ਸੂਹੀ ਮਹਲਾ 4 ਘਰੁ 7
ੴ ਸਤਿਗੁਰ ਪ੍ਰਸਾਦਿ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੰੂ ਠਾਕੁਰ ਊਚ ਭਗਵਾਨਾ ॥1॥ ਮੈ ਹਰਿ ਹਰਿ ਨਾਮੁ ਧਰ ਸੋਈ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥1॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋੁਰ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥2॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਹਿ ਰਾਖੇ ਮਨ ਹਰਿ ਜਪਿ ਭ੍ਰਮ ਭਉ ਦੂਰਿ ਕੀਜੈ ॥3॥ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥4॥1॥12॥
ਐਤਵਾਰ, 19 ਮੱਘਰ (ਸੰਮਤ 554 ਨਾਨਕਸ਼ਾਹੀ) (ਅੰਗ: 735)
ਸੂਹੀ ਮਹਲਾ 4 ਘਰੁ 7
ੴ ਸਤਿਗੁਰ ਪ੍ਰਸਾਦਿ॥
ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਮਾਲਕ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ।1। ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ।1। ਰਹਾਉ। ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ।2। ਹੇ ਮੇਰੇ ਮਨ! ਵੇਖ, ਪਾਣੀ ਦੇ ਵਿਚ ਹੀ ਧਰਤੀ ਹੈ, ਧਰਤੀ ਦੇ ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, ਮਾਲਕ-ਪ੍ਰਭੂ ਨੇ, ਮਾਨੋ ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਭਰਮ ਦੂਰ ਕਰ ਲਿਆ ਕਰ ।3। ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵ੍ਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਉਂਦਾ ਹੈ, ਜਿੰਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ! ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਤੇ ਉਸ ਦੇ ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ।4।1।12।