Fazilka Murder: ਅਬੋਹਰ ਦੇ ਜੇਪੀ ਪਾਰਕ ਵਿੱਚ ਹੋਏ ਹੱਤਿਆਕਾਂਡ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।
Trending Photos
Fazilka Murder: ਅਬੋਹਰ ਦੇ ਜੇਪੀ ਪਾਰਕ ਵਿੱਚ ਹੋਏ ਹੱਤਿਆਕਾਂਡ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਐਸਪੀ ਕਰਨਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨਾਲ ਮੁਲਜ਼ਮ ਦੇ ਸਬੰਧ ਸਨ। ਇਸ ਉਤੇ ਮ੍ਰਿਤਕ ਆਪਣੀ ਪਤਨੀ ਨੂੰ ਮੁਲਜ਼ਮ ਨਾਲ ਗੱਲਬਾਤ ਕਰਨ ਤੋਂ ਰੋਕਦਾ ਸੀ।
ਇਸ ਕਾਰਨ ਉਨ੍ਹਾਂ ਵਿਚਾਲੇ ਝਗੜਾ ਰਹਿੰਦਾ ਸੀ। ਹਾਲਾਂਕਿ ਇਸ ਵਿੱਚ 25-26 ਨਵੰਬਰ ਦੀ ਰਾਤ ਨੂੰ ਮੁਲਜ਼ਮ ਰਾਹੁਲ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਮ੍ਰਿਤਕ ਰਵੀ ਖੰਨਾ ਤੇ ਉਸਦੇ ਦੋਸਤ ਵਿਕਰਮ ਨੂੰ ਜੇਪੀ ਪਾਰਕ ਵਿੱਚ ਬੁਲਾਇਆ। ਜਿੱਥੇ ਰਵੀ ਨੂੰ ਉਸ ਨੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਉਸ ਦਾ ਸਾਥੀ ਵਿਕਰਮ ਜ਼ਖ਼ਮੀ ਹੋ ਗਿਆ, ਜਿਸਨੂੰ ਉਥੇ ਹੀ ਜ਼ਖ਼ਮੀ ਹਾਲਤ ਚ ਛੱਡ ਫਰਾਰ ਹੋ ਗਏ ਸਨ। ਕਰਨਵੀਰ ਸਿੰਘ ਨੇ ਡੀਐਸਪੀ ਦਫ਼ਤਰ ਅਬੋਹਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਪਹਿਲਾਂ ਵੀ ਆਪਸੀ ਲੜਾਈ ਹੋਈ ਸੀ
ਐਸਪੀ ਕਰਨਵੀਰ ਸਿੰਘ ਨੇ ਖੁਲਾਸਾ ਕੀਤਾ ਕਿ ਮ੍ਰਿਤਕ ਰਵੀ ਖੰਨਾ ਦੀ ਪਤਨੀ ਨਿਸ਼ਾ ਦੇ ਮੁਲਜ਼ਮ ਰਾਹੁਲ ਉਰਫ ਬੋਨਾ ਨਾਲ ਸਬੰਧ ਸਨ, ਜਿਸ ਕਾਰਨ ਮ੍ਰਿਤਕ ਰਵੀ ਖੰਨਾ ਰਾਹੁਲ ਨੂੰ ਪਤਨੀ ਨਾਲ ਗੱਲ ਕਰਨ ਤੋਂ ਰੋਕਦਾ ਸੀ। ਇਸ ਸਬੰਧੀ ਰਾਹੁਲ ਨੇ ਪਹਿਲਾਂ ਵੀ ਆਪਣੇ ਸਾਥੀਆਂ ਸਮੇਤ ਮ੍ਰਿਤਕ ਰਵੀ ਖੰਨਾ ਨੂੰ ਧਮਕੀਆਂ ਦਿੱਤੀਆਂ ਸਨ ਅਤੇ ਪਹਿਲਾਂ ਵੀ ਉਨ੍ਹਾਂ ਦੀ ਆਪਸ ਵਿੱਚ ਲੜਾਈ ਹੋ ਚੁੱਕੀ ਸੀ।
ਮ੍ਰਿਤਕ ਦੇ ਦੋਸਤ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ
ਐਸਪੀ ਕ੍ਰਾਈਮ ਕਰਨਵੀਰ ਨੇ ਦੱਸਿਆ ਕਿ 25-26 ਨਵੰਬਰ ਦੀ ਰਾਤ ਨੂੰ ਮੁਲਜ਼ਮ ਰਾਹੁਲ ਨੇ ਆਪਣੇ ਦੋਸਤਾਂ ਆਰੀਆ ਅਮਨ ਉਰਫ਼ ਬਿੱਲਾ, ਰੋਹਿਤ ਉਰਫ਼ ਮਾਲੀ, ਬੁੱਗਾ ਉਰਫ਼ ਮਨੀ ਦੀ ਮਦਦ ਨਾਲ ਰਵੀ ਖੰਨਾ ਅਤੇ ਉਸ ਦੇ ਦੋਸਤ ਵਿਕਰਮ ਉਰਫ਼ ਭੇਲੀਆ ਨੂੰ ਜੇਪੀ ਪਾਰਕ ਬੁਲਾਇਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਮਿਲ ਕੇ ਰਵੀ ਖੰਨਾ ਦਾ ਕਤਲ ਕਰ ਦਿੱਤਾ, ਜਦੋਂਕਿ ਉਸ ਦੇ ਦਖ਼ਲ ਦੇਣ ਉਤੇ ਵਿਕਰਮ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ।
2 ਮੁਲਜ਼ਮਾਂ ਖਿਲਾਫ਼ ਪਹਿਲਾਂ ਹੀ ਕੇਸ ਦਰਜ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਅਤੇ ਨੌਜਵਾਨਾਂ ਨੂੰ ਪੁਲਿਸ ਦੀਆਂ ਟੀਮਾਂ ਨੇ ਕੱਲ੍ਹ ਛੇ ਘੰਟੇ ਬਾਅਦ ਹੀ ਕਾਬੂ ਕਰ ਲਿਆ ਸੀ ਅਤੇ ਥਾਣਾ ਨੰਬਰ 2 ਦੀ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਧਾਰਾ 103 (1), 115 (2), 3 (5) ਤਹਿਤ ਕੇਸ ਦਰਜ ਕਰ ਲਿਆ ਹੈ। ਬੀਐਨਐਸ ਕੇਸ ਨੰਬਰ 127 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਹੁਲ ਉਰਫ਼ ਬੋਨਾ ਅਤੇ ਰੋਹਿਲ ਉਰਫ਼ ਮਾਲੀ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ 2 ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਇਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ।