1984 ਦਿੱਲੀ ਦੀਆਂ ਸੜਕਾਂ 'ਤੇ ਜੋ ਸਿੱਖ ਕਤਲੇਆਮ ਹੋਇਆ ਉਸ ਨੂੰ ਭਾਵੇਂ 38 ਸਾਲ ਕਿਉਂ ਨਾ ਹੋ ਗਏ ਹੋਣ।ਪਰ ਜਿਹਨਾਂ ਨਾਲ ਉਹ ਦੁਖਾਂਤ ਵਾਪਰਿਆ ਉਹ ਅੱਜ ਵੀ ਇਸ ਮੰਜਰ ਨੂੰ ਯਾਦ ਕਰਕੇ ਰੋ ਪੈਂਦੇ ਹਨ।ਕਈ ਤਾਂ ਇਸ ਕਤਲੇਆਮ ਵਿਚ ਇਸ ਕਦਰ ਉਜੜੇ ਕਿ ਮੁੜ ਵੱਸ ਨਾ ਸਕੇ।
Trending Photos
ਭਰਤ ਸ਼ਰਮਾ/ਲੁਧਿਆਣਾ: ਆਪਰੇਸ਼ਨ ਬਲਿਊ ਸਟਾਰ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਤੇ 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਦੇਸ਼ ਦੇ ਵਿਚ ਜੋ ਲੋਕਤੰਤਰ ਦਾ ਘਾਣ ਹੋਇਆ ਉਸ ਨੂੰ ਯਾਦ ਕਰਕੇ ਅੱਜ ਵੀ ਇਸ ਦਾ ਸ਼ਿਕਾਰ ਹੋਏ ਪੀੜਤ ਰੋ ਪੈਂਦੇ ਹਨ। ਕਿਸੇ ਨੇ ਆਪਣਾ ਪੁੱਤ ਗਵਾਇਆ ਕਿਸੇ ਨੇ ਆਪਣਾ ਪਿਉ ਅਤੇ ਕਿਸੇ ਨੇ ਆਪਣਾ ਭਰਾ, ਕਿਸੇ ਦਾ ਪਤੀ ਨਹੀਂ ਬਚਿਆ ਅਤੇ ਕਿਸੇ ਦਾ ਦਿਉਰ ਇਨਸਾਫ਼ ਲਈ 38 ਸਾਲ ਦੀ ਲੜਾਈ ਲੜਨ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲ ਸਕਿਆ ਤਾਂ ਅੱਖਾਂ ਦੇ ਹੰਝੂ ਵੀ ਸੁੱਕ ਗਏ।
ਪਰ ਜਦੋਂ ਇਹ ਹਫ਼ਤਾ ਸ਼ੁਰੂ ਹੁੰਦਾ ਹੈ ਤਾਂ ਅੱਜ ਵੀ ਕਤਲੇਆਮ ਦੇ ਪੀੜਤਾਂ ਨੂੰ ਮੌਤ ਦਾ ਉਹ ਮੰਜਰ ਯਾਦ ਆ ਜਾਂਦਾ ਹੈ ਅਤੇ ਨਾ ਚਾਹੁੰਦੇ ਹੋਏ ਵੀ ਅੱਖਾਂ ਨਮ ਹੋ ਜਾਂਦੀਆਂ ਹਨ। ਇਹ ਹਾਲ ਸਿਰਫ਼ ਦਿੱਲੀ ਦੇ ਵਿਚ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਸੀ ਜਦੋਂ ਧਰਮ ਨੂੰ ਸਿਆਸੀ ਕੰਢੇ 'ਚ ਤੋਲਣ ਵਾਲੇ ਸਿਆਸਤਦਾਨਾਂ ਨੇ ਚਾਰ ਦਿਨਾਂ ਲੋਕਤੰਤਰ ਦਾ ਅਜਿਹਾ ਘਾਣ ਕੀਤਾ ਜੋ ਕਦੇ ਨਹੀਂ ਹੋਇਆ ਸੀ। ਦਹਾਕੇ ਬੀਤ ਜਾਣ ਮਗਰੋਂ ਵੀ ਕਤਲੇਆਮ ਦਾ ਸ਼ਿਕਾਰ ਹੋਏ ਪੀੜਿਤ ਆਪਣੀ ਜੁਬਾਨੀ ਦੱਸਦੇ ਨੇ ਕਿ ਜਖ਼ਮਾਂ ਤੇ ਮਰ੍ਹਮ ਤਾਂ ਨਹੀਂ ਲੱਗਿਆ ਪਰ ਸਰਕਾਰਾਂ ਦੀਆਂ ਨੀਤੀਆਂ ਨੇ ਜਖਮਾਂ ਨੂੰ ਅਲੇ ਜ਼ਰੂਰ ਕਰ ਦਿੱਤਾ।
ਲੁਧਿਆਣਾ ਦੇ ਵਿਚ 1984 ਸਿੱਖ ਕਤਲੇਆਮ ਦੀ ਪੀੜਤ ਰਹਿੰਦੇ ਹਨ ਜਿਨ੍ਹਾਂ ਵਿਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ ਪਰ ਕਈ ਅੱਜ ਵੀ ਇਸ ਮੰਜਰ ਨੂੰ ਯਾਦ ਕਰਦੇ ਹੋਏ ਰੋ ਪੈਂਦੇ ਹਨ, ਲੁਧਿਆਣਾ ਸਿੱਖ ਕਤਲੇਆਮ ਪੀੜਤ ਫਲੈਟਾਂ ਅੰਦਰ ਰਹਿਣ ਵਾਲੀ ਵਿਧਵਾ ਬਜ਼ੁਰਗ ਦੱਸਦੀ ਹੈ ਕੇ ਇਸ ਦੇ ਪਤੀ ਅਤੇ ਉਸ ਦੇ ਦਿਓਰ ਨੂੰ ਉਸ ਦੀਆਂ ਅੱਖਾਂ ਸਾਹਮਣੇ ਜਿਉਂਦਾ ਸਾੜ ਕੇ ਮਾਰ ਦਿੱਤਾ, ਬਜ਼ੁਰਗ ਨੇ ਦੋਵਾਂ ਦੀਆਂ ਤਸਵੀਰਾਂ ਸਾਂਭ ਕੇ ਰੱਖੀਆਂ ਹੋਈਆਂ ਹਨ। ਗੱਲ ਕਰਦੇ ਹੋਏ ਅੱਖਾਂ 'ਚ ਹੰਝੂ ਆ ਗਏ ਅਤੇ ਦੱਸਿਆ ਕਿ ਉਹ ਅਤੇ ਉਸਦਾ ਬਾਕੀ ਪਰਿਵਾਰ ਕਿੰਨ੍ਹਾਂ ਹਲਾਤਾਂ ਵਿਚ ਰਹਿ ਰਿਹਾ ਹੈ ਅਤੇ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਪੀੜਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਵਿਚੋਂ ਕਈ ਤਾਂ ਸੈੱਟ ਹੋ ਗਏ ਪਰ ਕਈਆਂ ਦੇ ਹਾਲਾਤ ਅੱਜ ਵੀ ਬਹੁਤ ਖਰਾਬ ਹਨ।