ਪੰਜਾਬ ’ਚ ਇੱਕ ਔਰਤ ਵਲੋਂ ਲਿੰਗ ਬਦਲਾਉਣ ਦਾ ਆਪ੍ਰੇਸ਼ਨ ਕਰਵਾ ਮਰਦ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੀ ਮੀਰਾ (ਹੁਣ ਆਰਵ) PTI ਅਧਿਆਪਕ ਨੇ ਆਪਣਾ ਲਿੰਗ ਤਬਦੀਲ ਕਰਵਾਉਂਦਿਆ ਔਰਤ ਤੋਂ ਮਰਦ ਬਣੀ ਸੀ।
Trending Photos
ਚੰਡੀਗੜ੍ਹ: ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ’ਚ ਇੱਕ ਔਰਤ ਵਲੋਂ ਲਿੰਗ ਬਦਲਾਉਣ ਦਾ ਆਪ੍ਰੇਸ਼ਨ ਕਰਵਾ ਮਰਦ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੀ ਮੀਰਾ (ਹੁਣ ਆਰਵ) PTI ਅਧਿਆਪਕ ਨੇ ਆਪਣਾ ਲਿੰਗ ਤਬਦੀਲ ਕਰਵਾਉਂਦਿਆ ਔਰਤ ਤੋਂ ਮਰਦ ਬਣੀ ਸੀ।
ਪੰਜਾਬ ’ਚ ਲਿੰਗ ਬਦਲੀ ਕਰਵਾਉਣ ਦਾ ਪਹਿਲਾ ਮਾਮਲਾ
ਪੰਜਾਬ ’ਚ ਇਹ ਪਹਿਲਾ ਮਾਮਲਾ ਹੈ, ਜਿਸ ’ਚ ਪੁਲਿਸ ’ਚ ਤਾਇਨਾਤ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਤਬਦੀਲ (Gender Change) ਕਰਵਾਇਆ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਲਿੰਗ ਬਦਲੀ ਦਾ ਆਪ੍ਰੇਸ਼ਨ ਕਰਨ ਵਾਲੇ ਹਸਪਤਾਲ ਦੀ ਰਿਪੋਰਟ ਨੂੰ ਆਧਾਰ ਬਣਾਉਂਦਿਆ ਉਕਤ ਕਾਂਸਟੇਬਲ ਦਾ ਨਾਮ ਅਤੇ ਲਿੰਗ ਬਦਲੀ ਦਾ ਸਰਟੀਫ਼ਿਕੇਟ ਜਾਰੀ ਕਰ ਦਿੱਤਾ ਗਿਆ ਹੈ।
ਵਿਭਾਗ ਤੋਂ ਮਹਿਲਾ ਕਾਂਸਟੇਬਲ ਨੇ ਨਹੀਂ ਲਈ ਇਜਾਜ਼ਤ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਹਿਲਾ ਕਾਂਸਟੇਬਲ ਨੇ ਡਾਇਸ਼ੋਰੀਆ (ਔਰਤ ਤੋਂ ਮਰਦ) ਅਤੇ ਲਿੰਗ ਰੀਸਾਈਨਮੈਂਟ ਸਰਜਰੀ ਦਸੰਬਰ 2020 ਵਿਚ ਨਵੀਂ ਦਿੱਲੀ ਦੇ ਇਕ ਹਸਪਤਾਲ ਤੋਂ ਕਰਵਾਈ ਹੈ। ਇਸ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਮਹਿਲਾ ਕਾਂਸਟੇਬਲ ਨੇ ਲਿੰਗ ਬਦਲਣ ਲਈ ਆਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਪੁਲਿਸ ਵਿਭਾਗ ਤੋਂ ਇਸ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ।
ਲਿੰਗ ਬਦਲੀ ਕਰਵਾਉਣ ਉਪਰੰਤ ਵਿਭਾਗ ਨੂੰ ਭੇਜਿਆ ਬਿਨੈ-ਪੱਤਰ
ਹਾਲਾਂਕਿ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਪ੍ਰਵੈਸ਼ਨ ਕੋਨਟੇਨਡ ਅੰਡਰ ਰੂਲ 6 ਆਫ਼ ਟਰਾਂਸਜੈਂਡਰ ਪਰਸਨ, ਪ੍ਰੋਟੈਕਸ਼ਨ ਆਫ਼ ਰਾਈਟ, ਰੂਲ 2020, ਰੀਡ ਵਿਦ ਸੈਕਸ਼ਨ 7 ਆਫ ਟਰਾਂਸਜੈਡਰ ਪਰਸਨ, ਪ੍ਰੋਟੈਕਸ਼ਨ ਆਫ਼ ਰਾਈਟ 2019 ਤਹਿਤ ਇਕ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਪੁਲਿਸ ਵਿਭਾਗ ਵਿਚ ਆਪਣਾ ਨਾਮ ਅਤੇ ਲਿੰਗ ਬਦਲਣ ਲਈ ਅਰਜ਼ੀ ਦਿੱਤੀ ਹੈ।
ਦਰਅਸਲ ਇਹ ਮਹਿਲਾ ਕਾਂਸਟੇਬਲ ਪਹਿਲੀ ਵਾਰ 2012 ਵਿਚ ਉਸ ਸਮੇਂ ਸੁਰਖੀਆਂ ਵਿਚ ਆਈ, ਜਦੋਂ ਉਹ ਆਪਣੇ ਪਰਿਵਾਰ ਦੇ ਸਖ਼ਤ ਵਿਰੋਧ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਦੇ ਆਪਣੇ ਪਿੰਡ ਤੋਂ ਆਪਣੇ ਬਚਪਨ ਦੀ ਸਹੇਲੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗੀ ਪਈ ਸੀ।
ਸਾਲ 2019 ’ਚ ਇਨ੍ਹਾਂ ਦੋਹਾਂ ਸਹੇਲੀਆਂ ਦੇ ਰਿਸ਼ਤੇ ’ਚ ਖ਼ਟਾਸ ਆ ਗਈ ਤੇ ਦੋਹਾਂ ਨੇ ਇਕ ਦੂਜੇ ਖ਼ਿਲਾਫ਼ ਹਰਾਸਮੈਂਟ ਅਤੇ ਤੰਗ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਦਿੱਤੀਆਂ ਸਨ। ਇਸ ਤੋਂ ਬਾਅਦ ਉਕਤ ਮਹਿਲਾ ਕਾਂਸਟੇਬਲ ਆਪਣੀ ਸਹੇਲੀ ਨਾਲੋ ਵੱਖ ਰਹਿਣ ਲੱਗ ਪਈ ਸੀ।
ਪੁਲਿਸ ਮਹਿਕਮੇ ਨੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ
ਜਦੋਂ ਇਸ ਮੁੱਦੇ 'ਤੇ ਆਈਜੀਪੀ ਬਠਿੰਡਾ ਰੇਂਜ ਐਮਐਸ ਛੀਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਨੂੰ ਕਿਸੇ ਮਹਿਲਾ ਕਾਂਸਟੇਬਲ ਨੇ ਲਿੰਗ ਬਦਲਣ ਦੀ ਅਰਜ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ’ਤੇ ਕਾਨੂੰਨੀ ਰਾਏ ਲੈ ਕੇ ਮਾਮਲਾ ਮੁੱਖ ਦਫ਼ਤਰ ਨੂੰ ਭੇਜਾਂਗੇ ਅਤੇ ਫਿਰ ਇਸ ਮਾਮਲੇ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਮਹਿਲਾ ਨੇ ਨਿੱਜੀ ਮਾਮਲਾ ਦੱਸਦਿਆਂ ਕੁਝ ਵੀ ਕਹਿਣ ਤੋਂ ਵੱਟਿਆ ਟਾਲ਼ਾ
ਉੱਧਰ ਜਦੋਂ ਮਹਿਲਾ ਕਾਂਸਟੇਬਲ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਇਸ ਨੂੰ ਆਪਣਾ ਨਿੱਜੀ ਮਾਮਲਾ ਦੱਸਦਿਆਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।