PSEB 12th result 2023: ਬਾਰ੍ਹਵੀਂ ਸ਼੍ਰੇਣੀ ਦੀ ਸਾਲ 2022-23 ਦੀ ਇਸ ਪਰੀਖਿਆ ਵਿੱਚ ਵੀ ਬਾਜ਼ੀ ਲੜਕੀਆਂ ਦੇ ਹੀ ਹੱਥ ਰਹੀ। ਮੈਰਿਟ ਸੂਚੀ ਅਨੁਸਾਰ ਪਹਿਲਾ ਸਥਾਨ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਸਰਦੂਲਗੜ੍ਹ ਜਿਲ੍ਹਾ ਮਾਨਸਾ ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਸ. ਨਿਰਮਲ ਸਿੰਘ ਨੇ 500 ਵਿੱਚੋਂ 500 ਅੰਕ ਲੈ ਕੇ ਪ੍ਰਾਪਤ ਕੀਤਾ ਹੈ
Trending Photos
PSEB 12th result 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਯੋਗ ਚੇਅਰਪਰਸਨ ਡਾ. ਸਤਬੀਰ ਬੇਦੀ ਦੀ ਯੋਗ ਅਗਵਾਈ ਸਦਕੇ ਬੁੱਧਵਾਰ, 24 ਮਈ ਨੂੰ ਅਕਾਦਮਿਕ ਸਾਲ 2022-23 ਲਈ ਬਾਰ੍ਹਵੀਂ ਸ਼੍ਰੇਣੀ(ਰੈਗੂਲਰ ਅਤੇ ਓਪਨ ਸਕੂਲ) ਦਾ ਨਤੀਜਾ ਵਾਈਸ ਚੇਅਰਮੈਨ, ਡਾ. ਵਰਿੰਦਰ ਭਾਟੀਆ ਵੱਲੋਂ ਐਲਾਨਿਆਂ ਗਿਆ। ਇਸ ਸਾਲ ਬਾਰ੍ਹਵੀਂ ਸ਼੍ਰੇਣੀ ਦੀ ਪਰੀਖਿਆ ਵਿੱਚ ਕੁੱਲ 296709 (ਦੋ ਲੱਖ ਛਿਆਨਵੇਂ ਹਜ਼ਾਰ ਸੱਤ ਸੌ ਨੌਂ) ਪਰੀਖਿਆਰਥੀ ਅਪੀਅਰ ਹੋਏ ਜਿਨ੍ਹਾਂ ਵਿੱਚੋਂ 274378 (ਦੋ ਲੱਖ ਚੁਹੱਤਰ ਹਜਾਰ ਤਿੰਨ ਸੌ ਅਠੱਤਰ ) ਪਰੀਖਿਆਰਥੀ ਪਾਸ ਹੋਏ ਹਨ। ਸਾਲ 2022-23 ਦੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 92.47% ਰਹੀ ਹੈ।
ਬਾਰ੍ਹਵੀਂ ਸ਼੍ਰੇਣੀ ਦੀ ਸਾਲ 2022-23 ਦੀ ਇਸ ਪਰੀਖਿਆ ਵਿੱਚ ਵੀ ਬਾਜ਼ੀ ਲੜਕੀਆਂ ਦੇ ਹੀ ਹੱਥ ਰਹੀ। ਮੈਰਿਟ ਸੂਚੀ ਅਨੁਸਾਰ ਪਹਿਲਾ ਸਥਾਨ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਸਰਦੂਲਗੜ੍ਹ ਜਿਲ੍ਹਾ ਮਾਨਸਾ ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਸ. ਨਿਰਮਲ ਸਿੰਘ ਨੇ 500 ਵਿੱਚੋਂ 500 ਅੰਕ ਲੈ ਕੇ ਪ੍ਰਾਪਤ ਕੀਤਾ ਹੈ। ਐੱਮ. ਐੱਸ.ਡੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਠਿੰਡਾ ਦੀ ਵਿਦਿਆਰਥਣ ਸ਼ਰੇਆ ਸਿੰਗਲਾ ਪੁੱਤਰੀ ਦੇਵਿੰਦਰ ਕੁਮਾਰ ਸਿੰਗਲਾ 498/500 (99.60 %) ਅੰਕਾਂ ਨਾਲ ਦੂਸਰੇ ਸਥਾਨ 'ਤੇ ਰਹੀ ਅਤੇ ਤੀਸਰਾ ਸਥਾਨ ਨਵਪ੍ਰੀਤ ਕੌਰ ਪੁੱਤਰੀ ਸ. ਅਮਰੀਕ ਸਿੰਘ ਜੋ ਬੀ.ਸੀ.ਐੱਮ, ਐੱਚ. ਐੱਮ 150, ਜਮਾਲਪੁਰ ਕਲੋਨੀ, ਫ਼ੋਕਲ ਪੁਆਇੰਟ ਲੁਧਿਆਣਾ ਦੀ ਵਿਦਿਆਰਥਣ ਨੇ 497/500 (99.40 %) ਅੰਕ ਲੈ ਕੇ ਪ੍ਰਾਪਤ ਕੀਤਾ।
ਜੇ.ਆਰ ਮਹਿਰੋਕ ਕੰਟਰੋਲਰ ਪ੍ਰੀਖਿਆਵਾਂ ਮੁਤਾਬਕ ਨਤੀਜਾ ਐਲਾਨੇ ਜਾਣ ਦੇ ਇੱਕ ਹਫ਼ਤੇ ਉਪਰੰਤ ਪਰੀਖਿਆਰਥੀਆਂ ਦੇ ਡਿਜੀਟਲ ਸਰਟੀਫ਼ਿਕੇਟ ਡਿਜੀਲਾਕਰ ਤੇ ਉਪਲਬਧ ਹੋਣਗੇ। ਪਰੀਖਿਆਰਥੀ ਆਪਣੇ ਡਿਜੀਟਲ ਸਰਟੀਫ਼ਿਕੇਟ ਡਿਜੀਲਾਕਰ ਰਾਹੀਂ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਪਰੀਖਿਆਰਥੀਆਂ ਵੱਲੋਂ ਆਪਣੇ ਪਰੀਖਿਆ ਫ਼ਾਰਮ ਵਿੱਚ ਸਰਟੀਫ਼ਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰੀ ਗਈ ਸੀ, ਅਜਿਹੇ ਪਰੀਖਿਆਰਥੀਆਂ ਦੇ ਸਰਟੀਫ਼ਕੇਟ ਨਤੀਜਾ ਐਲਾਨੇ ਜਾਣ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਸਬੰਧਤ ਸਕੂਲ ਆਪਣੇ ਜ਼ਿਲ੍ਹੇ ਵਿਖੇ ਸਥਿਤ ਸਿੱਖਿਆ ਬੋਰਡ ਦੇ ਖ਼ੇਤਰੀ ਦਫ਼ਤਰਾਂ ਤੋਂ ਪ੍ਰਾਪਤ ਕਰ ਸਕਣਗੇ।
ਕੰਪਾਰਟਮੈਂਟ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਕੈਟਾਗਰੀਆਂ ਅਧੀਨ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਦੇ ਸਰਟੀਫ਼ਿਕੇਟ ਵੀ ਡਿਜੀਲਾਕਰ ਤੇ ਮੁਹੱਈਆ ਕਰਵਾਏ ਜਾਣਗੇ ਅਤੇ ਸਰਟੀਫ਼ਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰਨ ਵਾਲੇ ਪਰੀਖਿਆਰਥੀਆਂ ਦੇ ਸਰਟੀਫ਼ਿਕੇਟ ਰਜਿਸਟਰਡ ਡਾਕ ਰਾਹੀਂ ਭੇਜੇ ਜਾਣਗੇ।
ਇਹ ਵੀ ਪੜ੍ਹੋ: Punjab Board 12th Result 2023: PSEB ਕਲਾਸ 12ਵੀਂ ਦਾ ਨਤੀਜਾ ਹੋਇਆ ਜਾਰੀ, ਇੰਝ ਕਰੋ ਚੈੱਕ
ਬੁੱਧਵਾਰ ਨੂੰ ਐਲਾਨੇ ਬਾਰ੍ਹਵੀਂ ਸ਼੍ਰੇਣੀ ਦੇ ਇਸ ਨਤੀਜੇ ਸਬੰਧੀ ਪੂਰੇ ਵੇਰਵੇ ਅਤੇ ਨਤੀਜਾ ਵੀਰਵਾਰ, 25 ਮਈ ਨੂੰ ਸਵੇਰੇ 08:00 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ www.Indiaresults.com 'ਤੇ ਉਪਲੱਬਧ ਹੋਵੇਗਾ। ਨਤੀਜੇ ਸਬੰਧੀ ਇਹ ਵੇਰਵੇ ਕੇਵਲ ਵਿਦਿਆਰਥੀਆਂ ਦੀ ਸੂਚਨਾ ਹਿਤ ਹੋਣਗੇ।