Pathankot News: ਪਠਾਨਕੋਟ ਦੇ ਸਰਹੱਦੀ ਇਲਾਕੇ ਵਿੱਚ ਮੁੜ ਤੋਂ ਤਿੰਨ ਸ਼ੱਕੀ ਵਿਅਕਤੀ ਦਿਖਾਈ ਦਿੱਤੇ।
Trending Photos
Pathankot News: ਪੰਜਾਬ ਦੇ ਪਠਾਨਕੋਟ ਦੇ ਸਰਹੱਦੀ ਇਲਾਕੇ ਵਿੱਚ ਮੁੜ ਤੋਂ ਤਿੰਨ ਸ਼ੱਕੀ ਵਿਅਕਤੀ ਦਿਖਾਈ ਦਿੱਤੇ। ਪਠਾਨਕੋਟ ਦੇ ਸਰਹੱਦੀ ਇਲਾਕੇ ਦੇ ਪਿੰਡ ਛੋੜੀਆ ਵਿੱਚ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਫੋਰਸ ਦੇ ਨਾਲ ਮੌਕੇ ਉਤੇ ਮੌਜੂਦ ਸਨ। ਪੁਲਿਸ ਟੀਮਾਂ ਵੱਲੋਂ ਡ੍ਰੋਨ ਜ਼ਰੀਏ ਵੀ ਇਲਾਕੇ ਨਿਗਰਾਨੀ ਕਰ ਰਹੀ ਹੈ। ਪਿੰਡ ਦੀ ਇੱਕ ਔਰਤ ਵੱਲੋਂ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਨੀਲ ਕੁਮਾਰ ਨੇ ਦੱਸਿਆ ਕਿ ਸਾਡੇ ਪਿੰਡ ਦੇ ਬਾਹਰਵਾਰ ਇੱਕ ਇਕੱਲਾ ਘਰ ਹੈ, ਇਸ ਘਰ ਵਿੱਚ ਸਵੇਰੇ 11 ਵਜੇ ਦੇ ਕਰੀਬ ਘਰ 'ਚ ਇਕੱਲੀ ਔਰਤ ਮੌਜੂਦ ਸੀ ਜਦ ਘਰ ਦਾ ਮੇਨ ਗੇਟ ਖੜਕਾਇਆ ਗਿਆ ਤਾਂ ਉਸ ਵਲੋਂ ਗੇਟ ਤਾਂ ਨਹੀਂ ਖੋਲਿਆ ਗਿਆ ਪਰ ਛੱਤ 'ਤੇ ਚੜ੍ਹ ਕੇ ਜਦ ਦੇਖਿਆ ਤਾਂ ਗੇਟ ਦੇ ਕੋਲ ਤਿੰਨ ਸ਼ੱਕੀ ਵਿਅਕਤੀ ਖੜ੍ਹੇ ਸਨ। ਇਨ੍ਹਾਂ ਸ਼ੱਕੀ ਵਿਅਕਤੀਆਂ ਵੱਲੋਂ ਔਰਤ ਕੋਲੋਂ ਕੁਝ ਪੈਸਿਆਂ ਦੀ ਮੰਗ ਕੀਤੀ ਗਈ ਪਰ ਔਰਤ ਵੱਲੋਂ ਜਦ ਇਹਨਾਂ ਸ਼ੱਕੀ ਵਿਅਕਤੀਆਂ ਬਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਤਾਂ ਪਿੰਡ ਵਾਸੀਆਂ ਦੇ ਮੌਕੇ 'ਤੇ ਆਉਣ ਤੋਂ ਪਹਿਲਾਂ ਹੀ ਇਹ ਸ਼ੱਕੀ ਵਿਅਕਤੀ ਨੇੜੇ ਕਮਾਦ ਦੇ ਖੇਤਾਂ ਵਿੱਚ ਵੜ ਗਏ।
ਇਸ ਮੌਕੇ ਸਰਪੰਚ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਔਰਤ ਵੱਲੋਂ ਦੱਸਿਆ ਗਿਆ ਹੈ ਕਿ ਦੋ ਵਿਅਕਤੀਆਂ ਵੱਲੋਂ ਆਰਮੀ ਵਰਦੀ ਵਰਗੇ ਕੱਪੜੇ ਪਾਏ ਹੋਏ ਸਨ ਅਤੇ ਇੱਕ ਵੱਲੋਂ ਸੈਡੋ ਬਨੈਨ ਅਤੇ ਨਿੱਕਰ ਪਾਈ ਹੋਈ ਸੀ। ਇਨ੍ਹਾਂ ਵੱਲੋਂ ਕਾਲੇ ਕੱਪੜੇ ਨਾਲ ਆਪਣੇ ਮੂੰਹ ਬੰਨ੍ਹੇ ਹੋਏ ਸਨ ਅਤੇ ਇੱਕ ਵਿਅਕਤੀ ਵੱਲੋਂ ਆਪਣੀ ਪਿੱਠ ਤੇ ਪਿੱਠੂ ਬੈਗ ਪਾਇਆ ਹੋਇਆ ਸੀ।
ਸਰਪੰਚ ਵੱਲੋਂ ਇਸ ਸਬੰਧੀ ਥਾਣਾ ਤਾਰਾਗੜ੍ਹ ਅੰਦਰ ਸੂਚਿਤ ਕੀਤਾ ਗਿਆ ਤੁਰੰਤ ਇਲਾਕੇ ਦੇ ਡੀ. ਐੱਸ. ਪੀ. ਸੁਖਜਿੰਦਰ ਸਿੰਘ ਸਮੇਤ ਭਾਰੀ ਗਿਣਤੀ 'ਚ ਪੁਲਿਸ ਫੋਰਸ ਨਾਲ ਪਹੁੰਚ ਗਈ ਜਿਸ ਤੋਂ ਉਪਰੰਤ ਪੂਰੇ ਇਲਾਕੇ ਅੰਦਰ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸਐੱਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਵੀ ਮੌਕੇ 'ਤੇ ਪਹੁੰਚੇ। ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸੂਚਨਾ ਮਿਲਣ ਉਪਰੰਤ ਪੁਲਸ ਦੀ ਭਾਰੀ ਫੋਰਸ ਇਥੇ ਪਹੁੰਚ ਗਈ ਹੈ ਅਤੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ।