Samrala News: ਹਾਦਸੇ ਵਿਚ ਪੁਸ਼ਪਾ ਦੇਵੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾ ਦਾ ਪੁੱਤਰ ਸੁਖਦੀਪ ਸਿੰਘ ਅਤੇ ਧੀ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
Trending Photos
Samrala News: ਲੁਧਿਆਣਾ ਦੇ ਇੱਕ ਪਰਿਵਾਰ ਨਾਲ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਉਹ ਸਵੇਰੇ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਪਰਤ ਰਹੇ ਸਨ । ਇਸ ਹਾਦਸੇ ਵਿਚ 2 ਬੱਚਿਆਂ ਦੀ ਮਾਂ ਦੀ ਮੌਤ ਹੋ ਗਈ, ਜਦਕਿ ਉਸ ਦੇ ਧੀ-ਪੁੱਤ ਦੋਵੇਂ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਪੁਸ਼ਪਾ ਦੇਵੀ ਆਪਣੇ ਧੀ-ਪੁੱਤ ਦੇ ਨਾਲ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਕਾਰ ਰਾਹੀਂ ਵਾਪਸ ਪਰਤ ਰਹੀ ਸੀ। ਜਦੋਂ ਉਹ ਸਮਰਾਲਾ ਦੇ ਨਜ਼ਦੀਕ ਸਰਹੰਦ ਨਹਿਰ ਦੇ ਗੜੀ ਪੁਲ਼ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਚਾਲਕ ਦੀ ਅੱਖ ਲੱਗਣ ਕਾਰਨ ਕਾਰ ਸਿੱਧੀ ਟਰੱਕ ਨਾਲ ਟਕਰਾ ਗਈ, ਜਿਸ ਨਾਲ ਕਾਰ ਸਵਾਰ ਵਿਚ ਫੱਸ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਨਜ਼ਦੀਕ ਖੇਤ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਬੜੀ ਜੱਦੋ-ਜਹਿਦ ਤੋਂ ਬਾਅਦ ਇਨ੍ਹਾਂ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੇ ਡਾਕਟਰ ਦੇ ਦੱਸਣ ਮੁਤਾਬਕ ਮਾਂ ਦੀ ਮੌਤ ਹੋ ਗਈ ਅਤੇ ਧੀ-ਪੁੱਤ ਗੰਭੀਰ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਸ ਸਬੰਧੀ ਸਮਰਾਲਾ ਫਾਇਰ ਬ੍ਰਿਗੇਡ ਤੋਂ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7.57 ਵਜੇ ਫ਼ੋਨ ਆਇਆ ਸੀ ਕਿ ਗੜੀ ਪੁਲ਼ 'ਤੇ ਇਕ ਰੋਡ ਐਕਸੀਡੈਂਟ ਹੋਇਆ ਹੈ, ਜਿਸ ਵਿਚ ਕਾਰ ਤੇ ਟਰੱਕ ਦੀ ਸਿੱਧੀ ਟੱਕਰ ਹੋਈ ਹੈ। ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ।
ਹਸਪਤਾਲ 'ਚ ਤਾਇਨਾਤ ਡਾਕਟਰ ਸੰਚਾਰਿਕਾ ਸਾਹਾ ਨੇ ਦੱਸਿਆ ਕਿ ਰੋਡ ਐਕਸੀਡੈਂਟ ਵਿਚ ਗੰਭੀਰ ਜ਼ਖ਼ਮੀ ਹੋਏ ਤਿੰਨ ਪਰਿਵਾਰਿਕ ਮੈਂਬਰਾਂ ਨੂੰ ਲਿਆਂਦਾ ਗਿਆ ਸੀ। ਇਨ੍ਹਾਂ ਵਿਚੋਂ ਪੁਸ਼ਪਾ ਦੇਵੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾ ਦਾ ਪੁੱਤਰ ਸੁਖਦੀਪ ਸਿੰਘ ਅਤੇ ਧੀ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।