Kotkapura News: ਕੋਟਕਪੂਰਾ ਤਹਿਸੀਲ ਕੰਪਲੈਕਸ ਵਿੱਚ ਸਾਫ ਸਫ਼ਾਈ ਦੀ ਮਾੜੀ ਹਾਲਤ ਦੇਖਣ ਨੂੰ ਮਿਲ ਰਹੀ ਹੈ ਅਤੇ ਇਸਦੇ ਨਾਲ ਹੀ ਥਾਂ- ਥਾਂ ਗੰਦਗੀ ਦੇ ਢੇਰ ਵੀ ਲੱਗੇ ਹਨ।
Trending Photos
Kotkapura News: ਕੋਟਕਪੂਰਾ ਤਹਿਸੀਲ ਕੰਪਲੈਕਸ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਇੱਥੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਨਾ ਤਾਂ ਪੀਣ ਵਾਲਾ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਸਾਫ਼-ਸੁਥਰੇ ਬਾਥਰੂਮ ਹਨ। ਲੋਕਾਂ ਦਾ ਕਹਿਣਾ ਹੈ ਕਿ ਬਾਥਰੂਮਾਂ ਦੀ ਹਾਲਤ ਇੰਨੀ ਮਾੜੀ ਹੈ, ਕਿ ਬਦਬੂ ਕਾਰਨ ਖੜ੍ਹੇ ਰਹਿਣਾ ਵੀ ਔਖਾ ਹੈ।
ਐਸ.ਡੀ.ਐਮ ਦਫ਼ਤਰ ਅਤੇ ਤਹਿਸੀਲ ਦੇ ਆਲੇ-ਦੁਆਲੇ ਕੂੜੇ ਦੇ ਢੇਰ ਲੱਗੇ ਹੋਏ ਹਨ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਵਿਭਾਗ ਨੇ ਸ਼ਹਿਰ ਦੀ ਸਫ਼ਾਈ ਦਾ ਜ਼ਿੰਮਾ ਸੰਭਾਲਣਾ ਹੁੰਦਾ ਹੈ, ਉਸ ਦਾ ਦਫ਼ਤਰ ਵੀ ਉਥੇ ਹੀ ਹੈ। ਇਹ ਕਹਾਵਤ ਸਾਬਿਤ ਕਰਦੀ ਹੈ ਕਿ ਦੀਵੇ ਦੇ ਹਨੇਰਾ, ਇਸ ਤੋਂ ਇਲਾਵਾ ਤਹਿਸੀਲ ਕੰਪਲੈਕਸ ਵਿਚ ਲੋਕਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਮੰਗਾਂ ਵੀ ਕੀਤੀਆਂ ਗਈਆਂ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਸਬੰਧੀ ਗੱਲਬਾਤ ਕਰਨ ’ਤੇ ਤਹਿਸੀਲ ਕੰਪਲੈਕਸ ਦੇ ਵਕੀਲਾਂ ਅਤੇ ਟਾਈਪਿਸਟਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਇੱਥੋਂ ਦੀ ਹਾਲਤ ਵਿਗੜ ਜਾਂਦੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਰਹੇ ਹਨ ਅਤੇ ਨਾ ਹੀ ਬਾਥਰੂਮਾਂ ਦੀ ਸਫ਼ਾਈ ਸਹੀ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਤਹਿਸੀਲ ਦੀ ਹਦੂਦ ਅੰਦਰ ਕੰਮ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਇੱਥੇ ਕੰਮ ਲਈ ਆਉਣ ਵਾਲੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਵਰਿੰਦਰ ਸਿੰਘ ਐਸ.ਡੀ.ਐਮ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਵਿੱਚ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਜਲਦੀ ਹੀ ਦੂਰ ਕਰ ਦਿੱਤਾ ਜਾਵੇਗਾ ਅਤੇ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਜਿਨ੍ਹਾਂ ਬਾਥਰੂਮਾਂ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਦੀ ਵੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਵੇਗੀ।