Moga News: ਕੁਝ ਦਿਨ ਪਹਿਲਾ ਵੀ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋਈ ਸੀ। ਜਿਸ ਦਾ ਅੱਜ ਭੋਗ ਪਾਇਆ, ਪਰ ਭੋਗ ਵਾਲੇ ਦਿਨ ਹੀ ਅੱਜ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ, ਜਿਸ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
Trending Photos
Moga News(Navdeep Singh): ਸੂਬੇ ਵਿੱਚ ਨਸ਼ਿਆਂ ਕਾਰਨ ਰੋਜ਼ ਹੀ ਨੌਜਵਾਨ ਇਸ ਦੀ ਭੇਟ ਚੜ੍ਹ ਰਹੇ ਹਨ। ਮੋਗਾ ਦੇ ਪਿੰਡ ਲੋਹਰਾ ’ਚ ਇੱਕ ਹਫ਼ਤੇ ਵਿੱਚ ਅੱਜ ਦੂਜੀ ਮੌਤ ਨੇ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਪਿੰਡ ਲੋਹਰਾ ਦਾ 16 ਸਾਲਾ ਹਰਮਨਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਹੱਥ ’ਚ ਸਰਿੰਜ ਵੀ ਫੜੀ ਰਹਿ ਗਈ। 16 ਸਾਲਾ ਹਰਮਨ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ, ਜਿਸ ਦੀ ਚਿੱਟੇ ਦੇ ਕਾਰਨ ਮੌਤ ਹੋ ਗਈ।
ਮ੍ਰਿਤਕ ਦੀ ਪਰਿਵਾਰ ਨੇ ਭਾਵੁਕ ਹੁੰਦੇ ਹੋਏ ਕਿਹਾ, “ਸਾਡੀ ਬਸਤੀ ਵਿੱਚ ਚਿੱਟਾ ਵਿਕਦਾ ਹੈ ਅਤੇ ਪੁਲੀਸ ਕੁਝ ਨਹੀਂ ਕਰ ਰਹੀ। ਉਹ ਇਨ੍ਹਾਂ ਨੂੰ ਫੜ ਲੈਂਦੇ ਅਤੇ ਫੇਰ ਛੱਡ ਦਿੰਦੇ ਹਨ। ਸਰਕਾਰ ਚਾਹਵੇ ਤਾਂ ਨਸ਼ਾ ਖ਼ਤਮ ਹੋ ਸਕਦਾ ਹੈ। ਪਿੰਡ ਵਾਸੀਆਂ ਵਿਚ ਵੀ ਪੰਜਾਬ ਸਰਕਾਰ ਦੇ ਖਿਲਾਫ ਕਾਫੀ ਜ਼ਿਆਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕੀਤੇ ਸਨ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉਹ ਦੋ ਮਹੀਨਿਆ ਵਿੱਚ ਨਸ਼ਾ ਖ਼ਤਮ ਕਰ ਦੇਣਗੇ ਪਰ ਉਨ੍ਹਾਂ ਦੀ ਸਰਕਾਰ ਬਣੇ ਨੂੰ 2 ਸਾਲ ਹੋ ਗਏ ਹਾਲੇ ਤੱਕ ਨਸ਼ਾ ਖ਼ਤਮ ਨਹੀਂ ਹੋਇਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਵੀ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋਈ ਸੀ। ਜਿਸ ਦਾ ਅੱਜ ਭੋਗ ਪਾਇਆ, ਪਰ ਭੋਗ ਵਾਲੇ ਦਿਨ ਹੀ ਅੱਜ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ, ਜਿਸ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦੀ ਜਵਾਨੀ ਚਿੱਟਾ ਖਾ ਜਾਵੇਗਾ ਤੇ ਪੰਜਾਬ ਦੀ ਆਉਣ ਵਾਲੀ ਪੀੜੀ ਖਤਮ ਹੋ ਜਾਵੇਗੀ।
ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਨਸ਼ੇ ਕਾਰਨ ਲਗਾਤਾਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਪਿੰਡ ਦੇ ਆਗੂ ਜਸਵੀਰ ਸਿੰਘ ਤੇ ਜਸਵੰਤ ਸਿੰਘ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਹਲਕਾ ਧਰਮਕੋਟ ਦੇ ਲੋਕਾਂ ਨਾਲ ਹਿੱਕ ਥਾਪੜ ਕੇ ਵਾਅਦਾ ਕੀਤਾ ਸੀ ਕਿ ਮੈਨੂੰ ਵਿਧਾਇਕ ਬਣਾ ਦਿਓ ਹਲਕੇ ਵਿੱਚੋਂ ਚਿੱਟਾ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦੇਵਾਂਗੇ, ਪਰ ਅੱਜ ਹਾਲਾਤ ਇਸ ਕਦਰ ਪਹੁੰਚ ਚੁੱਕੇ ਹਨ ਕਿ ਚਿੱਟਾ ਬੰਦ ਹੋਣ ਦੀ ਬਜਾਏ ਇਹ ਘਰ-ਘਰ ਵਿੱਚ ਐਂਟਰੀ ਕਰਨਾ ਸ਼ੁਰੂ ਕਰ ਗਿਆ ਹੈ।