Gurdaspur News: ਸਿਆਸੀ ਆਗੂਆਂ ਦੀ ਵੀਡੀਓ ਵਾਇਰਲ ਹੋਣ ਅਤੇ ਸ਼ਿਕਾਇਤ ਹੋਣ ਮਗਰੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
Trending Photos
Gurdaspur News: ਬੀਤੇ ਦਿਨ ਡੀਸੀ ਗੁਰਦਾਸਪੁਰ ਦੇ ਦਫਤਰ ਦੇ ਵਿੱਚ ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਲਕਾ ਫਤਿਹਗੜ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਪਾਹੜਾ ਦੀ ਤਿੱਖੀ ਬਹਿਸ ਦੀ ਵੀਡੀਓ ਸਾਹਮਣੇ ਆਈ ਸੀ।
ਇਸ ਤੋਂ ਬਾਅਦ ਅੱਜ ਡੀਸੀ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਕੀ ਸਾਰੇ ਲੀਡਰ ਸ਼ਾਂਤ ਸਨ ਸਿਰਫ਼ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰਮੀਤ ਪਾਹੜਾ ਨੇ ਤਲਖੀ ਵਾਲੀ ਗੱਲ ਕੀਤੀ ਜਿਸ ਮਗਰੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਦੇ ਹੱਕ ਵਿੱਚ ਤਲਖੀ ਵਜੋਂ ਬੋਲੇ ਮੇਰੇ ਲਈ ਸਾਰੇ ਸਤਿਕਾਰਯੋਗ ਹਨ।
ਉਨ੍ਹਾਂ ਨੂੰ ਚਾਹ ਵੀ ਪਿਆਈ ਗਈ ਸੀ ਪਰ ਜੇਕਰ ਮੈਂਬਰ ਪਾਰਲੀਮੈਂਟ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਹੈ ਤੇ ਮੈਨੂੰ ਇਸ ਦਾ ਕੋਈ ਡਰ ਨਹੀਂ ਹੈ। ਜੇਕਰ ਉਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਦੀ ਜੋ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਛੁਪਾਉਣ ਲਈ ਉਨ੍ਹਾਂ ਨੇ ਇਹ ਸ਼ਿਕਾਇਤ ਕੀਤੀ ਹੋ ਸਕਦੀ ਹੈ। ਜੇ ਮੇਰੇ ਕੋਲ ਜਵਾਬ ਮੰਗਿਆ ਜਾਏਗਾ ਤੇ ਮੈਂ ਉਸ ਦਾ ਜਵਾਬ ਦੇਣ ਲਈ ਤਿਆਰ ਹਾਂ ਮੈਨੂੰ ਕਿਸੇ ਗੱਲ ਦਾ ਕੋਈ ਵੀ ਡਰ ਨਹੀਂ।
ਕਾਬਿਲੇਗੌਰ ਹੈ ਕਿ ਬੀਤੇ ਬੀਤੇ ਦਿਨ ਡੀਸੀ ਦਫਤਰ ਗੁਰਦਾਸਪੁਰ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਪਾਹੜਾ ਅਤੇ ਤ੍ਰਿਪਤ ਬਾਜਵਾ ਦੀ ਡੀਸੀ ਨਾਲ ਹੋਈ ਤਿੱਖੀ ਬਹਿਸ ਹੋਣ ਨਾਲ ਮਾਹੌਲ ਭਖ ਗਿਆ ਸੀ। ਗੁਰਦਾਸਪੁਰ ਵਿੱਚ ਹੋਇਆ ਇਹ ਵਿਵਾਦ ਉਸ ਸਮੇਂ ਦਿੱਲੀ ਤੱਕ ਪੁੱਜ ਗਿਆ ਜਦੋਂ ਘਟਨਾ ਤੋਂ ਬਾਅਦ ਸੰਸਦ ਮੈਂਬਰ ਰੰਧਾਵਾ ਵੱਲੋਂ ਗੁਰਦਾਸਪੁਰ ਦੇ ਡੀਸੀ ਖਿਲਾਫ਼ ਵਿਸ਼ੇਸ਼ ਅਧਿਕਾਰ ਦਾ ਮਤਾ ਲੋਕ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਗਿਆ।
ਸੁਖਜਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਿਰੁੱਧ 'ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਨਿਰਾਦਰ ਕਰਨ' ਲਈ ਵਿਸ਼ੇਸ਼ ਅਧਿਕਾਰ ਦਾ ਮਤਾ ਪਾ ਕੇ ਸਿਆਸੀ ਤੇ ਸਰਕਾਰੀ ਹਲਕਿਆਂ 'ਚ ਫਿਲਹਾਲ ਖਲਬਲੀ ਮਚਾ ਦਿੱਤੀ ਹੈ। ਜਾਣਕਾਰ ਦੱਸਦੇ ਹਨ ਕਿ ਪਿਛਲੇ ਕੁੱਝ ਦਹਾਕਿਆਂ ਵਿੱਚ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੰਸਦ ਮੈਂਬਰ ਵੱਲੋਂ ਡੀਸੀ ਖਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣ ਦਾ ਮਤਾ ਲਿਆਂਦਾ ਗਿਆ ਹੋਵੇ।
ਰੰਧਾਵਾ ਮੁਤਾਬਕ ਉਨ੍ਹਾਂ ਵੱਲੋਂ ਸਪੀਕਰ ਨੂੰ ਜੋ ਪੱਤਰ ਲਿਖਿਆ ਗਿਆ ਹੈ, ਉਸ ਵਿੱਚ ਐਸਪੀ (ਹੈੱਡਕੁਆਰਟਰ) ਜੁਗਰਾਜ ਸਿੰਘ, ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਭੁੱਲਰ ਅਤੇ ਏਡੀਸੀ (ਜਨਰਲ) ਸੁਰਿੰਦਰ ਸਿੰਘ ਨੂੰ ਗਵਾਹ ਬਣਾਇਆ ਹੈ ਕਿਉਂਕਿ ਡੀਸੀ ਦੇ ਦਫ਼ਤਰ 'ਚ ਘਟਨਾ ਵਾਪਰਨ ਸਮੇਂ ਇਹ ਸਾਰੇ ਅਧਿਕਾਰੀ ਮੌਜੂਦ ਸਨ।