Punjab News: ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਇੱਕ ਵਿਸ਼ੇਸ਼ ਸਹਾਇਤਾ ਪੈਕੇਜ ਦੀ ਮੰਗ ਕੀਤੀ ਹੈ।
Trending Photos
Punjab News: ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Praneet Kaur) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਪੱਤਰ ਲਿਖ ਕੇ ਪੰਜਾਬ ਦੇ ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿੱਚ ਸੰਸਦ ਮੈਂਬਰ ਪਟਿਆਲਾ ਨੇ ਲਿਖਿਆ, "ਜਿਵੇਂ ਕਿ ਤੁਸੀਂ ਜਾਣਦੇ ਹੋ, ਲਗਾਤਾਰ ਆਏ ਹੜ੍ਹਾਂ ਨੇ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ, ਜਿਸ ਵਿੱਚ ਮੇਰਾ ਹਲਕਾ ਪਟਿਆਲਾ ਵੀ ਸ਼ਾਮਲ ਹੈ, ਜੋ ਕਿ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ।
ਲਗਭਗ 500 ਪਿੰਡ ਤਬਾਹ ਹੋ ਗਏ ਹਨ ਅਤੇ 1.25 ਲੱਖ ਏਕੜ ਖੇਤਾਂ ਦੀਆਂ ਜ਼ਮੀਨਾਂ ਅਜੇ ਵੀ ਡੂੰਘੇ ਪਾਣੀਆਂ ਦੀ ਮਾਰ ਹੇਠ ਹਨ। ਪਟਿਆਲਾ ਸ਼ਹਿਰ, ਕਈ ਕਸਬੇ ਅਤੇ ਹਲਕੇ ਦੀ ਵੱਡੀ ਗਿਣਤੀ ਬਸਤੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।"
ਫਸਲਾਂ ਦੇ ਨੁਕਸਾਨ ਦਾ ਵਰਣਨ ਕਰਦੇ ਹੋਏ ਉਨ੍ਹਾਂ ਨੇ ਅੱਗੇ ਲਿਖਿਆ, “ਸਾਉਣੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਘੱਗਰ ਨਦੀ ਦੁਆਰਾ ਲਿਆਂਦੀ ਗਈ ਤਿੰਨ ਫੁੱਟ ਤੋਂ ਵੱਧ ਰੇਤ ਅਤੇ ਗਾਦ ਸਾਰੇ ਖੇਤਾਂ ਵਿੱਚ ਜਮ੍ਹਾ ਹੋ ਗਈ ਹੈ, ਜਿਸ ਨਾਲ ਝੋਨੇ ਅਤੇ ਹੋਰ ਫਸਲਾਂ ਦੀ ਦੁਬਾਰਾ ਬਿਜਾਈ ਦੇ ਬਹੁਤ ਘੱਟ ਮੌਕੇ ਬਚੇ ਹਨ ਅਤੇ ਜ਼ਮੀਨਾਂ 'ਤੇ ਮੁੜ ਦਾਅਵਾ ਕਰਨਾ ਤੁਰੰਤ ਸੰਭਵ ਨਹੀਂ ਹੈ। ਇਸ ਲਈ ਬਹੁਤ ਮਿਹਨਤ ਅਤੇ ਫੰਡਾਂ ਦੀ ਵੀ ਲੋੜ ਹੈ। ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਨੇ ਇਨ੍ਹਾਂ ਲੋਕਾਂ ਦੀ ਨਿਰਾਸ਼ਾ ਨੂੰ ਹੋਰ ਵਧਾ ਦਿੱਤਾ ਹੈ।"
ਪੰਜਾਬ ਲਈ ਇਕ ਵਾਰ ਦੀ ਵਿਸ਼ੇਸ਼ ਸਹਾਇਤਾ ਪੈਕੇਜ ਦੀ ਬੇਨਤੀ ਕਰਦੇ ਹੋਏ ਉਨ੍ਹਾਂ ਕਿਹਾ, ''ਜਿੱਥੇ ਮੈਂ ਆਫ਼ਤ ਨਾਲ ਨਜਿੱਠਣ ਲਈ ਵੱਖ-ਵੱਖ ਉਪਾਅ ਕਰਨ ਲਈ ਪੰਜਾਬ ਰਾਜ ਨੂੰ 218.40 ਕਰੋੜ ਰੁਪਏ ਭੇਜਣ ਲਈ ਤੁਹਾਡਾ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗੀ, ਮੈਂ ਇਸ ਲਈ ਸੁਝਾਅ ਵੀ ਦੇਣਾ ਚਾਹਾਂਗੀ, ਕਿ ਕਿਸਾਨਾਂ ਨੂੰ ਇੱਕ ਵਿਸ਼ੇਸ਼ ਯਕਮੁਸ਼ਤ ਸਹਾਇਤਾ ਸਿੱਧੀ ਦਿੱਤੀ ਜਾਵੇ ਜੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਜਾਰੀ ਕੀਤੀ ਜਾ ਸਕਦੀ ਹੈ।"
ਪ੍ਰਧਾਨ ਮੰਤਰੀ ਨੂੰ ਖੇਤ ਮਜ਼ਦੂਰਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਨਾਲ ਸਬੰਧਤ ਲੋਕਾਂ ਲਈ ਪੈਕੇਜ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਲਿਖਿਆ, “ਖੇਤ ਮਜ਼ਦੂਰਾਂ ਅਤੇ ਆਬਾਦੀ ਦੇ ਹੋਰ ਕਮਜ਼ੋਰ ਵਰਗਾਂ ਲਈ ਵੀ ਇਸੇ ਤਰ੍ਹਾਂ ਦੀ ਵਿਵਸਥਾ 'ਤੇ ਵਿਚਾਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਆਪਣਾ ਘਰ ਅਤੇ ਘਰ ਅੰਦਰ ਆਉਂਦਾ ਸਾਰਾ ਸਮਾਨ ਪੂਰੀ ਤਰ੍ਹਾਂ ਗੁਆ ਦਿੱਤਾ ਹੈ।"
ਇਹ ਵੀ ਪੜ੍ਹੋ: Punjab News: ਲੰਬੇ ਇੰਤਜ਼ਾਰ ਤੋਂ ਬਾਅਦ 12500 ਅਧਿਆਪਕਾਂ ਨੂੰ ਕੀਤਾ ਗਿਆ ਪੱਕਾ, CM ਭਗਵੰਤ ਮਾਨ ਨੇ ਸੌਂਪੇ ਨਿਯੁਕਤੀ ਪੱਤਰ