Khanna Clash: ਬਿਲਾਸਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਸਜੀਪੀਸੀ ਅਤੇ ਡੇਰਾ ਮਹੰਤ ਪ੍ਰਬੰਧਕਾਂ ਵਿੱਚ ਖੂਨੀ ਝੜਪ ਹੋਈ।
Trending Photos
Khanna Clash: ਖੰਨਾ ਦੇ ਥਾਣਾ ਦੋਰਾਹਾ ਦੇ ਪਿੰਡ ਬਿਲਾਸਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਸਜੀਪੀਸੀ ਅਤੇ ਡੇਰਾ ਮਹੰਤ ਪ੍ਰਬੰਧਕਾਂ ਵਿੱਚ ਖੂਨੀ ਝੜਪ ਹੋਈ। ਐਸਜੀਪੀਸੀ ਵਾਲੇ ਜ਼ਮੀਨ ਉਤੇ ਕਬਜ਼ਾ ਲੈਣ ਆਏ ਤਾਂ ਪ੍ਰਬੰਧਕਾਂ ਨੇ ਵਿਰੋਧ ਕਰ ਦਿੱਤਾ। ਇਸ ਦੌਰਾਨ ਵਿਵਾਦ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਵਿਚਾਲੇ ਕ੍ਰਿਪਾਨਾਂ ਚੱਲ ਗਈਆਂ। ਦੋਵੇਂ ਧਿਰਾਂ ਦੇ ਇੱਕ ਦਰਜ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਐਸਜਪੀਸੀ ਦੇ ਵਧੀਕ ਸਕੱਤਰ ਵਿਜੈ ਸਿੰਘ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ।
20 ਏਕੜ ਤੋਂ ਜ਼ਿਆਦਾ ਜ਼ਮੀਨ ਦਾ ਵਿਵਾਦ
ਜਾਣਕਾਰੀ ਅਨੁਸਾਰ ਬਿਲਾਸਪੁਰ ਵਿੱਚ 20 ਏਕੜ ਤੋਂ ਜ਼ਿਆਦਾ ਜ਼ਮੀਨ ਹੈ। ਡੇਰਾ ਮਹੰਤ ਪ੍ਰਬੰਧਕ ਇਸ ਨੂੰ ਆਪਣੀ ਜ਼ਮੀਨ ਦੱਸ ਰਹੇ ਹਨ ਅਤੇ ਐਸਜੀਪੀਸੀ ਇਸ ਨੂੰ ਗੁਰੂ ਘਰ ਦੀ ਜ਼ਮੀਨ ਹੋਣ ਦਾ ਦਾਅਵਾ ਕਰ ਰਹੀ ਹੈ। ਇਸ ਨੂੰ ਲੈ ਕੇ ਹਾਈ ਕੋਰਟ ਵਿੱਚ ਕੇਸ ਵੀ ਚੱਲ਼ ਰਿਹਾ ਹੈ। ਅੱਜ ਐਸਜੀਪੀਸੀ ਵਧੀਕ ਸਕੱਤਰ ਵਿਜੈ ਸਿੰਘ ਆਪਣੀ ਫੋਰਸ ਸਮੇਤ ਜ਼ਮੀਨ ਉਤੇ ਕਬਜ਼ਾ ਲੈਣ ਆਏ ਤਾਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ।
ਜ਼ਮੀਨ ਸਾਡੀ ਹੈ, ਟਰੈਕਟਰ ਚਲਾਉਣ ਆਏ ਸੀ
ਵਧੀਕ ਸਕੱਤਰ ਵਿਜੇ ਸਿੰਘ ਨੇ ਕਿਹਾ ਕਿ ਜ਼ਮੀਨ ਦੇ ਕਬਜ਼ੇ ਦਾ ਕੋਈ ਮੁੱਦਾ ਨਹੀਂ ਹੈ। ਜ਼ਮੀਨ ਗੁਰੂ ਘਰ ਦੀ ਹੈ। ਉਹ ਆਪਣੀ ਜ਼ਮੀਨ ਟਰੈਕਟਰ ਨਾਲ ਵਾਹਣ ਆਏ ਸਨ। ਉੱਥੇ ਪਹਿਲਾਂ ਤੋਂ ਤਿਆਰ ਕੁਝ ਲੋਕਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ 'ਤੇ ਪੈਟਰੋਲ ਬੰਬ ਸੁੱਟੇ ਗਏ। ਸ਼੍ਰੋਮਣੀ ਕਮੇਟੀ ਦੇ ਕਈ ਸੇਵਾਦਾਰ ਜ਼ਖ਼ਮੀ ਹੋ ਗਏ। ਉਂਗਲਾਂ ਹੱਥ ਤੋਂ ਵੱਖ ਹੋ ਗਈਆਂ। ਕਿਸੇ ਦੀ ਬਾਂਹ 'ਤੇ ਕੱਟ ਲੱਗ ਗਿਆ।
SGPC ਵਾਲੇ ਧੱਕੇ ਨਾਲ ਕਬਜ਼ਾ ਕਰਨ ਆਏ
ਡੇਰਾ ਮਹੰਤ ਦੇ ਕਰਨਦੀਪ ਨੇ ਦੱਸਿਆ ਕਿ ਇਹ ਕਰੀਬ ਦੋ ਸੌ ਸਾਲ ਪੁਰਾਣੀ ਜ਼ਮੀਨ ਹੈ ਜੋ ਰਾਜੇ ਮਹਾਰਾਜੇ ਨੇ ਆਪਣੇ ਬਜ਼ੁਰਗਾਂ ਨੂੰ ਦਾਨ ਕੀਤੀ ਸੀ। ਸਾਲ 1960 ਤੋਂ ਇਸ ਧਰਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਨਾਲ ਜੋੜਿਆ ਜਾਣ ਲੱਗਾ। ਇਸ ਸਬੰਧੀ ਲੰਬੇ ਸਮੇਂ ਤੋਂ ਕੇਸ ਚੱਲ ਰਹੇ ਹਨ। ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਕਿਸੇ ਅਦਾਲਤ ਨੇ SGPC ਦਾ ਕਬਜ਼ਾ ਲੈਣ ਦੇ ਹੁਕਮ ਜਾਰੀ ਨਹੀਂ ਕੀਤੇ।
ਅੱਜ ਐਸਜੀਪੀਸੀ ਦੇ ਲੋਕ ਹਥਿਆਰਾਂ ਅਤੇ ਟਰੈਕਟਰਾਂ ਨਾਲ ਜਬਰੀ ਜ਼ਮੀਨ ਵਿੱਚ ਦਾਖਲ ਹੋ ਗਏ। ਵਿਰੋਧ ਕਰਨ 'ਤੇ ਉਨ੍ਹਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਸ ਦੇ ਕਈ ਬੰਦੇ ਜ਼ਖ਼ਮੀ ਹੋ ਗਏ। ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।