Kapurthala News: 2023 ਵਿੱਚ ਆਏ ਹੜ੍ਹਾਂ ਨਾਲ ਚਾਰ-ਚਾਰ ਫੁੱਟ ਰੇਤਾਂ ਚੜ੍ਹ ਗਈ ਸੀ। 3 ਦਿਨਾਂ ਵਿੱਚ 3 ਖੇਤ ਵਾਹੀਯੋਗ ਬਣਾਏ।
Trending Photos
Kapurthala News/ਚੰਦਰ ਮੜੀਆ: ਹੜ੍ਹਾਂ ਦੌਰਾਨ ਕਪੂਰਥਲਾ ਪਿੰਡ ਮੁੰਡਾ ਦੇ ਕਿਸਾਨ ਪਰਗਟ ਸਿੰਘ ਦੀ 5 ਏਕੜ ਜ਼ਮੀਨ ਰੇਤਾਂ ਹੇਠ ਦੱਬੀ ਗਈ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਕਤ ਕਿਸਾਨ ਦੀ ਬਾਂਹ ਫੜਦਿਆ ਜ਼ਮੀਨ ਪੱਧਰੀ ਕਰਨ ਲਈ ਉਹਨਾਂ ਦੀ ਅਗਵਾਈ ਹੇਠ 3 ਟਰੈਕਟਰ ਅਤੇ ਵੱਡੀ ਐਕਸਾਵੇਟਰ ਮਸ਼ੀਨ ਲਗਾਤਾਰ ਚੱਲ ਰਹੀ ਹੈ। ਤਿੰਨਾਂ ਦਿਨਾਂ ਵਿੱਚ ਤਿੰਨਾਂ ਖੇਤਾਂ ਵਿੱਚੋਂ ਰੇਤਾਂ ਚੁੱਕੀ ਜਾ ਚੁੱਕੀ ਗਈ ਹੈ ਤੇ ਜ਼ਮੀਨ ਵਾਹੀਯੋਗ ਬਣਾ ਦਿੱਤਾ ਗਿਆ ਹੈ। ਸੰਤ ਸੀਚੇਵਾਲ ਵੱਲੋਂ ਖੁਦ ਘੰਟਿਆਬੱਧੀ ਮਸ਼ੀਨ ਚਲਾਈ ਜਾ ਰਹੀ ਹੈ ਤੇ ਕਿਸਾਨ ਦੀ ਜ਼ਮੀਨ ਨੂੰ ਪੱਧਰਾ ਕੀਤਾ ਜਾ ਰਿਹਾ ਹੈ। ਹੜ੍ਹ ਨਾਲ ਰੇਤਾਂ ਇੰਨੀ ਜ਼ਿਆਦਾ ਆਈ ਹੋਈ ਸੀ ਕਿ ਉਸਨੂੰ ਪੱਧਰਾ ਕਰਨਾ ਕਿਸਾਨ ਪਰਗਟ ਸਿੰਘ ਦੀ ਸਮਰੱਥਾ ਤੋਂ ਬਾਹਰ ਸੀ। ਕਿਸਾਨ ਪਰਗਟ ਸਿੰਘ ਨੇ ਦੱਸਿਆ ਕਿ ਜਿੱਥੇ ਸਾਰੀ ਮਸ਼ਨੀਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਿਆਂਦੀ ਗਈ ਉੱਥੇ ਡੀਜ਼ਲ ਦਾ ਖਰਚਾ ਵੀ ਉਹਨਾਂ ਵੱਲੋਂ ਹੀ ਸੰਗਤਾਂ ਦੇ ਸਹਿਯੋਗ ਨਾਲ ਚੁੱਕਿਆ ਜਾ ਰਿਹਾ ਹੈ। ਪਰਗਟ ਸਿੰਘ ਨੇ ਆਪਣੀਆਂ ਅੱਖਾਂ ਪੂੰਝਦਿਆਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਹੁਣ ਉਸਨੂੰ ਉਮੀਦ ਬੱਝ ਗਈ ਹੈ ਕਿ ਉਸਦੀ ਜ਼ਮੀਨ ਪੱਧਰੀ ਹੋ ਜਾਵੇਗੀ ਤੇ ਉਹ ਮੁੜ ਤੋਂ ਆਪਣੀ ਜ਼ਮੀਨ ਵਿੱਚ ਫਸਲ ਉਗਾ ਸਕੇਗਾ।
ਕਿਸਾਨ ਪਰਗਟ ਸਿੰਘ ਨੇ ਆਪਣੇ ਦੁੱਖ ਨੂੰ ਬਿਆਨ ਕਰਦਿਆ ਹੋਇਆ ਦੱਸਿਆ ਕਿ ਪਿਛਲੇ 1 ਸਾਲ ਤੋਂ ਰੇਤਾਂ ਹੇਠ ਦੱਬੀ ਜ਼ਮੀਨ ਕਾਰਣ ਉਸਦਾ ਪਰਿਵਾਰ ਰੋਟੀ ਲਈ ਵੀ ਮੁਹਤਾਜ਼ ਹੋਇਆ ਪਿਆ ਸੀ। ਉਸਨੂੰ ਮਜਬੂਰੀ ਵੱਸ ਇਸ ਬੁੱਢਾਪੇ ਦੀ ਉਮਰ ਵਿੱਚ ਵੀ ਦਿਹਾੜੀਆਂ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਸੀ। ਪੀੜਤ ਕਿਸਾਨ ਪਰਗਟ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦਾ ਪੂਰੀ ਤਰ੍ਹਾਂ ਨਾਲ ਉਸ 5 ਏਕੜ ਜ਼ਮੀਨ ਤੇ ਹੀ ਨਿਰਭਰ ਸੀ। ਪਿਛਲੇ ਸਾਲ ਆਏ ਹੜ੍ਹ ਕਾਰਣ ਉਹਨਾਂ ਦੀ ਜ਼ਮੀਨ ਰੇਤਾਂ ਹੇਠ ਏਨੀ ਜ਼ਿਆਦਾ ਦੱਬੀ ਗਈ ਸੀ ਕਿ ਉਹ ਆਪਣੇ ਤੌਰ ਤੇ ਜ਼ਮੀਨ ਨੂੰ ਪੱਧਰੀ ਕਰਨ ਤੋਂ ਬੇਬੱਸ ਸੀ।
ਕਿਸਾਨ ਪਰਗਟ ਨੇ ਦੱਸਿਆ ਕਿ ਉਹਨਾਂ ਦੇ ਨਾਲ ਲਗਦੀ ਜ਼ਮੀਨ ਵਿੱਚ ਵੀ ਰੇਤਾਂ ਵੱਡੇ ਪੱਧਰ ਤੇ ਆਈ ਸੀ ਪਰ ਉਹ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋਣ ਕਾਰਣ ਤੇ ਉਹਨਾਂ ਦੇ ਚੰਗੇ ਸੰਪਰਕ ਹੋਣ ਕਾਰਣ ਉਹ ਆਪਣੀ ਜ਼ਮੀਨ ਪੱਧਰੀ ਕਰਨ ਵਿੱਚ ਕਾਮਜਾਬ ਰਹੇ ਸਨ। ਪਰ ਉਹਨਾਂ ਦੀ 5 ਏਕੜ ਜ਼ਮੀਨ ਨੂੰ ਕਿਸੇ ਵੀ ਹੋਰ ਸਮਾਜ ਸੇਵੀ ਸੰਸਥਾ ਨੇ ਸਾਫ ਨਹੀ ਕੀਤਾ। ਜਦਕਿ ਇਸ ਬਾਰੇ ਉਹ ਵਾਰ-ਵਾਰ ਸ਼ੋਸ਼ਲ ਮੀਡੀਆ ਤੇ ਅਪੀਲਾਂ ਕਰਦਾ ਰਿਹਾ।
ਸੰਤ ਬਲਬੀਰ ਸਿੰਘ ਸੀਚੇਵਾਲ ਜੋ ਹਮੇਸ਼ਾ ਹੀ ਗਰੀਬਾਂ ਤੇ ਕਿਸਾਨਾਂ ਦੇ ਹੱਕ ਵਿੱਚ ਰਹੇ ਹਨ। ਉਹਨਾਂ ਦੱਸਿਆ ਕਿ ਪਰਗਟ ਸਿੰਘ ਇੱਕ ਮੇਹਨਤੀ ਤੇ ਕਿਰਤੀ ਕਿਸਾਨ ਹੈ। ਜਿਹੜਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਇਹਨਾਂ 5 ਏਕੜਾਂ ਵਿੱਚ ਖੇਤੀ ਕਰਕੇ ਕਰ ਰਿਹਾ ਸੀ। ਪਰ ਹੜ੍ਹਾਂ ਕਾਰਣ ਉਸਦੀ ਜ਼ਮੀਨ ਇਕ ਤਰ੍ਹਾਂ ਨਾਲ ਬਰਬਾਦ ਹੀ ਹੋ ਗਈ ਸੀ। ਉਸਦੀ ਇਸ ਲਚਾਰੀ ਤੇ ਬੇਬਸੀ ਨੂੰ ਦੇਖਦਿਆ ਹੀ ਸੇਵਾਦਾਰਾਂ ਨਾਲ ਮਿਲਕੇ ਪੀੜਤ ਕਿਸਾਨ ਦੀ ਇਸ ਜ਼ਮੀਨ ਨੂੰ ਪੱਧਰੀ ਕਰਨ ਦਾ ਕਾਰਜ਼ ਆਰੰਭ ਕਰ ਦਿੱਤਾ ਗਿਆ।