Trending Photos
ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਖ਼ਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਜੇਲ੍ਹ ’ਚ ਵੀ. ਆਈ. ਪੀ. (VIP) ਟਰੀਟਮੈਂਟ ਦਿੱਤੇ ਜਾਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਜਾਂਚ ਨੂੰ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਡੀ. ਜੀ. ਪੀ. ਇੰਟੈਲੀਜੈਂਸ (DGP, Intelligence) ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਇੱਥੇ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਗ੍ਰਹਿ ਵਿਭਾਗ (Home Deptt) ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਡੀਜੀਪੀ ਗੌਰਵ ਯਾਦਵ ਨੂੰ ਮਾਮਲੇ ਦੀ ਜਾਂਚ ਰਿਪੋਰਟ 2 ਹਫ਼ਤਿਆਂ ’ਚ ਸੌਂਪਣ ਲਈ ਕਿਹਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮੋਹਾਲੀ ਦੇ ਇੱਕ ਨਾਮਵਰ ਬਿਲਡਰ ਤੋਂ 10 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦੇ ਮਾਮਲੇ ’ਚ ਅੰਸਾਰੀ ਨੂੰ ਲਗਭਗ 2 ਸਾਲ ਰੂਪਨਗਰ ਜੇਲ੍ਹ ’ਚ ਰੱਖਿਆ ਗਿਆ।
ਹੋਰ ਤਾਂ ਹੋਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਜੇਲ੍ਹ ਅਧਿਕਾਰੀਆਂ ’ਤੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਕਿਸੇ ਵੀ ਕੀਮਤ ’ਤੇ ਜੇਲ੍ਹ ’ਚ ਰੱਖਣ ਦਾ ਰਾਜਨੀਤਿਕ ਦਬਾਅ (Political Pressure) ਸੀ। ਹੁਣ ਇਸ ਮਾਮਲੇ ’ਚ ਜਾਂਚ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਕਿਸ ਆਗੂ ਦੇ ਕਹਿਣ ’ਤੇ ਜੇਲ੍ਹ ਅਧਿਕਾਰੀਆਂ ਨੇ ਵਕੀਲਾਂ ਦੀ ਫ਼ੌਜ ਖੜ੍ਹੀ ਕਰਕੇ ਅੰਸਾਰੀ ਦੀ ਪੈਰਵੀ ਲਈ ਸਰਕਾਰੀ ਖਜ਼ਾਨੇ ’ਚੋਂ ਲੱਖਾ ਰੁਪਏ ਖ਼ਰਚ ਦਿੱਤੇ।
ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਹੁਕਮਾਂ ’ਤੇ ਉਸਨੂੰ ਯੂਪੀ ਦੀ ਜੇਲ੍ਹ ’ਚ ਸ਼ਿਫਟ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੂਬੇ ’ਚ ਕਾਂਗਰਸ ਸਰਕਾਰ ਦਾ ਤਖ਼ਤਾ ਪਲਟ ਹੁੰਦਿਆਂ ਹੀ ਨਵੇਂ ਬਣੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਰੂਪਨਗਰ ਜੇਲ੍ਹ ’ਚ ਮੁਖਤਾਰ ਅੰਸਾਰੀ ਦੀ ਮਹਿਮਾਨ ਨਿਵਾਜ਼ੀ (VIP Treatment) ਦਾ ਮੁੱਦਾ ਚੁੱਕਿਆ। ਮੰਤਰੀ ਬੈਂਸ ਵਲੋਂ ਖੁਲਾਸਾ ਕੀਤਾ ਗਿਆ ਗੈਂਗਸਟਰ ਅੰਸਾਰੀ ਦੇ ਬਚਾਅ ’ਚ 55 ਲੱਖ ਰੁਪਏ ਖ਼ਰਚ ਕਰ ਨਾ ਕੇਵਲ ਵਕੀਲਾਂ ਦੀ ਫ਼ੌਜ ਖੜ੍ਹੀ ਕੀਤੀ ਗਈ ਬਲਕਿ ਉਸਦੀ ਪਤਨੀ ਨੂੰ ਵੀ ਜੇਲ੍ਹ ’ਚ ਉਸਦੇ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਗਈ।
ਹੁਣ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਮਾਮਲੇ ਦੀ ਜਾਂਚ ਲਈ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਹੈ ਕਿ ਜਾਂਚ ਦੌਰਾਨ ਜਿਨ੍ਹਾਂ ਸਿਆਸੀ ਆਗੂਆਂ ਦੇ ਨਾਮ ਸਾਹਮਣੇ ਆਉਣਗੇ, ਉਨ੍ਹਾਂ ’ਤੇ ਲੱਖਾਂ ਰੁਪਏ ਖ਼ਰਚ ਕਰਨ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।