Bathinda News: ਕੁਲਚਾ ਦੁਕਾਨ ਦੇ ਮਾਲਕ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਰੋਸ ਕਾਰਨ ਦੁਕਾਨਦਾਰ ਕਾਫੀ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਬੀਤੇ ਦਿਨ ਬਠਿੰਡਾ ਦੇ ਮਾਲ ਰੋਡ ਉਤੇ ਸਥਿਤ ਹਰਮਨ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਮੇਲਾ ਉਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਦੂਜੇ ਪਾਸੇ ਰੋਸ ਵਜੋਂ ਦੁਕਾਨਦਾਰਾਂ ਵੱਲੋਂ ਅੱਜ ਬਠਿੰਡਾ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਮਰਨ ਵਾਲਾ ਸ਼ਖਸ ਮਾਲ ਰੋਡ ਐਸੋਸੀਏਸ਼ਨ ਦਾ ਪ੍ਰਧਾਨ ਸੀ। ਦੁਕਾਨਦਾਰ ਭਾਈਚਾਰੇ ਵੱਲੋਂ ਸਰਕਾਰ ਨੂੰ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫੜਨ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਮਰਨ ਵਾਲੇ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਮਰਨ ਵਾਲੇ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਇੱਕ ਬੇਟਾ ਹੈ। ਪੰਜਾਬ ਦੇ ਬਠਿੰਡਾ ਵਿੱਚ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਮੇਲਾ ਦੇ ਕਤਲ ਦੇ ਵਿਰੋਧ ਵਿੱਚ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਧਰਨੇ ਉਤੇ ਬੈਠ ਗਏ ਹਨ। ਹਨੂੰਮਾਨ ਚੌਕ ਵਿੱਚ ਦੁਕਾਨਦਾਰਾਂ ਨੇ ਸਰਕਾਰ ਤੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਦੇ ਰੋਹ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਵਪਾਰ ਮੰਡਲ ਵੱਲੋਂ ਅੱਜ ਬਠਿੰਡਾ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਦੁਕਾਨਦਾਰਾਂ ਨੇ ਧਰਨੇ ਵਾਲੀ ਥਾਂ ’ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ 8 ਵਜੇ ਵੱਡੀ ਗਿਣਤੀ ਵਿੱਚ ਵਪਾਰੀ ਮਾਲ ਰੋਡ ’ਤੇ ਪਹੁੰਚ ਗਏ ਸਨ। ਦੁਕਾਨਾਂ ਨੂੰ ਅਜੇ ਵੀ ਤਾਲੇ ਲੱਗੇ ਹੋਏ ਹਨ। ਵਪਾਰ ਮੰਡਲ ਵੱਲੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਅੱਜ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਆਪਣੀ ਦੁਕਾਨ ਨਾ ਖੋਲ੍ਹੇ ਅਤੇ ਇਨਸਾਫ਼ ਲਈ ਧਰਨੇ ਵਿੱਚ ਪੁੱਜਣ। ਦੁਕਾਨਦਾਰਾਂ ਦੇ ਧਰਨੇ ਵਿੱਚ ਸਰੂਪ ਚੰਦ ਸਿੰਗਲਾ ਵੀ ਵਿਸ਼ੇਸ਼ ਤੌਰ ਉਤੇ ਪੁੱਜੇ ਹਨ ਤੇ ਦੁਕਾਨਦਾਰਾਂ ਲਈ ਇਨਸਾਫ ਲਈ ਨਾਅਰਾ ਲਗਾ ਰਹੇ ਹਨ। ਇਸ ਧਰਨੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪੁੱਜੇ ਹਨ। ਉਨ੍ਹਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੇ ਪੁੱਜਣ ਦੀ ਵੀ ਚਰਚਾ ਹੈ।
ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਬਲਕੌਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਵਪਾਰੀ ਵਰਗ ਵਿੱਚ ਕਤਲ ਤੋਂ ਬਾਅਦ ਸਹਿਮ ਹੋਏ ਹਨ। ਉਹਨਾਂ ਨੇ ਆਪਣੇ ਬੇਟੇ ਦੇ ਕਤਲ ਉਤੇ ਹੋ ਰਹੀ ਰਾਜਨੀਤੀ ਅਤੇ ਸਰਕਾਰ ਦੇ ਉੱਪਰ ਵੀ ਦੋਸ਼ ਲਾਏ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੀ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਇੱਕ ਨਵੰਬਰ ਨੂੰ ਮੁੱਖ ਮੰਤਰੀ ਬਹਿਸ ਵਿੱਚ ਸੱਦਾ ਦੇਣਗੇ ਤਾਂ ਉਗ ਜ਼ਰੂਰ ਪੁੱਜਣਗੇ।
ਰਿਪੋਰਟ ਕੁਲਬੀਰ ਬੀਰਾ