Samrala News: ਗੈਸ ਫੈਕਟਰੀ ਲੱਗਣ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਉਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਰੋਸ ਪ੍ਰਦਰਸ਼ਨ ਧਰਨਾ ਦਿੱਤਾ ਗਿਆ।
Trending Photos
Samrala News: ਰਿਹਾਇਸ਼ੀ ਇਲਾਕੇ ਵਿੱਚ ਗੈਸ ਫੈਕਟਰੀ ਲੱਗਣ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਉਤੇ ਸਮਰਾਲਾ ਵਿੱਚ ਦਰਜਨ ਤੋਂ ਵੱਧ ਪਿੰਡ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਰੋਸ ਪ੍ਰਦਰਸ਼ਨ ਧਰਨਾ ਦਿੱਤਾ ਗਿਆ।
ਪਿੰਡ ਵਾਲਿਆਂ ਵੱਲੋਂ ਟਰਾਲੀ ਵਿੱਚ ਪੱਕੇ ਮੋਰਚੇ ਲਈ ਰਾਸ਼ਨ ਵੀ ਲਿਆਂਦਾ ਗਿਆ। ਇਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ ਖੀਰਨੀਆਂ, ਸਾਬਕਾ ਵਿਧਾਇਕ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਮਿੰਟੂ ਪਹੁੰਚੇ। ਉਨ੍ਹਾਂ ਵੱਲੋਂ ਵੀ ਪਿੰਡ ਵਾਲਿਆਂ ਦਾ ਸਾਥ ਦਿੱਤਾ ਗਿਆ।
ਤਿੰਨ ਪਿੰਡਾਂ ਦੇ ਲੋਕ ਗੈਸ ਫੈਕਟਰੀ ਦੇ ਵਿਰੋਧ ’ਚ ‘ਸਾਡੇ ਘਰ ਤੇ ਪਿੰਡ ਵਿਕਾਊ’ ਦੇ ਪੋਸਟਰ ਵੀ ਲਾ ਚੁੱਕੇ ਹਨ। ਸਮਰਾਲਾ ਨੇੜਲੇ ਪਿੰਡ ਮੁਸ਼ਕਾਬਾਦ ਵਿੱਚ ਲੱਗ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਵਿੱਚ ਪਿੰਡ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰਿਆ ਦੇ ਵਸਨੀਕਾਂ ਵੱਲੋਂ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾ ‘ਸਾਡੇ ਘਰ ਤੇ ਸਾਡੇ ਪਿੰਡ ਵਿਕਾਊ’ ਦੇ ਪੋਸਟਰ ਲਗਾਉਣ ਵਾਲੇ ਇਨ੍ਹਾਂ ਤਿੰਨ ਪਿੰਡਾਂ ਦੇ ਸੰਘਰਸ਼ ਵਿਚ ਅੱਜ ਆਸ-ਪਾਸ ਦੇ ਕਈ ਹੋਰ ਪਿੰਡ ਸ਼ਾਮਲ ਹੋ ਗਏ ਹਨ।
ਹਾਲਾਂਕਿ ਦੋ ਸਾਲ ਤੋਂ ਲੱਗ ਰਹੀ ਇਸ ਫੈਕਟਰੀ ਦੇ ਵਿਰੋਧ ਵਿੱਚ ਇਨ੍ਹਾਂ ਪਿੰਡਾਂ ਦੇ ਲੋਕ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ, ਪ੍ਰੰਤੂ ਹੁਣ ਕੋਈ ਹੱਲ ਨਾ ਨਿਕਲਦਾ ਵੇਖ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ ਵਿੱਚ ਖਾਣ ਪੀਣ ਦਾ ਸਾਮਾਨ ਤੇ ਹੋਰ ਰਾਸ਼ਨ ਭਰ ਕੇ ਲੁਧਿਆਣਾ-ਚੰਡੀਗੜ੍ਹ ਹਾਈਵੇ ਉਤੇ ਲੈ ਆਏ ਅਤੇ ਉੱਥੇ ਪੱਕੇ ਧਰਨੇ ਉਤੇ ਬੈਠ ਗਏ ਹਨ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਫੈਕਟਰੀ ਬੰਦ ਕਰਨ ਦੀ ਮੰਗ ਨੂੰ ਲੈ ਕੇ ਭਾਵੇਂ ਉਹ ਪਹਿਲਾ ਵੀ ਅਨੇਕਾਂ ਧਰਨੇ ਲਗਾ ਚੁੱਕੇ ਹਨ ਪਰ ਹੁਣ ਇਹ ਧਰਨਾ ਉਦੋਂ ਹੀ ਚੁੱਕਿਆ ਜਾਵੇਗਾ, ਜਦੋਂ ਫੈਕਟਰੀ ਨੂੰ ਪੱਕੇ ਤੌਰ ’ਤੇ ਤਾਲੇ ਲੱਗ ਜਾਣਗੇ।
ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਤੇ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਜਾਵੇਗਾ। ਇਸ ਧਰਨੇ ਵਿੱਚ ਕਿਸਾਨ ਤੇ ਸਿਆਸੀ ਆਗੂ ਵੀ ਪੁੱਜੇ। ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਨ੍ਹਾਂ ਦੇ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧੇਗਾ। ਜਦਕਿ ਪਹਿਲਾ ਉਨ੍ਹਾਂ ਦਾ ਪੂਰਾ ਇਲਾਕਾ ਗ੍ਰੀਨ ਜ਼ੋਨ ਵਿੱਚ ਹੈ। ਪਲਾਂਟ ਤੋਂ ਸਾਰੇ ਪਿੰਡਾਂ ਦਾ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ ਤੇ ਬਿਮਾਰੀਆਂ ਫੈਲਣ ਦਾ ਡਰ ਰਹੇਗਾ।
ਕੁੱਝ ਦੂਰੀ ਉਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਾਰਨ ਉਹ ਕਿਸੇ ਵੀ ਕੀਮਤ ਉਤੇ ਪਲਾਂਟ ਨਹੀਂ ਲੱਗਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ਵਿੱਚ ਅਜਿਹੇ ਪਲਾਂਟ ਲਾਏ ਜਾਣ। ਬਾਕੀ ਪਏ ਉਦਯੋਗ ਚਾਲੂ ਕੀਤੇ ਜਾਣ, ਇਹ ਤਾਂ ਲੋਕਾਂ ਨੂੰ ਮਾਰਨ ਦੀ ਨੀਤੀ ਹੈ। ਲੋਕਾਂ ਨੇ ਕਿਹਾ ਕਿ ਪੱਕੇ ਤੌਰ ਉਤੇ ਮੁੱਖ ਹਾਈਵੇ ਰੋਕ ਲਿਆ ਗਿਆ ਹੈ ਅਤੇ ਇਹ ਉਦੋਂ ਹੀ ਖੋਲ੍ਹਿਆ ਜਾਵੇਗਾ, ਜੇਕਰ ਪਲਾਂਟ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਾ ਕੇ ਇਸ ਨੂੰ ਸ਼ਿਫਟ ਕੀਤਾ ਜਾਂਦਾ ਹੈ।
ਇਸ ਧਰਨੇ ਵਿੱਚ ਸਮਰਾਲਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਟੀਮ ਦੇ ਨਾਲ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਮੌਕੇ ਉਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਤੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਕਿ ਇਹ ਫੈਕਟਰੀ ਕਿਸੇ ਵੀ ਹਾਲਤ ਵਿੱਚ ਨਹੀਂ ਚੱਲੇਗੀ।
ਇਸ ਮੌਕੇ ਪਿੰਡ ਮੁਸ਼ਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਕਰੀਬ 2 ਸਾਲਾਂ ਤੋਂ ਸਾਡੇ ਪਿੰਡ ਵਿੱਚ ਬਾਇਓਗੈਸ ਫੈਕਟਰੀ ਲਗਾਉਣ ਦਾ ਵਿਰੋਧ ਕਰ ਰਹੀ ਹੈ। ਅਨੇਕਾਂ ਵਾਰ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਪਰ ਅਧਿਕਾਰੀ ਉਨ੍ਹਾਂ ਨੂੰ ਸਿਰਫ ਝੂਠੇ ਭਰੋਸੇ ਹੀ ਦਿੰਦੇ ਰਹੇ ਅਤੇ ਅੰਦਰੋਂ-ਅੰਦਰੀ ਫੈਕਟਰੀ ਦਾ ਕੰਮ ਅੱਗੇ ਵਧਦਾ ਗਿਆ। ਪ੍ਰੰਤੂ ਹੁਣ ਲੋਕ ਕਿਸੇ ਭਰੋਸੇ ਦਾ ਯਕੀਨ ਨਹੀਂ ਕਰਨਗੇ ਅਤੇ ਫੈਕਟਰੀ ਬੰਦ ਕਰਵਾਕੇ ਹੀ ਧਰਨੇ ਤੋਂ ਉੱਠਣਗੇ।
ਸੰਘਰਸ਼ ਕਰ ਰਹੇ ਲੋਕਾਂ ਨੇ ਦੱਸਿਆ ਕਿ, ਉਨ੍ਹਾਂ ਨੂੰ ਪਿੰਡ ਦੇ ਮੁੱਖ ਰਸਤਿਆਂ ਅਤੇ ਘਰਾਂ ਦੇ ਬਾਹਰ ਘਰ ਅਤੇ ਪਿੰਡ ਵਿਕਾਊ ਹਨ ਦੇ ਇਹ ਪੋਸਟਰ ਲਗਾਉਣ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਜੇਕਰ ਸਾਡੇ ਪਿੰਡ ਵਿੱਚ ਬਾਇਓਗੈਸ ਫੈਕਟਰੀ ਕੰਮ ਕਰਨ ਲੱਗਦੀ ਹੈ ਤਾਂ ਸਾਡੇ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਦੋ ਪਿੰਡ ਟੱਪਰੀਆ ਅਤੇ ਖੀਰਨੀਆਂ ਜੋ ਅੱਜ ਗਰੀਨ ਬੈਲਟ ਵਜੋਂ ਮਸ਼ਹੂਰ ਹਨ, ਉਨ੍ਹਾਂ ਦੀ ਹਵਾ ਅਤੇ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਫਿਰ ਇਹ ਪਿੰਡ ਵਾਸੀਆਂ ਦੀ ਸਿਹਤ ਲਈ ਵੀ ਖਤਰਨਾਕ ਸਾਬਤ ਹੋਵੇਗਾ ਅਤੇ ਮਨੁੱਖੀ ਜੀਵਨ ਜਿਊਣ ਯੋਗ ਨਹੀਂ ਰਹੇਗਾ।
ਸਮਰਾਲਾ ਦੇ ਦਿਆਲਪੁਰਾ ਬਾਈਪਾਸ ਉਤੇ ਧਰਨੇ ਉੱਤੇ ਬੈਠੇ ਪਿੰਡਾਂ ਦੇ ਲੋਕਾਂ ਨੇ ਐਲਾਨ ਕੀਤਾ ਕਿ, ਜਿਹੜੀਆਂ ਸਿਆਸੀ ਪਾਰਟੀਆਂ ਸਾਡੇ ਪਿੰਡਾਂ ਦੇ ਮੁੱਦੇ ’ਤੇ ਗੰਭੀਰਤਾ ਨਾਲ ਸਾਡੀ ਹਮਾਇਤ ਕਰਦੀਆਂ ਹਨ, ਉਹ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਚੋਣ ਪ੍ਰਚਾਰ ਲਈ ਸਾਡੇ ਪਿੰਡ ਆਉਣਗੀਆਂ ਅਤੇ ਜਿਹੜੀਆਂ ਸਿਆਸੀ ਪਾਰਟੀਆਂ ਸਾਡਾ ਸਾਥ ਨਹੀਂ ਦਿੰਦੀਆਂ ਉਨ੍ਹਾਂ ਨੂੰ ਅਸੀਂ ਸਾਡੇ ਪਿੰਡ ਅੰਦਰ ਆਉਣ ਨਹੀਂ ਦੇਵਾਂਗੇ।
ਇਹ ਵੀ ਪੜ੍ਹੋ : Arvind Kejriwal Health: ਦਿੱਲੀ CM ਅਰਵਿੰਦ ਕੇਜਰੀਵਾਲ ਦਾ ਤੇਜ਼ੀ ਨਾਲ ਘੱਟ ਰਿਹਾ ਹੈ ਭਾਰ! ਜੇਲ੍ਹ ਪ੍ਰਸ਼ਾਸਨ ਦਾ ਆਇਆ ਜਵਾਬ