Chandigarh Weather News: ਵਿਭਾਗ ਮੁਤਾਬਕ 1 ਮਾਰਚ ਤੋਂ ਸੋਮਵਾਰ ਸ਼ਾਮ ਤੱਕ 186.6 ਮਿਲੀਮੀਟਰ ਮੀਂਹ ਪਿਆ ਹੈ। ਇਹ ਔਸਤ ਤੋਂ ਦੁੱਗਣਾ ਮੀਂਹ ਪਿਆ ਹੈ। ਦੱਸ ਦੇਈਏ ਕਿ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਤੋਂ ਪਹਿਲਾਂ ਸ਼ਹਿਰ ਦਾ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ ਸੀ ਪਰ ਫਿਰ ਬਾਰਿਸ਼ ਹੋ ਗਈ
Trending Photos
Chandigarh Weather News: ਮਈ ਮਹੀਨੇ ਵਿੱਚ ਅਕਸਰ ਧੁੱਪ ਬਹੁਤ ਤੇਜ਼ ਹੁੰਦੀ ਹੈ ਅਤੇ ਇਸ ਨਾਲ ਲੋਕ ਪਰੇਸ਼ਾਨ ਹੋ ਜਾਂਦੇ ਹਨ ਪਰ ਇਸ ਸਾਲ ਅਜਿਹਾ ਨਹੀਂ ਹੈ। ਇਸ ਵਾਰ ਮਈ ਮਹੀਨੇ ਵਿਚ ਵੀ ਬਾਰਿਸ਼ ਨੇ ਤਪਦੀ ਗਰਮੀ ਤੋਂ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਹੈ। ਸੋਮਵਾਰ ਦੇਰ ਸ਼ਾਮ ਅਚਾਨਕ ਤੇਜ਼ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਤਾਪਮਾਨ ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬਾਰਸ਼ ਕਾਰਨ ਤਾਪਮਾਨ 24 ਡਿਗਰੀ ਉਤੇ ਪਹੁੰਚ ਗਿਆ। ਦੂਜੇ ਪਾਸੇ ਚੰਡੀਗੜ੍ਹ 'ਚ ਸੋਮਵਾਰ ਸ਼ਾਮ ਬਾਰਿਸ਼ ਨੇ ਪਿਛਲੇ ਦੋ ਸਾਲਾਂ ਦਾ ਰਿਕਾਰਡ ਤੋੜ ਦਿੱਤਾ।
ਕੁਝ ਘੰਟਿਆਂ ਵਿੱਚ 27.9 ਮਿਲੀਮੀਟਰ ਮੀਂਹ ਪਿਆ, ਜੋ ਪਿਛਲੇ ਦੋ ਸਾਲਾਂ ਵਿੱਚ ਮਈ ਮਹੀਨੇ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੀਂਹ ਹੈ। ਵੈਸਟਰਨ ਡਿਸਟਰਬੈਂਸ ਕਾਰਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ 'ਚ ਮੀਂਹ ਪਿਆ ਹੈ। ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ।
ਮੌਸਮ ਵਿਭਾਗ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਸੀ ਪਰ ਦੁਪਹਿਰ ਤੱਕ ਧੁੱਪ ਨਿਕਲੀ ਰਹੀ। ਤਿੰਨ ਵਜੇ ਦੇ ਕਰੀਬ ਮੌਸਮ ਵਿੱਚ ਅਚਾਨਕ ਬਦਲਾਅ ਆਉਣਾ ਸ਼ੁਰੂ ਹੋ ਗਿਆ ਅਤੇ ਸ਼ਾਮ ਚਾਰ ਵਜੇ ਦੇ ਕਰੀਬ ਕਾਲੇ ਬੱਦਲਾਂ ਨੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਢੱਕ ਲਿਆ। ਕਰੀਬ ਇੱਕ ਘੰਟੇ ਬਾਅਦ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ।
ਸ਼ਾਮ ਕਰੀਬ 6.30 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਮੀਂਹ ਜਾਰੀ ਰਿਹਾ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਕਿ ਚੰਡੀਗੜ੍ਹ ਵਿੱਚ ਰਾਤ ਸਾਢੇ 9 ਵਜੇ ਤੱਕ 27.9 ਮਿਲੀਮੀਟਰ ਮੀਂਹ ਪਿਆ। ਇਹ ਮੀਂਹ ਪਿਛਲੇ ਦੋ ਸਾਲਾਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਹੈ, ਕਿਉਂਕਿ 23 ਮਈ 2022 ਨੂੰ 11.5 ਮਿਲੀਮੀਟਰ ਅਤੇ 14 ਮਈ 2021 ਨੂੰ 31.8 ਮਿਲੀਮੀਟਰ ਮੀਂਹ ਪਿਆ ਸੀ।
ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਅਗਲੇ 4 ਦਿਨਾਂ 'ਚ ਭਾਰੀ ਮੀਂਹ (heavy rain fall) ਦੀ ਸੰਭਾਵਨਾ ਜ਼ਾਹਿਰ ਕੀਤੀ ਸੀ। ਪੰਜਾਬ 'ਚ ਅੱਜ ਵੀ ਸੂਬੇ ਦੇ 11 ਜ਼ਿਲਿਆਂ 'ਚ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਅਨੁਸਾਰ ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ ਮੀਂਹ ਅਤੇ ਬਿਜਲੀ ਦੇ ਦੌਰਾਨ ਦਰੱਖਤਾਂ ਦੇ ਹੇਠਾਂ ਖੜ੍ਹੇ ਨਾ ਹੋਵੋ ਅਤੇ ਨਾ ਹੀ ਖੇਤਾਂ ਵਿੱਚ ਕੰਮ ਕਰੋ।