Kotakpura News: ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ, ਸੁਸਾਇਟੀਆਂ ਅਤੇ ਕਲੱਬਾਂ ਨੂੰ ਲਗਭਗ 50 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ।
Trending Photos
Kotakpura News(Khem Chand): ਕੋਟਕਪੂਰਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ, ਸੁਸਾਇਟੀਆਂ ਅਤੇ ਕਲੱਬਾਂ ਨੂੰ ਲਗਭਗ 50 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਤਕਸੀਮ ਕਰਨ ਮੌਕੇ ਆਖਿਆ ਕਿ ਉਹਨਾਂ ਨੇ ਹੁਣ ਤੱਕ ਦੇ ਆਪਣੇ ਅਖਤਿਆਰੀ ਫੰਡ ਅਰਥਾਤ ਕੋਟੇ ਦੀ ਸਾਰੀ ਰਕਮ ਵੰਡ ਦਿੱਤੀ ਹੈ। ਉਹਨਾ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾ ਨੂੰ ਇਸ ਪਦਵੀ ਤੱਕ ਪਹੁੰਚਾਉਣ ਦਾ ਇਲਾਕੇ ਦੇ ਵਸਨੀਕਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਗਰਾਂਟਾਂ ਜਾਰੀ ਕਰਨ ਦੇ ਨਾਲ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾ ਦੱਸਿਆ ਕਿ ਮੁਫਤ ਬਿਜਲੀ, ਮੁਫਤ ਸਿੱਖਿਆ, ਮੁਫਤ ਸਿਹਤ ਸੇਵਾਵਾਂ, 43 ਤੋਂ ਜਿਆਦਾ ਮੁਫਤ ਸਰਕਾਰੀ ਸਹੂਲਤਾਂ, ਸਰਕਾਰ ਤੁਹਾਡੇ ਦੁਆਰ ਵਰਗੇ ਇਨਕਲਾਬੀ ਪ੍ਰੋਗਰਾਮ, ਮੁਫਤ ਤੀਰਥ ਯਾਤਰਾ ਵਰਗੀਆਂ ਸੈਂਕੜੇ ਸਹੂਲਤਾਂ ਦਾ ਜਿਕਰ ਕੀਤਾ ਜਾ ਸਕਦਾ ਹੈ, ਜੋ ਲੋਕਾਂ ਨੂੰ ਬਿਨ ਮੰਗਿਆਂ ਮਿਲ ਗਈਆਂ, ਕੋਈ ਸੰਘਰਸ਼ ਨਹੀਂ ਕਰਨਾ ਪਿਆ।
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਆਪਣੇ ਮਹਿਜ 2 ਸਾਲਾਂ ਤੋਂ ਵੀ ਘੱਟ ਸਮੇਂ ਦੇ ਕਾਰਜਕਾਲ ਦੌਰਾਨ 42 ਹਜ਼ਾਰ ਤੋਂ ਜਿਆਦਾ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡ ਕੇ ਅਤੇ ਵੱਖ ਵੱਖ ਕਿਸਮਾਂ ਦੀਆਂ ਸੈਂਕੜੇ ਸਹੂਲਤਾਂ ਪੰਜਾਬ ਵਾਸੀਆਂ ਨੂੰ ਦੇਣ ਦੇ ਬਾਵਜੂਦ ਵੀ ਕਦੇ ‘ਖਜ਼ਾਨਾ ਖਾਲੀ’ ਕਹਿ ਕੇ ਖਾਨਾਪੂਰਤੀ ਕਰਨ ਦੀ ਜਰੂਰਤ ਨਹੀਂ ਸਮਝੀ। ਸਪੀਕਰ ਸੰਧਵਾਂ ਨੇ ਦੁਹਰਾਇਆ ਕਿ ਲੋਕਾਂ ਵਲੋਂ ਬਖਸ਼ੇ ਗਏ ਹਰੇ ਪੈਨ ਦੀ ਵਰਤੋਂ ਸਿਰਫ ਆਮ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਹੀ ਕੀਤੀ ਜਾਵੇਗੀ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਸੁਖਵੰਤ ਸਿੰਘ ਪੱਕਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਮਨਦੀਪ ਸਿੰਘ ਮੌਂਗਾ, ਹਰਪਾਲ ਸਿੰਘ ਸੰਧੂ, ਮਨਜੀਤ ਸ਼ਰਮਾ, ਮਿਹਰ ਸਿੰਘ ਚਾਨੀ, ਬਿੱਟਾ ਨਰੂਲਾ, ਸੰਦੀਪ ਸਿੰਘ ਬਰਾੜ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਾਰਟੀ ਆਗੂ, ਵਰਕਰ, ਵਪਾਰੀ, ਆੜਤੀਏ, ਕਿਸਾਨ, ਮਜਦੂਰ ਅਤੇ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜਰ ਸਨ।