ਚੋਣ ਲੜੋ।
ਸੰਦੀਪ ਜਾਖੜ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੰਦੀਪ ਜਾਖੜ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਾਏ ਸਨ। ਜਿਸ ਦੇ ਜਵਾਬ ’ਚ ਸੰਦੀਪ ਜਾਖੜ ਨੇ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਜਾਵੇ।
ਸੁਨੀਲ ਜਾਖੜ ਦੇ ਭਤੀਜੇ ਹਨ ਸੰਦੀਪ
2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੁਨੀਲ ਜਾਖੜ ਦੇ ਥਾਂ ਸੰਦੀਪ ਨੇ ਅਬੋਹਰ ਤੋਂ ਚੋਣ ਲੜੀ ਸੀ। ਕਾਂਗਰਸ ਨੇ ਇਸ ਮੌਕੇ 18 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਿਸ ’ਚ ਅਬੋਹਰ ਦੀ ਸੀਟ ਵੀ ਸ਼ਾਮਲ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੁਨੀਲ ਜਾਖੜ ਦੇ ਭਾਜਪਾ ’ਚ ਜਾਣ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਕਾਂਗਰਸ ਦੀਆਂ ਅੱਖਾਂ ’ਚ ਰੜਕਣ ਲੱਗੇ ਹਨ।