Navjot Sidhu wife News: ਨਵਜੋਤ ਸਿੱਧੂ ਦੀ ਪਤਨੀ ਨਾਲ 2 ਕਰੋੜ ਦੀ ਧੋਖਾਧੜੀ ਕੀਤੀ ਗਈ ਹੈ। ਅਮਰੀਕਾ ਰਹਿੰਦੇ NRI ਨੇ ਪ੍ਰਾਪਰਟੀ ਦਾ ਸੌਦਾ ਕੀਤਾ। ਕਰੀਬੀ ਦੋਸਤਾਂ ਨੇ ਮਿਲ ਕੇ ਧੋਖਾਧੜੀ ਕੀਤੀ।
Trending Photos
Navjot Sidhu News/ਪਰਮਬੀਰ ਸਿੰਘ ਔਲਖ: ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਚੱਲ ਰਹੇ ਸਿੱਧੂ ਜੋੜੇ ਨੂੰ ਲੈ ਕੇ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ: ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿੱਜੀ ਸਹਾਇਕ ਅਤੇ ਅਮਰੀਕਾ 'ਚ ਰਹਿੰਦੇ ਇੱਕ ਐਨਆਰਆਈ 'ਤੇ 2 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਗੰਭੀਰ ਦੋਸ਼ ਲਾਏ ਹਨ। ਇਹ ਮਾਮਲਾ ਰਣਜੀਤ ਐਵੀਨਿਊ ਸਥਿਤ ਐਸਸੀਓ (ਦੁਕਾਨ-ਕਮ-ਆਫ਼ਿਸ) ਨੰਬਰ 10 ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਹੈ ਜਿਸ ਦੀ ਜਾਂਚ ਆਰਥਿਕ ਅਪਰਾਧ (ਈਓ) ਵਿੰਗ ਵੱਲੋਂ ਕੀਤੀ ਜਾ ਰਹੀ ਹੈ।
ਡਾਕਟਰ ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਸਥਿਤ ਐਨਆਰਆਈ ਅੰਗਦ ਪਾਲ ਸਿੰਘ ਨੇ ਆਪਣੇ ਮਾਮੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਸਾਬਕਾ ਨਿੱਜੀ ਸਹਾਇਕ ਗੌਰਵ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: Malerkotla News: ਮਲੇਰਕੋਟਲਾ ਸਿਵਲ ਹਸਪਤਾਲ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਸਖ਼ਤ ਨੋਟਿਸ
ਅੰਗਦ ਪਾਲ ਸਿੰਘ ਨੇ ਰਣਜੀਤ ਐਵੀਨਿਊ ਸਥਿਤ ਐਸ.ਸੀ.ਓ ਨੰਬਰ 10 ਨੂੰ ਵੇਚਣ ਦੀ ਤਜਵੀਜ਼ ਰੱਖੀ ਸੀ। ਇਸ ਦੇ ਲਈ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ। ਇਸ ਸਮਝੌਤੇ 'ਤੇ ਡਾ: ਸਿੱਧੂ ਦੇ ਨੁਮਾਇੰਦੇ ਸੁਸ਼ੀਲ ਰਾਵਤ ਅਤੇ ਅੰਗਦ ਪਾਲ ਸਿੰਘ ਦੀ ਵਿਸ਼ਾਲ ਕੌਰ ਨੇ ਵੀ ਦਸਤਖ਼ਤ ਕੀਤੇ |
ਡਾ: ਸਿੱਧੂ ਨੇ ਇਸ ਜਾਇਦਾਦ ਦੀ ਬੁਕਿੰਗ ਲਈ ਅੰਗਦ ਪਾਲ ਸਿੰਘ ਦੇ ਖਾਤੇ ਵਿੱਚ 1.2 ਕਰੋੜ ਰੁਪਏ ਟਰਾਂਸਫਰ ਕੀਤੇ। ਇਸ ਤੋਂ ਇਲਾਵਾ ਉਸ ਨੇ ਕਈ ਵਾਰ ਅਦਾਇਗੀ ਲਈ ਚੈੱਕ ਵੀ ਦਿੱਤੇ, ਜੋ ਕਿ ਉਸ ਦੇ ਨਿੱਜੀ ਸਹਾਇਕ ਗੌਰਵ ਨੇ ਕੈਸ਼ ਕਰਵਾ ਕੇ ਰਕਮ ਅੰਗਦ ਦੇ ਏਜੰਟ ਨੂੰ ਸੌਂਪ ਦਿੱਤੀ।
ਅੰਗਦ ਪਾਲ ਸਿੰਘ ਨੇ ਵਾਰ-ਵਾਰ ਭਰੋਸਾ ਦਿਵਾਇਆ ਕਿ ਜਲਦੀ ਹੀ ਜਾਇਦਾਦ ਉਨ੍ਹਾਂ ਦੇ ਨਾਂ 'ਤੇ ਦਰਜ ਕਰਵਾ ਦਿੱਤੀ ਜਾਵੇਗੀ। ਪਰ ਜਦੋਂ ਡਾ.ਸਿੱਧੂ ਨੇ ਦਸਤਾਵੇਜ਼ ਦਰਜ ਕਰਵਾਉਣ ਲਈ ਦਬਾਅ ਪਾਇਆ ਤਾਂ ਦੋਸ਼ੀ ਬਹਾਨੇ ਬਣਾਉਣ ਲੱਗੇ। ਮੁਲਜ਼ਮਾਂ ਨੇ ਫਰਵਰੀ 2023 ਵਿੱਚ ਅਸਥਾਈ ਤੌਰ 'ਤੇ ਆਪਣੀ ਧੀ ਦੇ ਨਾਂ ਜਾਇਦਾਦ ਦੀ ਪਾਵਰ ਆਫ਼ ਅਟਾਰਨੀ ਦਿੱਤੀ।
ਡਾਕਟਰ ਸਿੱਧੂ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਵੱਲੋਂ ਦਿੱਤੇ ਚੈੱਕ ਦੀ ਰਕਮ ਕੈਸ਼ ਕਰਕੇ ਆਪਸ ਵਿੱਚ ਵੰਡ ਲਈ ਹੈ। ਇਸ ਧੋਖਾਧੜੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਹੁਣ ਈਓ ਵਿੰਗ ਨੂੰ ਸੌਂਪ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਡਾ: ਸਿੱਧੂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਸ ਦੀ 2 ਕਰੋੜ ਰੁਪਏ ਦੀ ਰਾਸ਼ੀ ਵਾਪਸ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਇਹ ਮਾਮਲਾ ਪੁਲਸ ਦੀ ਜਾਂਚ 'ਚ ਹੈ ਅਤੇ ਆਉਣ ਵਾਲੇ ਦਿਨਾਂ 'ਚ ਨਵੀਂ ਜਾਣਕਾਰੀ ਸਾਹਮਣੇ ਆ ਸਕਦੀ ਹੈ।